LATEST NEWS:2 ਤੇ 3 ਫਰਵਰੀ ਨੂੰ ਖ਼ਾਲਸਾ ਕਾਲਜ ‘ਚ ਪਟਿਆਲਾ ਦੀ ਸ਼ਾਨ ਬਣੇਗਾ ਦੂਜਾ ਮਿਲਟਰੀ ਲਿਟਰੇਚਰ ਫੈਸਟੀਵਲ -ਪਟਿਆਲਾ ਹੈਰੀਟੇਜ ਤੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਪੋਸਟਰ ਜਾਰੀ

1 min read
ਪਟਿਆਲਾ, 24 ਜਨਵਰੀ:
ਪੰਜਾਬ ਸਰਕਾਰ ਵੱਲੋਂ 2 ਤੇ 3 ਫਰਵਰੀ ਨੂੰ ਪਟਿਆਲਾ ਦੇ ਖ਼ਾਲਸਾ ਕਾਲਜ ਵਿਖੇ ਦੂਜਾ ਪਟਿਆਲਾ ਹੈਰੀਟੇਜ ਤੇ ਮਿਲਟਰੀ ਲਿਟਰੇਚਰ ਫੈਸਟੀਵਲ ਕਰਵਾਇਆ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਲੈਫਟੀਨੈਂਟ ਜਨਰਲ (ਰਿਟਾ.) ਚੇਤਿੰਦਰ ਸਿੰਘ, ਏਵੀਐਸਐਮ, ਐਸਐਮ, ਵੀਐਸਐਮ, ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਲੈਫਟੀਨੈਂਟ ਜਨਰਲ (ਰਿਟਾ.) ਡਾ. ਜਗਬੀਰ ਸਿੰਘ ਚੀਮਾ, ਪੀਵੀਐਸਐਮ, ਏਵੀਐਸਐਮ, ਵੀਐਸਐਮ ਅਤੇ ਲੈਫਟੀਨੈਂਟ ਕਰਨਲ (ਰਿਟਾ.) ਪੀਐਸ ਗਰੇਵਾਲ ਨੇ ਪਟਿਆਲਾ ਹੈਰੀਟੇਜ ਤੇ ਮਿਲਟਰੀ ਲਿਟਰੇਚਰ ਫੈਸਟੀਵਲ (ਐਮਐਲਐਫ) ਦਾ ਪੋਸਟਰ ਜਾਰੀ ਕੀਤਾ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਮਿਲਟਰੀ ਲਿਟਰੇਚਰ ਫੈਸਟੀਵਲ ਕਰਵਾਉਣ ਦੇ ਕੀਤੇ ਐਲਾਨ ਦੇ ਮੱਦੇਨਜ਼ਰ ਪਟਿਆਲਾ ਜ਼ਿਲ੍ਹਾ ਦੂਜੀ ਵਾਰ ਮਿਲਟਰੀ ਲਿਟਰੇਚਰ ਫੈਸਟੀਵਲ ਕਰਵਾਉਣ ਵਾਲਾ ਪੰਜਾਬ ਦਾ ਮੋਹਰੀ ਜ਼ਿਲ੍ਹਾ ਬਣ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਹਥਿਆਰਬੰਦ ਸੈਨਾਵਾਂ ਦੀ ਅਮੀਰ ਵਿਰਾਸਤ ਤੋਂ ਜਾਣੂ ਕਰਵਾਉਣ ਅਤੇ ਉਨ੍ਹਾਂ ‘ਚ ਫੌਜ ਵਿੱਚ ਭਰਤੀ ਹੋਣ ਦੀ ਭਾਵਨਾ ਪੈਦਾ ਕਰਨ ਲਈ ਇਹ ਮੇਲਾ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਵਿੱਚ ਰਾਸਟਰਵਾਦ ਅਤੇ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨਾ ਸਮੇਂ ਦੀ ਲੋੜ ਹੈ, ਜਿਸ ਨਾਲ ਉਨ੍ਹਾਂ ਨੂੰ ਹਥਿਆਰਬੰਦ ਸੈਨਾਵਾਂ ਵਿੱਚ ਭਰਤੀ ਹੋਣ ਲਈ ਪ੍ਰੇਰਿਤ ਕੀਤਾ ਜਾ ਸਕੇ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਇਸ ਮਿਲਟਰੀ ਲਿਟਰੇਚਰ ਫੈਸਟੀਵਲ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਲਟਰੀ ਲਿਟਰੇਚਰ ਫੈਸਟੀਵਲ ਮੌਕੇ 2 ਤੇ 3 ਫਰਵਰੀ ਨੂੰ ਖ਼ਾਲਸਾ ਕਾਲਜ ਵਿਖੇ ਸਵੇਰੇ 10 ਤੋਂ ਪੈਨਲ ਚਰਚਾ, ਜੋਸ਼, ਜਜ਼ਬੇ ਅਤੇ ਬਹਾਦਰੀ ਦਾ ਵਰਨਣ, ਫ਼ੌਜੀ ਸਾਜ਼ੋ-ਸਾਮਾਨ ਦੀ ਪ੍ਰਦਰਸ਼ਨੀ, ਯੋਧਿਆਂ ਦੇ ਨ੍ਰਿਤ, ਫੁੱਲ ਮਾਲਾ ਅਰਪਣ ਅਤੇ ਬ੍ਰੇਵ-ਹਾਰਟ ਮੋਟਰਸਾਈਕਲ ਰੈਲੀ, ਵਿੰਟੇਜ ਜੀਪ ਡਿਸਪਲੇਅ ਤੇ ਹੌਰਸ ਸ਼ੋਅ, ਤੀਰ-ਅੰਦਾਜ਼ੀ ਪ੍ਰਦਰਸ਼ਨੀ ਅਤੇ ਮੁਕਾਬਲੇ, ਫ਼ੌਜ, ਆਈ.ਟੀ.ਬੀ.ਪੀ ਅਤੇ ਪੁਲਿਸ ਭਰਤੀ ਬਾਰੇ ਕਾਉਂਸਲਿੰਗ ਅਤੇ ਫ਼ੂਡ ਕੋਰਟ ਵੀ ਸਥਾਪਤ ਕੀਤੇ ਜਾਣਗੇ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਲੋਕਾਂ ਲਈ ਬਹੁਤ ਹੀ ਸਿੱਖਿਆਦਾਇਕ ਫ਼ੈਸਟੀਵਲ ਬਣਨ ਲਈ ਇਹ ਸਮਾਰੋਹ ਪ੍ਰਮੁੱਖ ਫ਼ੌਜੀ ਜੰਗੀ ਨਾਇਕਾਂ, ਲੇਖਕਾਂ, ਨੇਤਾਵਾਂ, ਚਿੰਤਕਾਂ, ਸਿਪਾਹੀਆਂ, ਕਵੀਆਂ, ਕਲਾਕਾਰਾਂ, ਪੱਤਰਕਾਰਾਂ, ਫ਼ਿਲਮਾਂ ਤੇ ਦਸਤਾਵੇਜ਼ੀ ਨਿਰਮਾਤਾਵਾਂ, ਖਿਡਾਰੀਆਂ, ਬਹਾਦਰਾਂ, ਟੈਕਨੋਕ੍ਰੇਟਸ ਅਤੇ ਫ਼ੌਜੀ ਉਦਯੋਗਿਕ ਨਿਰਮਾਤਾਵਾਂ ਨੂੰ ਇੱਕ ਮੰਚ ਪ੍ਰਦਾਨ ਕਰੇਗਾ।ਇਸ ਮੌਕੇ ਏ.ਡੀ.ਸੀਜ ਅਨੁਪ੍ਰਿਤਾ ਜੌਹਲ ਤੇ ਨਵਰੀਤ ਕੌਰ ਸੇਖੋਂ, ਐਸ.ਡੀ.ਐਮ. ਡਾ. ਇਸਮਤ ਵਿਜੇ ਸਿੰਘ ਤੇ ਮੇਲੇ ਦੇ ਨੋਡਲ ਅਫ਼ਸਰ ਚਰਨਜੀਤ ਸਿੰਘ, ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਬਬਨਦੀਪ ਸਿੰਘ ਵਾਲੀਆ, ਪੀ.ਡੀ.ਏ. ਦੇ ਕਾਰਜ ਸਾਧਕ ਅਫ਼ਸਰ ਦੀਪਜੋਤ ਕੌਰ ਤੇ ਸਕੱਤਰ ਆਰਟੀਏ ਨਮਨ ਮਾਰਕੰਨ ਵੀ ਮੌਜੂਦ ਸਨ।

You May Also Like

More From Author

+ There are no comments

Add yours