ਚੰਡੀਗੜ੍ਹ 19 ਨਵੰਬਰ 2024 (ਆਪਣਾ ਪੰਜਾਬ ਡੈਸਕ): ਮਾਧਵੀ ਕਟਾਰੀਆ, ਕਮਿਸ਼ਨਰ ਦਿਵਿਆਂਗ (ਡਿਸਬੇਲਿਟੀ) ਚੰਡੀਗੜ੍ਹ ਨੇ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ ਸ੍ਰੀ ਅੰਮ੍ਰਿਤਸਰ ਦੀ ਪਿੰਡ ਪਲਸੌਰਾ ਸੈਕਟਰ 55 ਚੰਡੀਗੜ੍ਹ ਸਥਿਤ ਪਿੰਗਲਵਾੜਾ ਸ਼ਾਖ਼ਾ ਦਾ ਸਰਕਾਰੀ ਦੌਰਾ ਕੀਤਾ ਅਤੇ ਬੇਸਹਾਰਾ ਲੋਕਾਂ ਲਈ ਆਰੰਭੇ ਭਗਤ ਪੂਰਨ ਸਿੰਘ ਜੀ ਦੇ ਸਿਧਾਂਤਾਂ ਅਤੇ ਉਦੇਸ਼ਾਂ ਦੀ ਪ੍ਰਸੰਸਾ ਕੀਤੀ। ਇਸ ਮੌਕੇ ਉਨਾਂ ਨੇ ਵੱਖ-ਵੱਖ ਵਾਰਡਾਂ ਤੇ ਮੈਡੀਕਲ ਸਹੂਲਤਾਂ ਸਮੇਤ ਭਗਤ ਪੂਰਨ ਸਿੰਘ ਸਪੈਸ਼ਲ ਸਕੂਲ, ਫਿਜਿਓਥੇਰੇਪੀ ਸੈਂਟਰ, ਡੈਂਟਲ ਕਲੀਨਿਕ, ਲੰਗਰ ਹਾਲ, ਧੋਬੀ-ਘਾਟ ਅਤੇ ਲਾਇਬ੍ਰੇਰੀ ਦਾ ਨਿਰੀਖਣ ਵੀ ਕੀਤਾ। ਉਨ੍ਹਾਂ ਨੇ ਸਪੈਸ਼ਲ ਬੱਚਿਆਂ ਵੱਲੋਂ ਬਣਾਈਆਂ ਕਲਾ-ਕ੍ਰਿਤਾਂ ਦੀ ਸ਼ਲਾਘਾ ਕੀਤੀ। ਮਰੀਜ਼ਾਂ ਨਾਲ ਉਨ੍ਹਾਂ ਦੀ ਸਾਂਭ-ਸੰਭਾਲ ਅਤੇ ਮੁਸ਼ਕਿਲਾਂ ਬਾਰੇ ਗੱਲਬਾਤ ਕੀਤੀ ਅਤੇ ਲੰਗਰ ਹਾਲ ਵਿਚ ਖਾਣੇ ਦੀ ਤਿਆਰੀ ਦਾ ਵੀ ਮੁਆਇਨਾ ਕੀਤਾ। ਉਨ੍ਹਾਂ ਨੇ ਮਰੀਜ਼ਾਂ ਦੇ ਇਲਾਜ ਅਤੇ ਐਮਰਜੈਂਸੀ ਸਮੇਂ ਮੌਜੂਦ ਐਬੁਲੈਂਸ ਬਾਰੇ ਵੀ ਜਾਣਕਾਰੀ ਹਾਸਲ ਕੀਤੀ।
ਇਸ ਮੌਕੇ ਸਪੈਸ਼ਲ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਪ੍ਰਿਆ ਨੇ ਸਕੂਲ ਦੀਆਂ ਹੋਰ ਗਤੀਵਿਧੀਆਂ ਬਾਰੇ ਜਾਣੂੰ ਕਰਵਾਇਆ।
ਪਲਸੌਰਾ ਪਿੰਗਲਵਾੜਾ ਬ੍ਰਾਂਚ ਵੱਲੋਂ ਸਰਦਾਰਾ ਸਿੰਘ ਚੀਮਾ ਤੇ ਹਰਪਾਲ ਸਿੰਘ, ਦੋਵੇਂ ਅਸਿਸਟੈਂਟ ਐਡਮਿਨੀਸਟੇਟਰ ਨੇ ਕਮਿਸ਼ਨਰ ਅੱਗੇ ਮਰੀਜਾਂ ਦੇ ਆਧਾਰ ਕਾਰਡ, ਯੂ.ਆਈ.ਡੀ. ਕਾਰਡ, ਰੇਲਵੇ ਰਿਆਇਤੀ ਕਾਰਡ ਅਤੇ ਮਰੀਜਾਂ ਦੀਆਂ ਪੈਨਸ਼ਨਾਂ ਲਗਾਉਣ ਬਾਰੇ ਗੱਲ ਰੱਖੀ। ਇਸ ਤੋਂ ਇਲਾਵਾ ਪਿੰਗਲਵਾੜਾ ਨੂੰ ਜੋੜਦੀ ਅਧੂਰੀ ਸੜਕ ਨੂੰ ਪੂਰਾ ਕਰਾਉਣ ਦੀ ਬੇਨਤੀ ਵੀ ਕੀਤੀ।
ਪਿੰਗਲਵਾੜਾ ਸ਼ਾਖ਼ਾ ਦੇ ਪ੍ਰਬੰਧਕਾਂ ਵੱਲੋਂ ਮਾਧਵੀ ਕਟਾਰੀਆ ਨੂੰ ਪਿੰਗਲਵਾੜਾ ਦੀਆਂ ਪ੍ਰਕਾਸ਼ਨਾਵਾਂ ਤੇ ਭਗਤ ਪੂਰਨ ਸਿੰਘ ਦੀ ਤਸਵੀਰ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਹਰਪਾਲ ਸਿੰਘ ਨੇ ਉਹਨਾਂ ਦੇ ਆਉਣ ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ।
ਚੰਡੀਗੜ੍ਹ ਦੀ ਕਮਿਸ਼ਨਰ ਦਿਵਿਆਂਗ ਵੱਲੋਂ ਪਲਸੌਰਾ ਦੇ ਪਿੰਗਲਵਾੜਾ ਦਾ ਦੌਰਾ

+ There are no comments
Add yours