ਪਿੰਡ ਮੀਰਾਂਪੁਰ ਦਾ ਕਿਸਾਨ ਸੁਖਦੇਵ ਸਿੰਘ ਬਣਿਆਂ ਖੁੰਭਾਂ ਦਾ ਸਫਲ ਕਾਸ਼ਤਕਾਰ

1 min read
ਪਟਿਆਲਾ, 8 ਫਰਵਰੀ (ਆਪਣਾ ਪੰਜਾਬ ਡੈਸਕ):
ਪਟਿਆਲਾ ਜ਼ਿਲ੍ਹੇ ਦੇ ਪਿੰਡ ਮੀਰਾਂਪੁਰ ਦਾ ਕਿਸਾਨ ਸੁਖਦੇਵ ਸਿੰਘ ਜਿੱਥੇ ਪਿਛਲੇ ਕਰੀਬ 13 ਸਾਲਾਂ ਤੋਂ ਪਰਾਲੀ ਨਹੀਂ ਸਾੜ ਰਿਹਾ ਉਥੇ ਹੀ ਉਹ ਇਸ ਪਰਾਲੀ ਦੀ ਵਰਤੋਂ ਖੁੰਭਾਂ ਦੀ ਕਾਸ਼ਤ ਲਈ ਕਰਕੇ ਹੋਰਨਾਂ ਕਿਸਾਨਾਂ ਲਈ ਵੀ ਰਾਹ ਦਸੇਰਾ ਬਣਿਆਂ ਹੋਇਆ ਹੈ।
ਪੰਜਾਬ ਸਰਕਾਰ ਦੇ ਖੇਤੀ ਵਿਭਿੰਨਤਾ ਪ੍ਰੋਗਰਾਮ ਅਧੀਨ ਕ੍ਰਿਸ਼ੀ ਵਿਗਿਆਨ ਕੇਂਦਰ ਰੌਣੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਡਾਇਰੈਕਟੋਰੇਟ ਆਫ ਮਸ਼ਰੂਮ ਰਿਸਰਚ ਸੋਲਨ ਤੋਂ ਖੁੰਭਾਂ ਉਗਾਉਣ ਦੀ ਸਿਖਲਾਈ ਹਾਸਲ ਕਰਕੇ ਖੁੰਭਾਂ ਦੀ ਸੀਜ਼ਨਲ ਖੇਤੀ ਕਰਕੇ ਅਤੇ ਯੂਨੀਵਰਸਿਟੀ ਤੇ ਪੰਜਾਬ ਸਰਕਾਰ ਦੇ ਕਈ ਅਵਾਰਡ ਜੇਤੂ ਅਗਾਂਹਵਧੂ ਕਿਸਾਨ ਲਾਭ ਲੈਣ ਵਿੱਚ ਸਫ਼ਲ ਹੋਇਆ ਹੈ।
13 ਸਾਲ ਪਹਿਲਾਂ ਸੁਖਦੇਵ ਸਿੰਘ ਨੇ ਬਾਂਸਾਂ ਦੀਆਂ 2 ਝੁੱਗੀਆਂ ਤੋਂ ਆਪਣਾ ਕੰਮ ਸ਼ੁਰੂ ਕੀਤਾ ਸੀ ਅਤੇ ਹੁਣ ਕਰੀਬ 3 ਏਕੜ ਜਮੀਨ ‘ਚ ਬਾਂਸ ਤੋਂ ਬਣੀਆਂ 80 ਕੱਚੀਆਂ ਝੁੱਗੀਆਂ ਪਾ ਕੇ ਪੈਦਾ ਕੀਤੀ ਖੁੰਭ ਨੂੰ ਲੁਧਿਆਣਾ ਤੇ ਜਲੰਧਰ ਮੰਡੀ ‘ਚ ਵੇਚਕੇ ਚੰਗਾ ਮੁਨਾਫ਼ਾ ਕਮਾ ਰਿਹਾ ਹੈ। ਉਸਨੇ ਦੱਸਿਆ ਕਿ ਉਹ ਆਪਣੀ 9 ਏਕੜ ਜਮੀਨ ਦੀ ਪਰਾਲੀ ਤਾਂ ਇਸ ਖੁੰਭ ਫਾਰਮ ਲਈ ਵਰਤ ਹੀ ਰਿਹਾ ਹੈ ਸਗੋਂ ਨੇੜਲੇ ਕਿਸਾਨਾਂ ਦੇ ਖੇਤਾਂ ਦੀ ਪਰਾਲੀ ਵੀ ਲੈ ਕੇ ਖੁੰਭਾਂ ਦੀ ਕਾਸ਼ਤ ਲਈ ਵਰਤ ਰਿਹਾ ਹੈ, ਕਿਉਂਕਿ 1 ਸ਼ੈਡ ‘ਚ 60 ਕੁਇੰਟਲ ਕੰਪੋਸਟ ਲੱਗ ਜਾਂਦੀ ਹੈ ਤੇ ਇਸ ਤੋਂ ਕਰੀਬ 30 ਕੁਇੰਟਲ ਔਸਤ ਖੁੰਭ ਪੈਦਾ ਹੁੰਦੀ ਹੈ। ਉਸਨੇ ਦੱਸਿਆ ਕਿ ਉਸ ਦੇ ਫਾਰਮ ਵਿੱਚ 8 ਤੋਂ 10 ਲੋਕਾਂ ਨੂੰ ਪੱਕਾ ਰੋਜ਼ਗਾਰ ਵੀ ਮਿਲ ਰਿਹਾ ਹੈ।
