ਪਟਿਆਲਾ, 11 ਮਾਰਚ (ਆਪਣਾ ਪੰਜਾਬ ਡੈਸਕ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਸੂਬਾ ਸਰਕਾਰ ਪੰਜਾਬ ਨੂੰ ਕਰਜ਼ਾ ਮੁਕਤ, ਅਗਾਂਹਵਧੂ ਅਤੇ ਖੁਸ਼ਹਾਲ ਸੂਬਾ ਬਣਾਉਣ ਲਈ ਨਿਰੰਤਰ ਯਤਨ ਕਰ ਰਹੀ ਹੈ।
ਅੱਜ ਇੱਥੇ ‘ਸਰਕਾਰ-ਵਪਾਰ ਮਿਲਣੀ’ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਾਰਨ ਸੂਬੇ ਨੂੰ ਵਿਰਾਸਤ ਵਿੱਚ ਕਰਜ਼ੇ ਦੀ ਪੰਡ ਮਿਲੀ ਸੀ ਪਰ ਉਨ੍ਹਾਂ ਦੀ ਸਰਕਾਰ ਸੂਬੇ ਨੂੰ ਇਨ੍ਹਾਂ ਸੰਕਟਾਂ ਵਿੱਚੋਂ ਕੱਢਣ ਲਈ ਹਰ ਸੰਭਵ ਯਤਨ ਕਰੇਗੀ, ਜਿਸ ਲਈ ਪਹਿਲਾਂ ਹੀ ਠੋਸ ਉਪਰਾਲੇ ਕੀਤੇ ਜਾ ਰਹੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਦੋ ਸਾਲਾਂ ਦਾ ਬਜਟ ਸੂਬੇ ਵਿੱਚ ਮਾਲੀਆ ਵਿੱਚ ਵਾਧੇ ਸਮੇਤ ਚੰਗੀਆਂ ਗੱਲਾਂ ਨੂੰ ਦਰਸਾਉਂਦਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਇਹ ਸਿਲਸਿਲਾ ਜਾਰੀ ਰਹੇਗਾ।
ਮੁੱਖ ਮੰਤਰੀ ਨੇ ਕਿਹਾ, “ਇਤਿਹਾਸ ਵਿੱਚ ਪੰਜਾਬ ਪਹਿਲੀ ਵਾਰ ਇਸ ਤਰ੍ਹਾਂ ਦੇ ਖੁਸ਼ੀਆਂ ਵਾਲੇ ਸਮਾਗਮ ਦੇਖ ਰਿਹਾ ਹੈ। ਇਸ ਤੋਂ ਪਹਿਲਾਂ ਸਮਾਗਮਾਂ ਵਿੱਚ ਸਿਰਫ਼ ਇਕ-ਦੂਜੇ ਉਤੇ ਸਿਆਸੀ ਚਿੱਕੜ ਸੁੱਟਿਆ ਜਾਂਦਾ ਸੀ ਪਰ ਹੁਣ ਅਜਿਹੇ ਸਮਾਗਮਾਂ ਵਿੱਚ ਖੁਸ਼ੀ ਦੇ ਜਸ਼ਨ ਮਨਾਏ ਜਾ ਰਹੇ ਹਨ। ਪਹਿਲੀ ਵਾਰ ਵਪਾਰੀ ਸੂਬੇ ਨੂੰ ਸਫਲਤਾ ਦੇ ਮੁਕਾਮ ਉਤੇ ਲਿਜਾਣ ਲਈ ਫੈਸਲੇ ਲੈਣ ਦਾ ਅਟੁੱਟ ਅੰਗ ਬਣੇ ਹਨ।”
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਦੀ ਨੇਕ ਨੀਅਤ ਸਦਕਾ ਅੱਜ ਨਵੇਂ ਸਕੂਲ ਖੁੱਲ੍ਹ ਰਹੇ ਹਨ, ਨਵੇਂ ਹਸਪਤਾਲ ਬਣ ਰਹੇ ਹਨ, 90 ਫੀਸਦੀ ਘਰਾਂ ਨੂੰ ਮੁਫਤ ਬਿਜਲੀ ਦਿੱਤੀ ਜਾ ਰਹੀ ਹੈ, 43000 ਤੋਂ ਵੱਧ ਲੋਕਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੌਰਾਨ ਨੀਅਤ ਦੀ ਘਾਟ ਸੀ ਜਿਸ ਕਾਰਨ ਸੂਬਾ ਤਰੱਕੀ ਪੱਖੋਂ ਪੱਛੜ ਗਿਆ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹੁਣ ਸੂਬਾ ਸਰਕਾਰ ਪਿਛਲੀਆਂ ਸਰਕਾਰਾਂ ਦਾ ਪੰਜਾਬ ਵਿਰੋਧੀ ਚਿਹਰਾ ਬੇਨਕਾਬ ਕਰ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਆਗੂ ਮੌਕਾਪ੍ਰਸਤ ਹਨ ਜੋ ਸਿਰਫ਼ ਆਪਣੇ ਸਵਾਰਥਾਂ ਲਈ ਦਲ ਬਦਲਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਦਾ ਇਕੋ-ਇਕ ਏਜੰਡਾ ਆਪਣੇ ਪਰਿਵਾਰਕ ਮੈਂਬਰਾਂ ਨੂੰ ਸਿਆਸਤ ਵਿੱਚ ਫਿੱਟ ਕਰਨਾ ਹੈ ਪਰ ਲੋਕਾਂ ਵੱਲੋਂ ਇਨ੍ਹਾਂ ਨੂੰ ਵਾਰ-ਵਾਰ ਨਕਾਰ ਦਿੱਤਾ ਗਿਆ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਨ੍ਹਾਂ ਲੀਡਰਾਂ ਦੀ ਸੱਤਾ ਦੀ ਭੁੱਖ ਕਦੇ ਨਹੀਂ ਮਿਟਦੀ ਅਤੇ ਇਸ ਲਈ ਇਹ ਲੀਡਰ ਬਹਾਨੇਬਾਜ਼ੀ ਘੜ ਕੇ ਉਨ੍ਹਾਂ ਨਾਲ ਲੜਦੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਨੇਤਾਵਾਂ ਕੋਲ ਨਾ ਤਾਂ ਲੋਕ ਸੇਵਾ ਕਰਨ ਦੀ ਦੂਰਅੰਦੇਸ਼ ਪਹੁੰਚ ਹੈ ਅਤੇ ਨਾ ਹੀ ਕੋਈ ਜਜ਼ਬਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦਾ ਇੱਕੋ ਇੱਕ ਮਕਸਦ ਸੂਬੇ ਦੀ ਦੌਲਤ ਨੂੰ ਦੋਵੇਂ ਹੱਥੀਂ ਲੁੱਟਣਾ ਹੈ। ਉਨ੍ਹਾਂ ਕਿਹਾ ਕਿ ਉਦਯੋਗ ਨੂੰ ਬੁਨਿਆਦੀ ਢਾਂਚਾ ਚਾਹੀਦਾ ਹੈ ਅਤੇ ਅਸੀਂ ਨੌਜਵਾਨਾਂ ਲਈ ਨੌਕਰੀਆਂ ਅਤੇ ਸੂਬੇ ਦੀ ਤਰੱਕੀ ਲਈ ਟੈਕਸ ਚਾਹੁੰਦੇ ਹਾਂ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਸਰਕਲ ਸੂਬਾ ਸਰਕਾਰ ਦੀ ਉਦਯੋਗਿਕ ਨੀਤੀ ਦਾ ਆਧਾਰ ਹੈ, ਜਿਸ ਕਾਰਨ ਉਹ ਵਪਾਰੀਆਂ ਅਤੇ ਉਦਯੋਗਪਤੀਆਂ ਨਾਲ ਲਗਾਤਾਰ ਮੀਟਿੰਗਾਂ ਕਰ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ, “ਪੰਜਾਬੀ ਦੁਨੀਆਂ ਭਰ ਵਿੱਚ ਕਾਮਯਾਬ ਹਨ ਪਰ ਇਨ੍ਹਾਂ ਸਿਆਸਤਦਾਨਾਂ ਦੀਆਂ ਪਿਛਾਂਹਖਿੱਚੂ ਨੀਤੀਆਂ ਕਾਰਨ ਉਹ ਸੂਬੇ ਵਿੱਚ ਸਫਲਤਾ ਦੀਆਂ ਪੌੜੀਆਂ ਨਹੀਂ ਚੜ੍ਹ ਸਕੇ। ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਨੇ ਆਪਣੇ ਸਵਾਰਥਾਂ ਲਈ ਸੂਬੇ ਨੂੰ ਬਰਬਾਦ ਕੀਤਾ ਹੈ ਅਤੇ ਪੰਜਾਬ ਦੀ ਦੌਲਤ ਨੂੰ ਬੇਰਹਿਮੀ ਨਾਲ ਲੁੱਟਿਆ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸੇ ਕਾਰਨ ਹੀ ਪੰਜਾਬ ਵਾਸੀਆਂ ਨੇ ਇਨ੍ਹਾਂ ਆਗੂਆਂ ਨੂੰ ਹਰਾ ਕੇ ਘਰ ਬਿਠਾ ਦਿੱਤਾ ਹੈ।”
+ There are no comments
Add yours