Chetan Singh Jouramajra ਵੱਲੋਂ ਗੱਜੂਮਾਜਰਾ ਵਿਖੇ 2.70 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਆਗਾਜ਼ -ਕਿਹਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨਹਿਰੀ ਪਾਣੀ ਹਰ ਕਿਸਾਨ ਦੇ ਖੇਤਾਂ ਤੱਕ ਪਹੁੰਚਾਇਆ -ਧਰਤੀ ਹੇਠਲਾ ਪਾਣੀ ਸੰਭਾਲਣ ਲਈ ਯਤਨਸ਼ੀਲ ਪੰਜਾਬ ਸਰਕਾਰ

1 min read
ਸਮਾਣਾ, 28 ਜਨਵਰੀ (ਆਪਣਾ ਪੰਜਾਬ ਡੈਸਕ):
ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਦਾ ਦਿਨ ਆਪਣੇ ਹਲਕੇ ਦੇ ਪਿੰਡਾਂ ਦੇ ਵਿਕਾਸ ਲਈ ਸਮਰਪਿਤ ਕਰਦਿਆਂ ਕਰੋੜਾਂ ਰੁਪਏ ਦੇ ਵਿਕਾਸ ਕੰਮ ਹਲਕਾ ਵਾਸੀਆਂ ਨੂੰ ਸਮਰਪਿਤ ਕੀਤੇ ਹਨ। ਉਨ੍ਹਾਂ ਨੇ ਪਿੰਡ ਗੱਜੂਮਾਜਰਾ ਵਿਖੇ 2 ਕਰੋੜ 70 ਲੱਖ ਤੇ 20 ਹਜ਼ਾਰ ਰੁਪਏ ਦੇ ਪ੍ਰਾਜੈਕਟਾਂ ਦਾ ਆਗਾਜ਼ ਕੀਤਾ।
ਜਲ ਸਰੋਤ, ਜਲ ਤੇ ਭੂਮੀ ਰੱਖਿਆ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਸੂਬੇ ਦੇ ਕਿਸਾਨਾਂ ਨੂੰ ਨਹਿਰੀ ਪਾਣੀ ਅਤੇ ਖੇਤ ਸਿੰਜਣ ਲਈ ਮੋਟਰਾਂ ਦੇ ਪਾਣੀ ਨੂੰ ਵੀ ਖ਼ੁਦ ਨਾਹ ਕਰਨੀ ਪਈ ਹੋਵੇ।
ਚੇਤਨ ਸਿੰਘ ਜੌੜਾਮਾਜਰਾ, ਜਿਨ੍ਹਾਂ ਕੋਲ ਖਨਣ ਤੇ ਭੂ-ਵਿਗਿਆਨ, ਬਾਗਬਾਨੀ, ਸੁਤੰਤਰਤਾ ਸੰਗਰਾਮੀ ਅਤੇ ਰੱਖਿਆ ਸੇਵਾਵਾਂ ਭਲਾਈ ਬਾਰੇ ਵਿਭਾਗ ਵੀ ਹਨ, ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੇ ਅਜਿਹੇ ਪੁਖ਼ਤਾ ਪ੍ਰਬੰਧ ਕੀਤੇ ਹਨ ਕਿ ਕਿਸਾਨਾਂ ਨੂੰ ਖੇਤਾਂ ਲਈ ਖੁੱਲ੍ਹਾ ਨਹਿਰੀ ਪਾਣੀ ਤੇ ਮੋਟਰਾਂ ਲਈ ਬਿਜਲੀ ਵੀ ਵਾਧੂ ਮਿਲੇ, ਜਿਸ ਲਈ ਕਿਸਾਨਾਂ ਨੇ ਖ਼ੁਦ ਆਪਣੀਆਂ ਮੋਟਰਾਂ ਤੇ ਨੱਕੇ ਬੰਦ ਕੀਤੇ।