ਸੁਖਦੇਵ ਸਿੰਘ ਮੁਤਾਬਕ ਉਹ ਅਗਸਤ ‘ਚ ਆਪਣਾ ਕੰਮ ਸ਼ੁਰੂ ਕਰ ਦਿੰਦਾ ਹੈ ਅਤੇ ਅਕਤੂਬਰ-ਨਵੰਬਰ ‘ਚ ਕਾਸ਼ਤ ਪੂਰੇ ਜੋਬਨ ‘ਤੇ ਹੁੰਦੀ ਹੈ ਅਤੇ ਇਹ ਕੰਮ ਮਾਰਚ ਮਹੀਨੇ ਤੱਕ ਚੱਲਦਾ ਹੈ ਅਤੇ ਇੱਕ ਕਿਲੋ ਖੁੰਭਾਂ ‘ਤੇ ਕਰੀਬ 40 ਰੁਪਏ ਲਾਗਤ ਆਉਂਦੀ ਹੈ ਪਰ ਇਸ ਦੀ ਬਾਜ਼ਾਰ ਵਿੱਚ ਕੀਮਤ 90 ਰੁਪਏ ਤੋਂ 110 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਜਾਂਦੀ ਹੈ ਜਦੋਂਕਿ ਵਿਆਹ ਸ਼ਾਦੀਆਂ ਦੇ ਸਮੇਂ ਖੁੰਭਾਂ ਦੀ ਕੀਮਤ 150 ਰੁਪਏ ਪ੍ਰਤੀ ਕਿਲੋਗ੍ਰਾਮ ਵੀ ਹੋ ਜਾਂਦੀ ਹੈ। ਉਸ ਮੁਤਾਬਕ ਜਿਸ ਨਾਲ ਖਰਚੇ ਕੱਢ ਕੇ ਚੰਗੀ ਆਮਦਨ ਹੋ ਜਾਂਦੀ ਹੈ ਅਤੇ ਮਾਰਕੀਟਿੰਗ ਦੀ ਵੀ ਕੋਈ ਸਮੱਸਿਆ ਨਹੀਂ ਹੈ।
ਸੁਖਦੇਵ ਸਿੰਘ ਨੇ ਕਿਹਾ ਕਿ ਖੁੰਬਾਂ ਦੀ ਕਾਸ਼ਤ ਕਰਨ ਲਈ ਵਧੇਰੇ ਜਗ੍ਹਾਂ ਦੀ ਲੋੜ ਨਹੀਂ ਪੈਂਦੀ ਅਤੇ ਸਰਦੀਆਂ ਵਿੱਚ ਬਾਂਸ ਦੀਆਂ ਝੋਪੜੀਆਂ ਬਣਾ ਕੇ ਕਾਸ਼ਤ ਕੀਤੀ ਜਾ ਸਕਦੀ ਹੈ। ਜਿਸ ਨਾਲ ਖੁੰਬ ਉਤਪਾਦਕ ਸੀਜ਼ਨਲ ਖੁੰਬਾਂ ਦੀ ਫਸਲ ਲੈ ਸਕਦੇ ਹਨ। ਉਸਨੇ ਦੱਸਿਆ ਕਿ ਖੁੰਭਾਂ ਦੀ ਕਾਸ਼ਤ ਲਈ ਪਹਿਲਾਂ ਦੇਸੀ ਰੂੜੀ ਤਿਆਰ ਕਰਦਾ ਹੈ ਤੇ ਫਿਰ ਚੰਗੀ ਨਸਲ ਦੀ ਖੁੰਭ ਦਾ ਬੀਜ ਬੀਜਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਖੁੰਭਾਂ ਖੁਰਾਕੀ ਤੱਤਾਂ ਦਾ ਖਜ਼ਾਨਾ ਹੈ ਅਤੇ ਇਸ ਨੂੰ ਹਰ ਉਮਰ ਵਰਗ ਦਾ ਇਨਸਾਨ ਆਪਣੀ ਰੋਜ਼ਾਨਾਂ ਖੁਰਾਕ ਦਾ ਹਿੱਸਾ ਬਣਾ ਸਕਦਾ ਹੈ।
ਸੁਖਦੇਵ ਸਿੰਘ ਨੇ ਕਿਹਾ ਕਿ ਕ੍ਰਿਸ਼ੀ ਵਿਗਿਆਨ ਕੇਂਦਰ ਰੌਣੀ ਤੋਂ ਉਸਨੂੰ ਹਰ ਤਰ੍ਹਾਂ ਦੀ ਤਕਨੀਕੀ ਸਹਾਇਤਾ ਪ੍ਰਾਪਤ ਹੋ ਰਹੀ ਹੈ ਜਦੋਂਕਿ ਬਾਗਬਾਨੀ ਵਿਭਾਗ ਵੱਲੋਂ ਖੁੰਭਾਂ ਦੀ ਕਾਸ਼ਤ ਕਰਨ ਲਈ 55 ਲੱਖ ਰੁਪਏ ਤੱਕ ਦੇ ਕਰਜ਼ੇ ‘ਤੇ 20 ਲੱਖ ਰੁਪਏ ਦੀ ਸਬਸਿਡੀ ਦਿੱਤੀ ਜਾਂਦੀ ਹੈ। ਸਫ਼ਲ ਕਾਸ਼ਤਕਾਰ ਨੇ ਕਿਹਾ ਕਿ ਜੇਕਰ ਕਿਸਾਨ ਇਸ ਧੰਦੇ ਨੂੰ ਖੇਤੀ ਦੇ ਸਹਾਇਕ ਧੰਦੇ ਵਜੋਂ ਅਪਣਾ ਲੈਣ ਤਾਂ ਉਨ੍ਹਾਂ ਦੀ ਆਰਥਿਕਤਾ ਮਜਬੂਤ ਹੋ ਸਕਦੀ ਹੈ।

You May Also Like

More From Author

+ There are no comments

Add yours