ਭਾਸ਼ਾ ਵਿਭਾਗ ਪੰਜਾਬ ਨੇ ਕਰਵਾਇਆ ਤ੍ਰੈ-ਭਾਸ਼ੀ ਕਵੀ ਦਰਬਾਰ

1 min read

ਪਟਿਆਲਾ 6 ਫਰਵਰੀ (ਆਪਣਾ ਪੰਜਾਬ ਡੈਸਕ):

ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਸਰਪ੍ਰਸਤੀ, ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਸ. ਹਰਜੋਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਭਾਸ਼ਾ ਵਿਭਾਗ ਪੰਜਾਬ ਵੱਲੋਂ ਅੱਜ ਭਾਸ਼ਾ ਵਿਭਾਗ ਪੰਜਾਬ ਵੱਲੋਂ ਇੱਥੇ ਮੁੱਖ ਦਫ਼ਤਰ ਵਿਖੇ ਤ੍ਰੈ-ਭਾਸ਼ੀ ਕਵੀ ਦਰਬਾਰ ਵਿਭਾਗ ਦੀ ਨਿਰਦੇਸ਼ਕਾਂ ਸ੍ਰੀਮਤੀ ਹਰਪ੍ਰੀਤ ਕੌਰ ਦੀ ਦੇਖ-ਰੇਖ ‘ਚ ਕਰਵਾਇਆ ਗਿਆ। ਇਸ ਕਵੀ ਦਰਬਾਰ ‘ਚ ਜ਼ਿਲ੍ਹਾ ਯੋਜਨਾ ਕਮੇਟੀ ਪਟਿਆਲਾ ਦੇ ਚੇਅਰਮੈਨ ਸ. ਜਸਵੀਰ ਸਿੰਘ ਜੱਸੀ ਸੋਹੀਆਂ ਵਾਲਾ ਮੁੱਖ ਮਹਿਮਾਨ ਵਜੋਂ ਪੁੱਜੇ। ਸਮਾਗਮ ਦੀ ਪ੍ਰਧਾਨਗੀ ਸ਼੍ਰੋਮਣੀ ਉਰਦੂ ਸਾਹਿਤਕਾਰ ਸਰਦਾਰ ਪੰਛੀ ਨੇ ਕੀਤੀ ਅਤੇ ਪਦਮ ਸ਼੍ਰੀ ਪ੍ਰਾਣ ਸੱਭਰਵਾਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਡਾਇਰੈਕਟਰ ਹਰਪ੍ਰੀਤ ਕੌਰ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਵਿਭਾਗ ਵੱਲੋਂ ਪੰਜਾਬੀ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਅਤੇ ਹੋਰਨਾਂ ਭਾਸ਼ਾਵਾਂ ਦੇ ਸਤਿਕਾਰ ਲਈ ਚਲਾਏ ਜਾ ਰਹੇ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਸ. ਜਸਵੀਰ ਸਿੰਘ ਜੱਸੀ ਸੋਹੀਆਂ ਵਾਲਾ ਨੇ ਕਿਹਾ ਕਿ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ‘ਚ ਪੰਜਾਬ ਸਰਕਾਰ ਨਵੀਂ ਪੀੜ੍ਹੀ ਨੂੰ ਪੁਸਤਕ ਤੇ ਖੇਡ ਸੱਭਿਆਚਾਰ ਨਾਲ ਜੋੜਨ ਲਈ ਯਤਨਸ਼ੀਲ ਹੈ। ਜਿਸ ਕਰਕੇ ਭਾਸ਼ਾ ਵਿਭਾਗ ਵਰਗੀਆਂ ਸੰਸਥਾਵਾਂ ਦੀ ਜ਼ਿੰਮੇਵਾਰੀ ਬਹੁਤ ਵਧ ਜਾਂਦੀ ਹੈ ਕਿਉਂਕਿ ਭਾਸ਼ਾ ਵਿਭਾਗ ਅਤੇ ਯੂਨੀਵਰਸਿਟੀਆਂ ਨੇ ਹੀ ਸਾਡੀ ਮਾਂ ਬੋਲੀ ਦੇ ਪ੍ਰਸਾਰ ‘ਚ ਸਭ ਨੂੰ ਅਗਵਾਈ ਦੇਣੀ ਹੈ। ਕਵੀ ਦਰਬਾਰ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਇੱਕ ਅਜਿਹੀ ਪਰੰਪਰਾ ਹੈ ਜੋ ਸਦੀਆਂ ਤੋਂ ਸਾਡੇ ਵਿਰਸੇ ਦਾ ਹਿੱਸਾ ਬਣੀ ਹੋਈ ਹੈ। ਸਾਡੇ ਕੋਲ ਸ੍ਰੀ ਗੁਰੂ ਗਰੰਥ ਸਾਹਿਬ ਦੇ ਰੂਪ ‘ਚ ਦੁਨੀਆ ਦਾ ਮਹਾਨ ਸ਼ਬਦ ਗੁਰੂ ਮੌਜੂਦ ਹੈ ਜੋ ਕਾਵਿ ਦੀ ਉੱਤਮ ਦਰਜੇ ਦੀ ਮਿਸਾਲ ਹੈ। ਇਸ ਤੋਂ ਇਲਾਵਾ ਪੰਜਾਬ ਦੀ ਧਰਤੀ ‘ਤੇ ਲਿਖੇ ਗਏ ਉੱਚ ਪਾਏ ਦੇ ਕਿੱਸੇ-ਵਾਰਾਂ ਵੀ ਪੀੜ੍ਹੀ ਦਰ ਪੀੜ੍ਹੀ ਅੱਗੇ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਨਵੀਂ ਪੀੜ੍ਹੀ ਨੂੰ ਚੰਗੀ ਸ਼ਾਇਰੀ ਨਾਲ ਜੋੜਨ ਲਈ ਲਿਖਾਰੀਆਂ ਵਰਗੀਆਂ ਦੀ ਜ਼ੁੰਮੇਵਾਰੀ ਬਹੁਤ ਵਧ ਜਾਂਦੀ ਹੈ। ਇਸ ਕਰਕੇ ਭਾਸ਼ਾ ਵਿਭਾਗ ਵਧਾਈ ਦਾ ਪਾਤਰ ਹੈ ਜੋ ਨਵੀਂ ਪੀੜ੍ਹੀ ਨੂੰ ਵਧੀਆ ਸਾਹਿਤ ਨਾਲ ਜੋੜਨ ਤੇ ਚੰਗੀ ਸੇਧ ਦੇਣ ਲਈ ਇਸ ਤਰ੍ਹਾਂ ਦੇ ਸਮਾਗਮ ਰਚਾਉਂਦਾ ਹੈ। ਇਸ ਕਾਰਜ ਲਈ ਉਨ੍ਹਾਂ ਭਾਸ਼ਾ ਵਿਭਾਗ ਦੀ ਨਿਰਦੇਸ਼ਕਾਂ ਸ੍ਰੀਮਤੀ ਹਰਪ੍ਰੀਤ ਕੌਰ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਵਧਾਈ ਦਿੱਤੀ। ਅਖੀਰ ਵਿੱਚ ਸਭ ਨੂੰ ਅਪੀਲ ਕੀਤੀ ਕਿ ਪੰਜਾਬੀ ਮਾਂ ਬੋਲੀ ਨੂੰ ਢੁਕਵਾਂ ਸਥਾਨ ਦੇਣ ਲਈ ਪੰਜਾਬ ਸਰਕਾਰ ਦਾ ਭਰਪੂਰ ਸਾਥ ਦਿਓ।
ਸਮਾਗਮ ਦੀ ਪ੍ਰਧਾਨਗੀ ਕਰ ਰਹੇ ਸ਼ਾਇਰ ਸਰਦਾਰ ਪੰਛੀ ਨੇ ਆਪਣੇ ਸ਼ਾਇਰਾਨਾ ਅੰਦਾਜ਼ ‘ਚ ਮਾਂ ਬੋਲੀ ਦੀਆਂ ਸਿਫ਼ਤਾਂ ਕੀਤੀਆਂ। ਉਨ੍ਹਾਂ ਉਰਦੂ ਅਤੇ ਹਿੰਦੀ ਸ਼ਾਇਰੀ ਦੀਆਂ ਚੋਣਵੀਂਆਂ ਵੰਨਗੀਆਂ ਵੀ ਸੁਣਾਈਆਂ। ਵਿਸ਼ੇਸ਼ ਮਹਿਮਾਨ ਪਦਮ ਸ਼੍ਰੀ ਸ੍ਰੀ ਪ੍ਰਾਣ ਸੱਭਰਵਾਲ ਨੇ ਕਿਹਾ ਕਿ ਭਾਸ਼ਾ ਵਿਭਾਗ ਨਾਲ ਉਨ੍ਹਾਂ ਦਾ ਨਾਤਾ ਬਹੁਤ ਪੁਰਾਣਾ ਹੈ। ਉਨ੍ਹਾਂ ਦੀਆਂ ਜ਼ਿਆਦਾਤਰ ਰੰਗਮੰਚ ਪੇਸ਼ਕਾਰੀਆਂ ਦੀ ਤਿਆਰੀ ਭਾਸ਼ਾ ਵਿਭਾਗ ‘ਚ ਹੀ ਹੁੰਦੀ ਹੈ। ਉਨ੍ਹਾਂ ਭਾਸ਼ਾ ਵਿਭਾਗ ਵੱਲੋਂ ਪੰਜਾਬੀ ਭਾਸ਼ਾ ਦੇ ਪ੍ਰਚਾਰ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ।
