ਪਟਿਆਲਾ, 7 ਫਰਵਰੀ:
ਵਿਸ਼ੇਸ਼ ਪਲਾਸਟਿਕ ਕੁਲੈਕਸ਼ਨ ਮੁਹਿੰਮ ਤਹਿਤ ਸੰਯੁਕਤ ਕਮਿਸ਼ਨਰ, ਨਗਰ ਨਿਗਮ ਪਟਿਆਲਾ ਬਬਨਦੀਪ ਸਿੰਘ ਵਾਲੀਆ ਅਤੇ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਵਿਖੇ ਪ੍ਰਿੰਸੀਪਲ ਪ੍ਰੋ. ਅਮਰਜੀਤ ਸਿੰਘ ਦੀ ਯੋਗ ਅਗਵਾਈ ਹੇਠ ਨਗਰ ਨਿਗਮ ਪਟਿਆਲਾ ਦੇ ਸਹਿਯੋਗ ਨਾਲ ਕਾਲਜ ਵਿਖੇ ਕੈਂਪਸ ਨੂੰ ਪੋਲੀਥੀਨ ਅਤੇ ਪਲਾਸਟਿਕ ਮੁਕਤ ਕਰਨ ਲਈ ਇੱਕ ਵਿਸ਼ੇਸ਼ ਸਾਫ਼-ਸਫ਼ਾਈ ਮੁਹਿੰਮ ਦਾ ਆਯੋਜਨ ਕੀਤਾ ਗਿਆ।
ਪ੍ਰੋ. ਅਮਰਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਹੋਇਆਂ ਕੂੜੇ ਨੂੰ ਵੱਖ-ਵੱਖ ਕਰਨ ਦੀ ਮਹੱਤਤਾ ਬਾਰੇ ਪ੍ਰੇਰਿਤ ਕੀਤਾ। ਉਹਨਾਂ ਨੇ ਵਿਦਿਆਰਥੀਆਂ ਨੂੰ ਆਪਣਾ ਆਲਾ-ਦੁਆਲਾ ਸਾਫ਼ ਸੁਥਰਾ ਅਤੇ ਕਾਲਜ ਕੈਂਪਸ ਨੂੰ ਪਲਾਸਟਿਕ ਅਤੇ ਪੋਲੀਥੀਨ ਮੁਕਤ ਰੱਖਣ ਲਈ ਸ਼ਲਾਘਾ ਕੀਤੀ। ਉਹਨਾਂ ਨੇ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਦੇ ਨੁਕਸਾਨਾਂ ਦੀ ਜਾਣਕਾਰੀ ਵੀ ਦਿੱਤੀ।
ਇਸ ਦੌਰਾਨ ਨਗਰ ਨਿਗਮ ਪਟਿਆਲਾ ਦੇ ਆਈ.ਸੀ ਐਕਸਪਰਟ ਅਮਨਦੀਪ ਸੇਖੋਂ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਨਗਰ ਨਿਗਮ ਪਟਿਆਲਾ ਵੱਲੋਂ ਸ਼ਹਿਰ ਵਿੱਚ 5 ਫਰਵਰੀ ਤੋਂ 10 ਫਰਵਰੀ ਤੱਕ ਇੱਕ ਵਿਸ਼ੇਸ਼ ਸਾਫ਼-ਸਫ਼ਾਈ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਦਾ ਮਕਸਦ ਸ਼ਹਿਰ ਨੂੰ ਪਲਾਸਟਿਕ ਦੇ ਕੂੜੇ ਤੋਂ ਮੁਕਤ ਕਰਨਾ ਹੈ। ਉਹਨਾਂ ਨੇ ਕਾਲਜ ਵਿਦਿਆਰਥੀਆਂ ਨੂੰ ਇਸ ਮੁਹਿੰਮ ਵਿੱਚ ਵਧ ਚੜ੍ਹ ਕੇ ਯੋਗਦਾਨ ਦੇਣ ਲਈ ਕਿਹਾ। ਉਹਨਾਂ ਕਿਹਾ ਕਿ ਜੇਕਰ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਰੋਜ਼ਾਨਾ ਜ਼ਿੰਦਗੀ ਵਿੱਚ ਨਾ ਕੀਤੀ ਜਾਵੇ ਤਾਂ ਸ਼ਹਿਰ ਵਿੱਚ ਕੂੜੇ ਦੀ ਮਿਕਦਾਰ ਬਹੁਤ ਘੱਟ ਜਾਵੇਗੀ। ਇਸ ਡਰਾਈਵ ਦੌਰਾਨ ਇਕੱਠੇ ਕੀਤੇ ਪਲਾਸਟਿਕ ਨੂੰ ਸੈਨੇਟਰੀ ਇੰਸਪੈਕਟਰ ਰਾਜੇਸ਼ ਮੱਟੂ ਵੱਲੋਂ ਯੋਗ ਪ੍ਰਬੰਧ ਹੇਠ ਨਗਰ ਨਿਗਮ ਪਟਿਆਲਾ ਵੱਲੋਂ 21 ਨੰਬਰ ਫਾਟਕ ਦੇ ਐਮ.ਆਰ.ਐਫ ਸੈਂਟਰ ਵਿਖੇ ਭੇਜਿਆ ਗਿਆ। ਉਹਨਾਂ ਕਿਹਾ ਕਿ ਸਿੰਗਲ ਯੂਜ਼ ਪਲਾਸਟਿਕ ਜਿਵੇਂ ਕਿ ਪਾਲੀਥੀਨ ਲਿਫ਼ਾਫ਼ੇ, ਪਲਾਸਟਿਕ ਕੱਪ, ਪਲੇਟਾਂ, ਚਮਚ ਅਤੇ ਹੋਰ ਡਿਸਪੋਜ਼ੇਬਲ ਆਦਿ ਸਰਕਾਰ ਵੱਲੋਂ ਬੈਨ ਹਨ ਅਤੇ ਇਨ੍ਹਾਂ ਨੂੰ ਬਣਾਉਣ, ਸਟੋਰ ਕਰਨ, ਵੇਚਣ ਅਤੇ ਵਰਤੋ ਕਰਨ ਤੇ ਜੁਰਮਾਨਾ ਲਗਾਇਆ ਜਾਂਦਾ ਹੈ।
ਸਫ਼ਾਈ ਮੁਹਿੰਮ ਵਿੱਚ ਕਾਲਜ ਦੇ ਐਨ.ਸੀ.ਸੀ ਇੰਚਾਰਜ ਪ੍ਰੋ. ਨਵਜੋਤ ਸਿੰਘ, ਐਨ.ਐਸ.ਐਸ ਪ੍ਰੋਗਰਾਮ ਅਫ਼ਸਰ ਪ੍ਰੋ. ਸੁਨੀਤਾ ਅਰੋੜਾ, ਪ੍ਰੋ. ਸੁਵੀਰ ਸਿੰਘ, ਪ੍ਰੋ. ਕਮਲਜੀਤ ਕੌਰ, ਪ੍ਰੋ. ਸਵਰਨ ਕੌਰ, ਨਗਰ ਨਿਗਮ ਪਟਿਆਲਾ ਦੇ ਕਮਿਊਨਿਟੀ ਫੈਸੀਲੀਟੇਟਰ ਜਵਾਲਾ ਸਿੰਘ, ਮੋਟੀਵੇਟਰ ਤੇ ਸਫ਼ਾਈ ਸੇਵਕ ਸ਼ਾਮਲ ਹੋਏ। ਇਸ ਮੁਹਿੰਮ ਵਿੱਚ ਕਾਲਜ ਦੇ ਐਨ.ਸੀ.ਸੀ ਅਤੇ ਐਨ.ਐਸ.ਐਸ ਦੇ 100 ਦੇ ਕਰੀਬ ਵਲੰਟੀਅਰਜ਼ ਨੇ ਸ਼ਾਮਲ ਹੋ ਕੇ ਇਸ ਨੂੰ ਪ੍ਰੋਗਰਾਮ ਨੂੰ ਸਫਲ ਬਣਾਇਆ ਅਤੇ ਕਾਲਜ ਨੂੰ ਪਲਾਸਟਿਕ ਫ਼ਰੀ ਰੱਖਣ ਦਾ ਸੰਕਲਪ ਲਿਆ।
+ There are no comments
Add yours