ਪਟਿਆਲਾ ਜ਼ਿਲ੍ਹੇ ਨੂੰ ਹਰਿਆ ਭਰਿਆ ਬਣਾਉਣ ਲਈ 11 ਲੱਖ ਬੂਟੇ ਲਗਾਏ ਜਾਣਗੇ

0 min read

ਪਟਿਆਲਾ, 14 ਜੂਨ:
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ਼ ਸੁਥਰਾ ਵਾਤਾਵਰਣ ਸਿਰਜਣ ਲਈ ਲਗਾਤਾਰ ਬੂਟੇ ਲਗਾਉਣ ਦੀ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਤਹਿਤ ਹੁਣ ਜ਼ਿਲ੍ਹੇ ਅੰਦਰ ਬਰਸਾਤੀ ਸੀਜ਼ਨ ਦੌਰਾਨ 11 ਲੱਖ ਬੂਟੇ ਲਗਾਉਣ ਲਈ ਕੰਮ ਸ਼ੁਰੂ ਕੀਤਾ ਗਿਆ ਹੈ।
ਇਸ ਸਬੰਧੀ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਬੈਠਕ ਕਰਦਿਆਂ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਕਿਹਾ ਕਿ ਮੌਨਸੂਨ ਸੀਜ਼ਨ ਵਿੱਚ ਜ਼ਿਲ੍ਹੇ ਅੰਦਰ 11 ਲੱਖ ਬੂਟੇ ਲਗਾਉਣ ਦੀ ਮੁਹਿੰਮ ਪੂਰੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਬੂਟੇ ਲਗਾਉਣ ਲਈ ਸਕੂਲਾਂ, ਕਾਲਜਾਂ, ਅਨਾਜ ਮੰਡੀਆਂ, ਹਸਪਤਾਲਾਂ, ਪਿੰਡਾਂ ਦੀਆਂ ਫਿਰਨੀਆਂ ਤੇ ਛੱਪੜਾਂ ਦੇ ਆਲੇ ਦੁਆਲੇ ਸਮੇਤ ਜਨਤਕ ਸਥਾਨਾਂ ਦੀ ਚੋਣ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਵਿੱਚ ਸਮਾਜ ਸੇਵੀ ਜਥੇਬੰਦੀਆਂ ਅਤੇ ਸਕੂਲੀ ਵਿਦਿਆਰਥੀਆਂ ਨੂੰ ਵੀ ਨਾਲ ਜੋੜਿਆ ਜਾਵੇ।
ਸ਼ੌਕਤ ਅਹਿਮਦ ਪਰੇ ਨੇ ਕਿਹਾ ਕਿ ਪਟਿਆਲਾ ਜ਼ਿਲ੍ਹੇ ਦੀਆਂ ਘੱਟੋ ਘੱਟ 400 ਪੰਚਾਇਤਾਂ ਵਿੱਚ 1 ਕਨਾਲ ਪ੍ਰਤੀ ਪੰਚਾਇਤ ਦੇ ਹਿਸਾਬ ਨਾਲ ਬੂਟੇ ਲਗਵਾਏ ਜਾਣਗੇ। ਜਦਕਿ ਸਿੱਖਿਆ ਵਿਭਾਗ ਵੱਲੋਂ ਹਰੇਕ ਵਿਦਿਆਰਥੀ ਨੂੰ ਇੱਕ ਬੂਟਾ ਲਗਾਉਣ ਦੇ ਉਸ ਦੀ ਸਾਂਭ ਸੰਭਾਲ ਕਰਨ ਲਈ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਮੀਆਂਵਾਕੀ ਤਕਨੀਕ ਨਾਲ ਛੋਟੇ ਜੰਗਲ ਸਥਾਪਤ ਕੀਤੇ ਜਾਣ ਜਿਸ ਨਾਲ ਘੱਟ ਰਕਬੇ ਵਿੱਚ ਜ਼ਿਆਦਾ ਬੂਟੇ ਲਗਾਏ ਜਾ ਸਕਦੇ ਹਨ।
ਉਨ੍ਹਾਂ ਖੇਤੀਬਾੜੀ ਵਿਭਾਗ ਨੂੰ ਜ਼ਿਲ੍ਹੇ ‘ਚ 73 ਹਜ਼ਾਰ ਤੋਂ ਵੱਧ ਟਿਊਬਵੈੱਲਾਂ ‘ਤੇ ਤਿੰਨ ਤਿੰਨ ਬੂਟੇ ਲਗਾਉਣ ਦੀ ਮੁਹਿੰਮ ਚਲਾਉਣ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚ ਬੂਟੇ ਲਗਾਉਣ ਲਈ 60 ਰੁਪਏ ਪ੍ਰਤੀ ਬੂਟਾ ਦੇ ਹਿਸਾਬ ਨਾਲ ਦਿੱਤੀ ਜਾਦੀ ਰਾਸ਼ੀ ਸਬੰਧੀ ਵੀ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇ।  ਉਨ੍ਹਾਂ ਕਿਹਾ ਕਿ ਪਟਿਆਲਾ ਜ਼ਿਲ੍ਹੇ ਦੇ ਵਸਨੀਕਾਂ ਨੂੰ ਆਈ ਹਰਿਆਲੀ ਐਪ ਰਾਹੀਂ ਮੁਫ਼ਤ ਦਿੱਤੇ ਜਾਂਦੇ ਬੂਟਿਆਂ ਸਬੰਧੀ ਵੀ ਜਾਗਰੂਕ ਕੀਤਾ ਜਾਵੇ ਤਾਂ ਜੋ ਵੱਧ ਤੋਂ ਵੱਧ ਬੂਟੇ ਲਗਾਏ ਜਾ ਸਕਣ। ਇਸ ਮੌਕੇ ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਬੂਟੇ ਲਗਾਉਣ ਤੇ ਇਨ੍ਹਾਂ ਦੀ ਸਾਂਭ ਸੰਭਾਲ ਕਰਨ ਲਈ ਸਹਿਯੋਗ ਦਿੱਤਾ ਜਾਵੇ ਤਾਂ ਜੋ ਦੂਸ਼ਿਤ ਹੋਏ ਵਾਤਾਵਰਣ ਨੂੰ ਫੇਰ ਤੋਂ ਸਾਫ਼ ਸੁਥਰਾ ਬਣਾਇਆ ਜਾਵੇ।
ਮੀਟਿੰਗ ‘ਚ ਵਣਪਾਲ ਸਾਊਥ ਸਰਕਲ ਅਜੀਤ ਕੁਲਕਰਨੀ, ਏ.ਡੀ.ਸੀ ਮੈਡਮ ਕੰਚਨ, ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਮਨੀਸ਼ਾ ਰਾਣਾ, ਐਸ.ਪੀ. ਹਰਵੰਤ ਕੌਰ, ਵਣ ਮੰਡਲ ਅਫ਼ਸਰ ਰਾਕੇਸ਼ ਗੁਲਹਾਟੀ, ਐਚ.ਪੀ.ਐਸ.  ਲਾਂਬਾ ਸਮੇਤ ਸਮੂਹ ਵਣ ਰੇਂਜ ਅਫ਼ਸਰ ਤੇ ਸਮੂਹ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

You May Also Like

More From Author

+ There are no comments

Add yours