ਪਟਿਆਲਾ, 20 ਮਈ (ਆਪਣਾ ਪੰਜਾਬ ਡੈਸਕ): ਪਟਿਆਲਾ ਦੇ ਜ਼ਿਲ੍ਹਾ ਚੋਣ ਅਫ਼ਸਰ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਹੈ ਕਿ ਲੋਕ ਸਭਾ ਹਲਕਾ ਪਟਿਆਲਾ-13 ਲਈ ਦਿਵਿਆਂਗਜਨਾਂ, ਬਜ਼ੁਰਗਾਂ ਸਮੇਤ ਵਿਸ਼ੇਸ਼ ਲੋੜਾਂ ਵਾਲੇ ਵੋਟਰਾਂ ਦੀਆਂ ਵੋਟਾਂ 100 ਫੀਸਦੀ ਪੁਆਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਉਚੇਚੇ ਯਤਨ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਚੋਣ ਅਮਲੇ ਵੱਲੋਂ ਪਛਾਣ ਕੀਤੇ 761 ਵੋਟਰਾਂ ਦੀਆਂ ਵੋਟਾਂ 21 ਤੇ 22 ਮਈ ਨੂੰ ਘਰ-ਘਰ ਜਾ ਕੇ ਪੁਆਈਆਂ ਜਾਣਗੀਆਂ ਤਾਂ ਕਿ ਕੋਈ ਵੀ ਯੋਗ ਵੋਟਰ ਆਪਣੀ ਵੋਟ ਪਾਉਣ ਤੋਂ ਵਾਂਝਾ ਨਾ ਰਹੇ।
ਸ਼ੌਕਤ ਅਹਿਮਦ ਪਰੇ ਨੇ ਅੱਗੇ ਦੱਸਿਆ ਕਿ ਲੋਕ ਸਭਾ ਹਲਕਾ ਪਟਿਆਲਾ ਅਧੀਨ ਆਉਂਦੇ 9 ਵਿਧਾਨ ਸਭਾ ਹਲਕਿਆਂ ਵਿੱਚ 497 ਵੋਟਰ 85 ਸਾਲਾਂ ਤੋਂ ਵੱਧ ਉਮਰ ਦੇ ਸੀਨੀਅਰ ਸਿਟੀਜਨ ਹਨ ਜਦਕਿ 264 ਦਿਵਿਆਂਗਜਨ ਵੋਟਰ ਹਨ, ਜਿਨ੍ਹਾਂ ਨੇ ਫਾਰਮ 12 ਡੀ ਭਰਕੇ ਆਪਣੀ ਵੋਟ ਘਰ ਤੋਂ ਹੀ ਪਾਉਣ ਲਈ ਬਿਨੈ ਕੀਤਾ ਸੀ। ਇਨ੍ਹਾਂ ਨੂੰ ਭਾਰਤੀ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਮੁਤਾਬਕ ਪੋਸਟਲ ਬੈਲੇਟ ਪੇਪਰ ਨਾਲ ਵੋਟ ਪਾਉਣ ਦੀ ਸਹੂਲਤ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਅਜਿਹੇ ਵੋਟਰਾਂ ਦੀਆਂ ਵੋਟਾਂ ਪੁਆਉਣ ਲਈ 54 ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਨਾਭਾ ਹਲਕੇ ਵਿੱਚ 126 ਸੀਨੀਅਰ ਸਿਟੀਜਨ ਤੇ 80 ਦਿਵਿਆਂਗਜਨ, ਪਟਿਆਲਾ ਦਿਹਾਤੀ ਹਲਕੇ ਵਿੱਚ 53 ਸੀਨੀਅਰ ਸਿਟੀਜਨ ਤੇ 12 ਦਿਵਿਆਂਗਜਨ ਵੋਟਰਾਂ ਦੀਆਂ ਵੋਟਾਂ, ਰਾਜਪੁਰਾ ਵਿਖੇ 33 ਸੀਨੀਅਰ ਸਿਟੀਜਨ ਤੇ 13 ਦਿਵਿਆਂਗਜਨ, ਡੇਰਾ ਬਸੀ ਵਿਖੇ 19 ਸੀਨੀਅਰ ਸਿਟੀਜਨ ਤੇ 25 ਦਿਵਿਆਂਗਜਨ, ਘਨੌਰ ਵਿਖੇ 30 ਸੀਨੀਅਰ ਸਿਟੀਜਨ ਤੇ 14 ਦਿਵਿਆਂਗਜਨ, ਸਨੌਰ ਵਿਖੇ 26 ਸੀਨੀਅਰ ਸਿਟੀਜਨ ਤੇ 13 ਦਿਵਿਆਂਗਜਨ, ਪਟਿਆਲਾ ਸ਼ਹਿਰੀ ਵਿਖੇ 103 ਸੀਨੀਅਰ ਸਿਟੀਜਨ ਤੇ 35 ਦਿਵਿਆਂਗਜਨ, ਸਮਾਣਾ ਵਿਖੇ 56 ਸੀਨੀਅਰ ਸਿਟੀਜਨ ਤੇ 25 ਦਿਵਿਆਂਗਜਨ ਅਤੇ ਸ਼ੁਤਰਾਣਾ ਹਲਕੇ ਵਿਖੇ 51 ਸੀਨੀਅਰ ਸਿਟੀਜਨ ਅਤੇ 47 ਦਿਵਿਆਂਗਜਨ ਵੋਟਰਾਂ ਦੀਆਂ ਵੋਟਾਂ ਪੋਸਟਲ ਬੈਲੇਟ ਪੇਪਰ ਨਾਲ 21 ਤੇ 22 ਮਈ ਨੂੰ ਪੁਆਈਆਂ ਜਾਣਗੀਆਂ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਾਰੇ ਹਲਕਿਆਂ ਵਿੱਚ ਇਹ ਵੋਟਾਂ ਪੁਆਉਣ ਲਈ ਸਾਰੇ ਉਮੀਦਵਾਰਾਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ ਤਾਂ ਕਿ ਉਹ ਆਪਣੇ ਪੋਲਿੰਗ ਏਜੰਟ ਨਿਯੁਕਤ ਕਰ ਸਕਣ। ਇਨ੍ਹਾਂ ਟੀਮਾਂ ਨਾਲ ਸੁਰੱਖਿਆ ਕਰਮਚਾਰੀਆਂ ਦੇ ਨਾਲ-ਨਾਲ ਵੀਡੀਓਗ੍ਰਾਫ਼ਰ ਵੀ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਨਿਰਪੱਖ, ਸੁਤੰਤਰ ਤੇ ਅਮਨ ਅਮਾਨ ਨਾਲ ਚੋਣਾਂ ਕਰਵਾਉਣ ਲਈ ਵਚਨਬੱਧ ਹੈ।
+ There are no comments
Add yours