ਸੁਰੱਖਿਅਤ ਸੜਕੀ ਆਵਾਜਾਈ ਲਈ ਖੇਤਰੀ ਟਰਾਂਸਪੋਰਟ ਅਫ਼ਸਰ ਦੀ ਪ੍ਰਧਾਨਗੀ ਹੇਠ ਬੈਠਕ

1 min read
ਪਟਿਆਲਾ, 7 ਅਕਤੂਬਰ :
ਪੰਜਾਬ ਰੋਡ ਸੇਫ਼ਟੀ ਕਾਉਂਸਿਲ ਦੀ ਲੀਡ ਏਜੰਸੀ ਰੋਡ ਸੇਫਟੀ, ਪੰਜਾਬ ਦੇ ਆਦੇਸ਼ਾਂ ਤਹਿਤ ਪਟਿਆਲਾ ਜ਼ਿਲ੍ਹੇ ਵਿੱਚ ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦਾ ਪੁਨਰ ਗਠਨ ਕੀਤਾ ਜਾ ਰਿਹਾ ਹੈ ਅਤੇ ਜ਼ਿਲ੍ਹੇ ਵਿੱਚ ਸੁਰੱਖਿਅਤ ਸੜਕੀ ਆਵਾਜਾਈ ਲਈ ਲੋਕਾਂ ਨੂੰ ਹੋਰ ਵੀ ਜੋਰਦਾਰ ਢੰਗ ਨਾਲ ਜਾਗਰੂਕ ਕੀਤਾ ਜਾਵੇਗਾ। ਇਹ ਪ੍ਰਗਟਾਵਾ ਪਟਿਆਲਾ ਦੇ ਖੇਤਰੀ ਟਰਾਂਸਪੋਰਟ ਅਫ਼ਸਰ ਨਮਨ ਮੜਕਨ ਨੇ ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੇ ਮੈਂਬਰ ਅਧਿਕਾਰੀਆਂ ਨਾਲ ਬੈਠਕ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਨਵੇਂ ਆਦੇਸ਼ਾਂ ਮੁਤਾਬਕ ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਹੀ ‘ਹਿਟ ਐਂਡ ਰਨ ਮੋਟਰ ਐਕਸੀਡੈਂਟ ਸਕੀਮ-2022 ‘ਚ ਮੁਆਵਜਾ ਦਿਵਾਉਣ ਲਈ ਜ਼ਿਲ੍ਹਾ ਪੱਧਰੀ ਕਮੇਟੀ’ ਹੋਵੇਗੀ।
ਖੇਤਰੀ ਟਰਾਂਸਪੋਰਟ ਅਫ਼ਸਰ ਨੇ ਦੱਸਿਆ ਕਿ ਸੜਕ ਸੁਰੱਖਿਆ ਦੇ ਨਿਯਮਾਂ ਦੀ ਜਾਣਕਾਰੀ ਹਰ ਨਾਗਰਿਕ ਤੱਕ ਪੁੱਜਦੀ ਕਰਨ ਲਈ ਜ਼ਿਲ੍ਹੇ ਦੇ ਸਾਰੇ ਸਕੂਲਾਂ ਵਿੱਚ ਰੋਡ ਸੇਫਟੀ ਦੇ ਨੋਡਲ ਅਫ਼ਸਰ ਲਗਾਉਣ ਦੇ ਨਿਰਦੇਸ਼ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਜਾਰੀ ਕੀਤੇ ਗਏ ਹਨ। ਨਮਨ ਮੜਕਨ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਪਟਿਆਲਾ ਡਾ. ਪ੍ਰੀਤੀ ਯਾਦਵ ਦੀ ਅਗਵਾਈ ਹੇਠ ਜ਼ਿਲ੍ਹੇ ਦਾ ਸਾਲਾਨਾ ਐਕਸ਼ਨ ਪਲਾਨ ਤਿਆਰ ਕੀਤਾ ਜਾਵੇਗ ਤਾਂ ਕਿ ਸੜਕੀ ਹਾਦਸਿਆਂ ਦੀ ਦਰ ਨੂੰ ਜੀਰੋ ‘ਤੇ ਲਿਆਂਦਾ ਜਾਵੇ।
