ਪਟਿਆਲਾ, 18 ਨਵੰਬਰ:
ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਹੈ ਕਿ ਜ਼ਿਲ੍ਹੇ ਦੀਆਂ 1022 ਗ੍ਰਾਮ ਪੰਚਾਇਤਾਂ ਦੇ ਨਵੇਂ ਚੁਣੇ ਗਏ 6276 ਪੰਚਾਂ ਨੂੰ ਸਹੁੰ ਚੁਕਾਉਣ ਲਈ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।
ਡਿਪਟੀ ਕਮਿਸ਼ਨਰ ਅੱਜ ਇੱਥੇ ਸੰਗਰੂਰ ਰੋਡ ‘ਤੇ ਸਥਿਤ ਨਿਊ ਪੋਲੋ ਗਰਾਊਂਡ ਨੇੜੇ ਏਵੀਏਸ਼ਨ ਕਲੱਬ ਵਿਖੇ ਸਹੁੰ ਚੁੱਕ ਸਮਾਗਮ ਦੇ ਜ਼ਿਲ੍ਹਾ ਪੱਧਰੀ ਸਮਾਗਮ ਦੀਆਂ ਤਿਆਰੀਆਂ ਨੂੰ ਦਿੱਤੀਆਂ ਜਾ ਰਹੀਆਂ ਅੰਤਿਮ ਛੋਹਾਂ ਦਾ ਜਾਇਜ਼ਾ ਲੈਣ ਪੁੱਜੇ ਹੋਏ ਸਨ। ਉਨ੍ਹਾਂ ਨੇ ਇਸ ਮੌਕੇ ਏ.ਡੀ.ਸੀ. (ਦਿਹਾਤੀ ਵਿਕਾਸ) ਅਨੁਪ੍ਰਿਤਾ ਜੌਹਲ, ਸਮੂਹ ਐਸ.ਡੀ.ਐਮਜ਼, ਪੰਚਾਇਤ ਵਿਭਾਗ ਸਮੇਤ ਹੋਰ ਅਧਿਕਾਰੀਆਂ ਨਾਲ ਬੈਠਕ ਵੀ ਕੀਤੀ।
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਵਿੱਚ 1022 ਗ੍ਰਾਮ ਪੰਚਾਇਤਾਂ ਹਨ, ਜਿਨ੍ਹਾਂ ਦੇ ਸਰਪੰਚ ਸਾਹਿਬਾਨ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਹੁੰ ਚੁਕਾ ਚੁੱਕੇ ਹਨ ਅਤੇ ਹੁਣ ਜ਼ਿਲ੍ਹੇ ਦੇ 6272 ਪੰਚ ਸਾਹਿਬਾਨ ਨੂੰ ਸਿਹਤ ਮੰਤਰੀ ਡਾ. ਬਲਬੀਰ ਸਿੰਘ 19 ਨਵੰਬਰ ਨੂੰ ਸਵੇਰੇ 10 ਵਜੇ ਕਰਵਾਏ ਜਾ ਰਹੇ ਜ਼ਿਲ੍ਹਾ ਪੱਧਰੀ ਸਮਾਗਮ ਮੌਕੇ ਸਹੁੰ ਚੁਕਾਉਣਗੇ। ਉਨ੍ਹਾਂ ਦੱਸਿਆ ਕਿ ਸਮਾਗਮ ਮੌਕੇ ਜ਼ਿਲ੍ਹੇ ਦੇ ਸਮੂਹ ਵਿਧਾਇਕ ਸਾਹਿਬਾਨ ਵੀ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਨਗੇ। ਉਨ੍ਹਾਂ ਨੇ ਹੋਰ ਦੱਸਿਆ ਕਿ ਜ਼ਿਲ੍ਹੇ ਦੇ 10 ਬਲਾਕਾਂ ਵਿੱਚ 232 ਗ੍ਰਾਮ ਪੰਚਾਇਤਾਂ ਦੀ ਚੋਣ ਸਰਬਸੰਮਤੀ ਨਾਲ ਮੁਕੰਮਲ ਹੋਈ ਸੀ।
ਇਸੇ ਦੌਰਾਨ ਐਸ.ਐਸ.ਪੀ. ਡਾ. ਨਾਨਕ ਸਿੰਘ ਨੇ ਵੀ ਸਮਾਗਮ ਵਾਲੀ ਥਾਂ ਦਾ ਦੌਰਾ ਕਰਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਐਸ.ਪੀ. ਸਿਟੀ ਸਰਫਰਾਜ ਆਲਮ ਤੇ ਐਸ.ਪੀ. ਸਥਾਨਕ ਹਰਬੰਤ ਕੌਰ ਸਮੇਤ ਹੋਰ ਅਧਿਕਾਰੀਆਂ ਨਾਲ ਬੈਠਕ ਕੀਤੀ।
+ There are no comments
Add yours