ਇਸ ਮੌਕੇ ਡਾ. ਰਾਜਵੰਤ ਕੌਰ ਪੰਜਾਬੀ ਦੀ ਪੁਸਤਕ ‘ਨਾਰੀ ਪਰਵਾਜ਼’ ਅਤੇ ਸ੍ਰੀਮਤੀ ਸੁਨੀਤਾ ਸੱਭਰਵਾਲ ਦੀ ਪੁਸਤਕ ‘ਕੁਝ ਬੋਲ ਅਨੀਤਾ’ ਵੀ ਲੋਕ ਅਰਪਣ ਕੀਤੀਆਂ ਗਈਆਂ। ਅਖੀਰ ਵਿੱਚ ਡਿਪਟੀ ਡਾਇਰੈਕਟਰ ਹਰਭਜਨ ਕੌਰ ਤੇ ਸਮਾਗਮ ਦੇ ਆਯੋਜਕ ਸਹਾਇਕ ਨਿਰਦੇਸ਼ਕ ਅਮਰਿੰਦਰ ਸਿੰਘ ਨੇ ਸਭ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਡਾ. ਸੁਖਦਰਸ਼ਨ ਸਿੰਘ ਚਹਿਲ ਖੋਜ ਅਫ਼ਸਰ ਨੇ ਕੀਤਾ। ਸਮਾਗਮ ‘ਚ ਹਿੱਸਾ ਲੈਣ ਵਾਲੇ ਸਾਰੇ ਕਵੀਆਂ ਨੂੰ ਭਾਸ਼ਾ ਵਿਭਾਗ ਵੱਲੋਂ ਸਨਮਾਨਿਤ ਕੀਤਾ ਗਿਆ। ਕਵੀ ਦਰਬਾਰ ‘ਚ ਡਾ. ਰੂਬੀਨਾ ਸ਼ਬਨਮ, ਸਰਬਜੀਤ ਕੌਰ ਜਸ, ਅੰਮ੍ਰਿਤਪਾਲ ਸਿੰਘ ਸੈਦਾ, ਕੁਲਵੰਤ ਸੈਦੋਕੇ, ਬਿਮਲਾ ਗੁਗਲਾਨੀ, ਬਲਵਿੰਦਰ ਸਿੰਘ ਸੰਧੂ, ਜਸਪ੍ਰੀਤ ਫ਼ਲਕ, ਅਵਤਾਰਜੀਤ ਅਟਵਾਲ, ਪਰਵਿੰਦਰ ਸ਼ੋਖ, ਧਰਮ ਕੰਮੇਆਣਾ, ਜਸਵਿੰਦਰ ਚਾਹਲ ਮਾਨਸਾ, ਤ੍ਰੈਲੋਚਨ ਲੋਚੀ, ਸ਼ਤੀਸ਼ ਵਿਦਰੋਹੀ, ਹਰਜੀਤ ਸਿੰਘ ਸੱਧਰ, ਗੁਰਮੇਲ ਸਿੰਘ ਵਿਰਕ, ਸਾਗਰ ਸੂਦ, ਬਲਰਾਜ ਓਬਰਾਏ, ਹਰਦੀਪ ਸੱਭਰਵਾਲ, ਸੁਖਵਿੰਦਰ ਚਹਿਲ, ਜੋਰਾਵਰ ਸਿੰਘ ਪੰਛੀ, ਚਮਕੌਰ ਸਿੰਘ ਚਹਿਲ ਤੇ ਬਲਵੀਰ ਜਲਾਲਾਬਾਦੀ ਨੇ ਆਪੋ-ਆਪਣੇ ਕਲਾਮ ਪੇਸ਼ ਕੀਤੇ। ਇਸ ਮੌਕੇ ਵਿਭਾਗ ਦੇ ਡਿਪਟੀ ਡਾਇਰੈਕਟਰ ਹਰਭਜਨ ਕੌਰ ਤੇ ਸਤਨਾਮ ਸਿੰਘ, ਸਹਾਇਕ ਨਿਰਦੇਸ਼ਕ ਅਮਰਿੰਦਰ ਸਿੰਘ, ਅਲੋਕ ਚਾਵਲਾ, ਤੇਜਿੰਦਰ ਸਿੰਘ ਗਿੱਲ, ਜਸਪ੍ਰੀਤ ਕੌਰ, ਸੁਰਿੰਦਰ ਕੌਰ, ਪ੍ਰਿੰ. ਮਨਮੋਹਨ ਸਿੰਘ, ਸ੍ਰੋਮਣੀ ਸਾਹਿਤਕਾਰ ਡਾ. ਦਰਸ਼ਨ ਸਿੰਘ ਆਸ਼ਟ, ਜੀ.ਐਸ. ਅਨੰਦ, ਜ਼ਿਲ੍ਹਾ ਭਾਸ਼ਾ ਅਫਸਰ ਫਤਹਿਗੜ੍ਹ ਸਾਹਿਬ ਜਗਜੀਤ ਸਿੰਘ ਜਟਾਣਾ ਅਤੇ ਪਟਿਆਲਾ ਡਾ. ਮਨਜਿੰਦਰ ਸਿੰਘ ਤੇ ਭਾਸ਼ਾ ਵਿਭਾਗ ਦਾ ਸਟਾਫ ਹਾਜ਼ਰ ਸੀ।

You May Also Like

More From Author

+ There are no comments

Add yours