ਪੀ.ਐਮ.ਐਫ.ਐਮ.ਈ ਸਕੀਮ ਤਹਿਤ ਫੂਡ ਪ੍ਰੋਸੈਸਿੰਗ ਸ਼ੁਰੂ ਕਰਨ ਦਾ ਮੌਕਾ, 9 ਫਰਵਰੀ ਨੂੰ ਲੱਗੇਗਾ ਜਾਗਰੂਕਤਾ ਕੈਂਪ

1 min read

ਪਟਿਆਲਾ, 8 ਫਰਵਰੀ (ਆਪਣਾ ਪੰਜਾਬ ਡੈਸਕ):
ਜਨਰਲ ਮੈਨੇਜਰ, ਜ਼ਿਲ੍ਹਾ ਉਦਯੋਗ ਕੇਂਦਰ, ਪਟਿਆਲਾ ਅੰਗਦ ਸਿੰਘ ਸੋਹੀ ਨੇ ਦੱਸਿਆ ਕਿ ਪੀ.ਐਮ ਫਾਰਮਲਾਈਜੇਸ਼ਨ ਆਫ਼ ਮਾਈਕਰੋ ਫੂਡ ਪ੍ਰੋਸੈਸਿੰਗ ਐਂਟਰਪ੍ਰਾਈਜਿਜ (ਪੀ.ਐਮ.ਐਫ.ਐਮ.ਈ) ਸਕੀਮ ਸਬੰਧੀ ਜਾਗਰੂਕਤਾ ਲਈ 9 ਫਰਵਰੀ ਨੂੰ ਪਟਿਆਲਾ ਚੈਂਬਰ ਆਫ ਇੰਡਸਟਰੀਜ਼, ਚੈਂਬਰ ਹਾਲ, ਸੀ-109, ਫੋਕਲ ਪੁਆਇੰਟ ਪਟਿਆਲਾ ਵਿਖੇ ਜਾਗਰੂਕਤਾ ਕੈਂਪ ਲਗਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਇਹ ਸਕੀਮ ਭਾਰਤ ਸਰਕਾਰ ਦੇ ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ ਵੱਲੋਂ ਜੂਨ 2020 ਵਿੱਚ ਸ਼ੁਰੂ ਕੀਤੀ ਗਈ ਸੀ ਜਿਸ ਦਾ ਬਜਟ 10 ਹਜ਼ਾਰ ਕਰੋੜ ਰੁਪਏ ਹੈ, ਜੋ 5 ਸਾਲਾਂ ਭਾਵ, 2020-2025 ਲਈ ਖਰਚ ਕੀਤਾ ਜਾ ਰਿਹਾ ਹੈ। ਸਕੀਮ ਦਾ ਉਦੇਸ਼ ਮਾਈਕਰੋ ਫੂਡ ਪ੍ਰੋਸੈਸਿੰਗ ਉੱਦਮਾਂ ਦੀ ਮੁਕਾਬਲੇਬਾਜ਼ੀ ਨੂੰ ਵਧਾਉਣਾ ਅਤੇ ਸੈਕਟਰ ਨੂੰ ਉਤਸ਼ਾਹਿਤ ਕਰਨਾ ਹੈ। ਇਹ ਸਕੀਮ ਪੂੰਜੀ ਨਿਵੇਸ਼ ’ਤੇ 35 ਫ਼ੀਸਦੀ ਦੀ ਦਰ ਨਾਲ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਇਸ ਸਕੀਮ ਦੀ ਰਾਜ ’ਚ ਨੋਡਲ ਏਜੰਸੀ ਹੈ। ਸੂਬੇ ਅੰਦਰ 1967 ਤੋਂ ਵੱਧ ਮਾਈਕਰੋ ਫੂਡ ਪ੍ਰੋਸੈਸਿੰਗ ਉੱਦਮਾਂ (ਮੌਜੂਦਾ ਅਤੇ ਨਵੇਂ ਦੋਵੇਂ) ਨੂੰ ਹੁਣ ਤੱਕ 170 ਕਰੋੜ ਰੁਪਏ ਦੀ ਪੂੰਜੀ ਸਬਸਿਡੀ ਲਈ ਮਨਜ਼ੂਰ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਛੁੱਕ ਉੱਦਮੀਆਂ, ਨੌਜਵਾਨਾਂ ਆਦਿ ਨੂੰ ਸਕੀਮ, ਇਸ ਦੇ ਲਾਭ ਆਦਿ ਬਾਰੇ ਜਾਗਰੂਕ ਕਰਨ ਲਈ, ਭਲਕੇ 9 ਫਰਵਰੀ ਨੂੰ ਜਾਗਰੂਕਤਾ ਕੈਂਪ ਰਾਹੀ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਫੂਡ ਪ੍ਰੋਸੈਸਿੰਗ ਉਦਯੋਗਾਂ/ਕਿਸਾਨਾਂ/ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਕੀਮ ਦਾ ਲਾਭ ਲੈਣ ਲਈ ਅੱਗੇ ਆਉਣ ਅਤੇ ਆਪਣੇ ਖੁਦ ਦੇ ਕਾਰੋਬਾਰੀ ਉੱਦਮ ਸਥਾਪਤ ਕਰਨ ਜਾਂ ਆਪਣੀਆਂ ਮੌਜੂਦਾ ਇਕਾਈਆਂ ਨੂੰ ਅਪਗ੍ਰੇਡ ਕਰਨ।

You May Also Like

More From Author

+ There are no comments

Add yours