ਚੇਤਨ ਸਿੰਘ ਜੌੜਾਮਾਜਰਾ ਨੇ ਦੱਸਿਆ ਕਿ ਧਰਤੀ ਹੇਠਲਾ ਜਲ ਸੰਭਾਲਣ ਲਈ ਯਤਨਸ਼ੀਲ ਪੰਜਾਬ ਸਰਕਾਰ ਦੀ ਇਹ ਵੀ ਮੁਢਲੀ ਤਰਜੀਹ ਹੈ ਕਿ ਹਰ ਖੇਤ ਨੂੰ ਵਾਧੂ ਨਹਿਰੀ ਪਾਣੀ ਮਿਲੇ, ਜਿਸ ਲਈ ਖਾਲਿਆਂ ‘ਤੇ ਹੋਏ ਨਾਜਾਇਜ਼ ਕਬਜੇ ਛੁਡਵਾ ਕੇ ਖਾਲੇ ਪੱਕੇ ਕਰਵਾਏ ਜਾ ਰਹੇ ਹਨ। ਇਸ ਤੋਂ ਬਿਨ੍ਹਾਂ ਸੀਵਰੇਜ ਟ੍ਰੀਟਮੈਂਟ ਪਲਾਂਟਾਂ ਦਾ ਸੋਧਿਆ ਪਾਣੀ ਵੀ ਸਿੰਜਾਈ ਲਈ ਵਰਤਣ ਦੇ ਪ੍ਰਾਜੈਕਟ ਲਗਾਏ ਜਾ ਰਹੇ ਹਨ।
ਗੱਜੂਮਾਜਰਾ ਵਿਖੇ 14.61 ਲੱਖ ਰੁਪਏ ਦੀ ਲਾਗਤ ਨਾਲ ਛੱਪੜ ਤੋਂ ਜਮੀਨਦੋਜ਼ ਪਾਇਪਾਂ ਰਾਹੀਂ ਸੋਲਰ ਪੰਪਾਂ ਨਾਲ ਸਿੰਚਾਈ ਪ੍ਰਾਜੈਕਟ ਦਾ ਉਦਘਾਟਨ ਕਰਨ ਸਮੇਂ ਜੌੜਾਮਾਜਰਾ ਨੇ ਦੱਸਿਆ ਕਿ ਪ੍ਰਾਜੈਕਟ ਨਾਲ 23 ਕਿਸਾਨਾਂ ਦੀ ਜਮੀਨ ਸਮੇਤ ਪਿੰਡ ਦੀ ਸ਼ਾਮਲਾਟ 20 ਹੈਕਟੇਅਰ ਜਮੀਨ ਨੂੰ ਸਿੰਜਣ ਲਈ ਪਾਣੀ ਮਿਲਣ ਨਾਲ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਛੱਪੜ ਦਾ ਪਾਣੀ ਵੀ ਸੰਭਾਲਿਆ ਜਾਵੇਗਾ ਤੇ ਧਰਤੀ ਹੇਠਲਾ ਪਾਣੀ ਵੀ ਬਚੇਗਾ। ਉਨ੍ਹਾਂ ਨੇ ਗੱਜੂਮਾਜਰਾ ਵਿਖੇ ਹੀ ਬਿਜਲੀ ਦਫ਼ਤਰ, ਮੰਡੀ ਉਚੀ ਕਰਨ ਤੇ ਸੜਕ ਮੁਰੰਮਤ, ਪੰਚਾਇਤ ਭਵਨ, ਮੁਹੱਲਾ ਕਲੀਨਿਕ, ਸੋਲਰ ਲਾਇਟਾਂ, ਸੀਵਰੇਜ ਤੇ ਸੜਕਾਂ, ਸਕੂਲ, ਬੱਸ ਸਟੈਂਡ ਤੇ ਖੇਡ ਮੈਦਾਨ ਦੇ ਕੰਮਾਂ ਦਾ ਵੀ ਉਦਘਾਟਨ ਕੀਤਾ।
