ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਨਗਰ ਨਿਗਮ ਕਮਿਸ਼ਨਰ ਨੂੰ ਨਾਲ ਲੈਕੇ ਕਲੋਨੀਆਂ ਦਾ ਦੌਰਾ

1 min read
ਪਟਿਆਲਾ, 15 ਜੂਨ:
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਨਗਰ ਨਿਗਮ ਕਮਿਸ਼ਨਰ ਅਦਿੱਤਿਆ ਡੇਚਲਵਾਲ ਨੂੰ ਨਾਲ ਲੈਕੇ ਪਟਿਆਲਾ ਦਿਹਾਤੀ ਹਲਕੇ ਦੇ ਦਰਜਨ ਦੇ ਕਰੀਬ ਮੁਹੱਲਿਆਂ ਦਾ ਦੌਰਾ ਕਰਕੇ ਚੱਲ ਰਹੇ ਵਿਕਾਸ ਕਾਰਜਾਂ ਤੇ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਆਪਣੀ ਟੀਮਾ ਨਾਲ ਵੱਖ-ਵੱਖ ਕਲੋਨੀਆਂ ਵਿੱਚ ਦੌਰਾ ਕਰਦਿਆਂ ਇੱਥੇ ਸੜਕਾਂ ਤੇ ਡਰੇਨੇਜ਼ ਸਿਸਟਮ ਦਾ ਜਾਇਜ਼ਾ ਲੈਕੇ ਲੋਕਾਂ ਨਾਲ ਗੱਲਬਾਤ ਵੀ ਕੀਤੀ ਤੇ ਕਿਹਾ ਕਿ ਪੰਜਾਬ ਸਰਕਾਰ ਇਸ ਗੱਲੋਂ ਵਚਨਬੱਧ ਹੈ ਕਿ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਸਮਾਂਬੱਧ ਨਿਪਟਾਰਾ ਕੀਤਾ ਜਾਵੇ।
ਸਿਹਤ ਮੰਤਰੀ ਨੇ ਫ਼ੁਲਕੀਆਂ ਇਨਕਲੇਵ, ਅਨੰਦ ਨਗਰ ਏ ਤੇ ਬੀ, ਰਣਜੀਤ ਨਗਰ, ਫਰੈਂਡਸ ਇਨਕਲੇਵ, ਕੋਹਿਨੂਰ ਇਨਕਲੇਵ, ਗੋਬਿੰਦ ਬਾਗ, ਹੀਰਾ ਨਗਰ, ਪੁਰਾਣਾ ਬਿਸ਼ਨ ਨਗਰ, ਨਿਊ ਬਿਸ਼ਨ ਨਗਰ, ਦੀਨ ਦਿਆਲ ਉਪਾਧਿਆ ਨਗਰ ਤੇ ਹੋਰ ਕਲੋਨੀਆਂ ਵਿਖੇ ਸਥਾਨਕ ਵਸਨੀਕਾਂ ਨਾਲ ਮੁਲਾਕਾਤ ਕਰਕੇ ਚੱਲ ਰਹੇ ਕੰਮਾਂ ਦੀ ਫੀਡਬੈਕ ਵੀ ਹਾਸਲ ਕੀਤੀ। ਉਨ੍ਹਾਂ ਨੇ ਕਿਹਾ ਕਿ ਲੰਘੇ ਵਰ੍ਹੇ ਹੜ੍ਹਾਂ ਕਰਕੇ ਹੋਏ ਨੁਕਸਾਨ ਦੇ ਮੱਦੇਨਜ਼ਰ ਇਨ੍ਹਾਂ ਕਲੋਨੀਆਂ ਨੂੰ ਹੜ੍ਹਾਂ ਵਰਗੀ ਸਥਿਤੀ ਤੋਂ ਬਚਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਡਾ. ਬਲਬੀਰ ਸਿੰਘ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਪਿਛਲੀ ਵਾਰ ਬਰਸਾਤ ਤੇ ਹੜ੍ਹਾਂ ਦੌਰਾਨ ਪਛਾਣ ਕੀਤੀਆਂ ਥਾਵਾਂ ਵਿੱਚੋਂ ਪਾਣੀ ਦੀ ਨਿਕਾਸੀ ਤੇ ਹੜ੍ਹਾਂ ਤੋਂ ਬਚਾਅ ਦੇ ਪ੍ਰਬੰਧ ਸਮੇਂ ਸਿਰ ਮੁਕੰਮਲ ਕਰ ਲਏ ਜਾਣ। ਉਨ੍ਹਾਂ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਮੁਤਾਬਕ ਚੋਣਾਂ ਕਰਕੇ ਰੁਕੇ ਸਾਰੇ ਕੰਮ ਤੇਜੀ ਨਾਲ ਮੁਕੰਮਲ ਕੀਤੇ ਜਾਣਗੇ।
ਸਿਹਤ ਮੰਤਰੀ ਦੇ ਇਸ ਦੌਰੇ ਦੌਰਾਨ ਕਰਨਲ ਜੇ.ਵੀ., ਨਗਰ ਨਿਗਮ ਦੇ ਐਕਸੀਐਨ ਗੁਰਜੀਤ ਸਿੰਘ ਵਾਲੀਆ, ਸਥਾਨਕ ਆਗੂ ਚਰਨਜੀਤ ਸਿੰਘ ਐਸ.ਕੇ., ਦਵਿੰਦਰ ਕੌਰ, ਮਨਜੀਤ ਸਿੰਘ ਵਿਰਦੀ, ਮੋਹਿਤ ਕੁਮਾਰ, ਸੰਤੋਖ ਸਿੰਘ ਸ਼ੋਕੀ, ਜਤਿੰਦਰ ਕੌਰ ਐਸ.ਕੇ, ਕਮਲਜੀਤ ਸਿੰਘ, ਇਨਾਇਤ ਅਲੀ ਤੇ ਹੋਰ ਮੌਜੂਦ ਸਨ।

You May Also Like

More From Author

+ There are no comments

Add yours