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਸੜ੍ਹਕ ਸੁਰੱਖਿਆ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਨਮਨ ਮੜਕਨ ਨੇ ਲੋਕ ਨਿਰਮਾਣ ਵਿਭਾਗ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਤੇ ਸ਼ਹਿਰ ਵਿੱਚ ਜਿੱਥੇ ਵੀ ਸੜਕੀ ਹਾਦਸਿਆਂ ਦੇ ਬਲੈਕ ਸਪਾਟ ਹਨ, ਉਹ ਤੁਰੰਤ ਠੀਕ ਕੀਤੇ ਜਾਣ ਤਾਂ ਕਿ ਹਾਦਸਿਆਂ ਕਰਕੇ ਕੀਮਤੀ ਮਨੁੱਖੀ ਜਾਨਾਂ ਅਜਾਂਈ ਨਾ ਜਾਣ।
ਨਮਨ ਮੜਕਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਿੱਥੇ ਆਉਂਦੇ ਤਿਉਹਾਰਾਂ ਦੇ ਸੀਜ਼ਨ ‘ਚ ਸੜਕੀ ਆਵਾਜਾਈ ਨੇਮਾਂ ਦਾ ਪਾਲਣ ਕਰਕੇ ਇਸਨੂੰ ਆਪਣੀ ਆਦਤ ਹੀ ਬਣਾਉਣ। ਉਨ੍ਹਾਂ ਨੇ ਨਗਰ ਨਿਗਮ ਨੂੰ ਕਿਹਾ ਕਿ ਸ਼ਹਿਰ ਅੰਦਰ ਦੁਕਾਨਦਾਰ ਤੇ ਹੋਰ ਅਦਾਰਿਆਂ ਦੇ ਫਲੈਕਸ ਬੋਰਡ ਸੜਕਾਂ ਦੇ ਕਿਨਾਰਿਆਂ ਉਤੇ ਨਾ ਰੱਖਣ ਦਿੱਤੇ ਜਾਣ ਤੇ ਘਰਾਂ ਦੀ ਉਸਾਰੀ ਤੇ ਹੋਰ ਮੁਰੰਮਤ ਕਾਰਜ ਕਰਵਾ ਰਹੇ ਲੋਕਾਂ ਵੱਲੋਂ ਉਸਾਰੀ ਮੈਟੀਰੀਅਲ ਸੜਕਾਂ ਉਤੇ ਰੱਖੇ ਜਾਣ ਬਾਬਤ ਕਾਰਵਾਈ ਵੀ ਕੀਤੀ ਜਾਵੇ। ਉਨ੍ਹਾਂ ਨੇ ਪੀਆਰਟੀਸੀ ਨੂੰ ਡਰਾਇਵਰਾਂ ਲਈ ਮੈਡੀਕਲ ਕੈਂਪ ਲਾਉਣ ਲਈ ਵੀ ਕਿਹਾ।
ਮੀਟਿੰਗ ਮੌਕੇ ਐਸ.ਡੀ.ਐਮ. ਪਾਤੜਾਂ ਅਸ਼ੋਕ ਕੁਮਾਰ, ਪੀ.ਆਰ.ਟੀ.ਸੀ. ਦੇ ਜੀ.ਐਮ ਅਮਨਵੀਰ ਸਿੰਘ ਟਿਵਾਣਾ, ਲੋਕ ਨਿਰਮਾਣ ਦੇ ਕਾਰਜਕਾਰੀ ਇੰਜੀਨੀਅਰਜ਼ ਮਨਪ੍ਰੀਤ ਦੂਆ, ਪਿਊਸ਼ ਅਗਰਵਾਲ ਤੇ ਨਵੀਨ ਮਿੱਤਲ ਸਮੇਤ ਜੰਗਲਾਤ, ਨਗਰ ਨਿਗਮ, ਸਿੱਖਿਆ ਵਿਭਾਗ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।

You May Also Like

More From Author

+ There are no comments

Add yours