ਇਸ ਤੋਂ ਪਹਿਲਾਂ ਜੌੜਾਮਾਜਰਾ ਨੇ ਪਿੰਡ ਚੂਹੜਪੁਰ ਮਰਾਸੀਆਂ ਵਿਖੇ ਪ੍ਰਾਇਮਰੀ ਸਕੂਲ ਦੀ ਉਸਾਰੀ ਲਈ 8.25 ਲੱਖ ਰੁਪਏ, ਗਲੀਆਂ ‘ਚ ਪੇਵਰ ਤੇ ਸੀਵਰੇਜ 6.63 ਲੱਖ, ਪਿੰਡ ਚੂਹੜਪੁਰ ਕਲਾਂ ਵਿਖੇ ਸਕੂਲ ਦਾ ਰਸਤਾ ਪੱਕਾ ਕਰਨ ਲਈ 3 ਲੱਖ, ਪਾਰਕ ਲਈ 2 ਲੱਖ ਰੁਪਏ ਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਸਟੇਡੀਅਮ ਦੇ ਕੰਮ ਦੀ ਸ਼ੁਰੂਆਤ ਕਰਵਾਈ।
ਇਸ ਤੋਂ ਬਿਨ੍ਹਾਂ ਪਿੰਡ ਸ਼ੇਖੂਪੁਰ ਵਿਖੇ 5 ਲੱਖ ਰੁਪਏ ਨਾਲ ਫਿਰਨੀ ਦੇ ਨਾਲ ਇੰਟਰਲਾਕ ਟਾਇਲ, ਸਾਲਿਡ ਵੇਸਟ ਮੈਨੇਜਮੈਂਟ ਸ਼ੈਡ 4.5 ਲੱਖ, ਜੀ.ਡੀ. ਰੋਡ ਤੋਂ ਚੋਏ ਤੱਕ ਪਾਈਪ ਲਾਈਨ 9.5 ਲੱਖ, ਸਟੇਡੀਅਮ ਲਈ 32 ਲੱਖ ਰੁਪਏ, ਪਿੰਡ ਸੁਲਤਾਨਪੁਰ ਵਿਖੇ ਐਲੀਮੈਂਟਰੀ ਸਕੂਲ ਦੀ ਇਮਾਰਤ ਲਈ 5 ਲੱਖ, ਪਾਰਕ ‘ਤੇ 6.5 ਲੱਖ ਤੇ ਕੂੜਾ ਪ੍ਰਬੰਧਨ ਲਈ 4.5 ਲੱਖ ਰੁਪਏ ਦੇ ਕੰਮਾਂ ਅਤੇ ਪਿੰਡ ਖੇੜੀ ਮੱਲਾਂ ਵਿਖੇ ਕਮਿਉਨਿਟੀ ਸ਼ੈਡ ਤੇ ਦਰਵਾਜੇ ਦੇ ਕੰਮਾਂ ਸਮੇਤ ਪਿੰਡ ਸਦਰਪੁਰ ਵਿਖੇ ਗੰਦੇ ਪਾਣੀ ਦੇ ਨਿਕਾਸ, ਸਰਕਾਰੀ ਸਕੂਲ ਦਾ ਵੇਹੜਾ ਪੱਕਾ ਕਰਨ ਤੇ ਸੋਲਰ ਸਟਰੀਟ ਲਾਇਟਾਂ ਦੇ ਕੰਮਾਂ ਦੇ ਉਦਘਾਟਨ ਕੀਤੇ।
ਇਸ ਮੌਕੇ ਹਰਜਿੰਦਰ ਸਿੰਘ ਮਿੰਟੂ ਜੌੜਾਮਾਜਰਾ, ਬਲਕਾਰ ਸਿੰਘ ਗੱਜੂਮਾਜਰਾ, ਗੁਲਜ਼ਾਰ ਸਿੰਘ ਵਿਰਕ, ਗੁਰਦੇਵ ਸਿੰਘ ਟਿਵਾਣਾ, ਸੁਰਜੀਤ ਸਿੰਘ ਫ਼ੌਜੀ, ਸੋਨੂੰ ਥਿੰਦ, ਡੀ.ਡੀ.ਪੀ.ਓ. ਅਮਨਦੀਪ ਕੌਰ, ਮੰਡਲ ਭੂਮੀ ਰੱਖਿਆ ਅਫ਼ਸਰ ਇੰਜ. ਗੁਰਬਿੰਦਰ ਸਿੰਘ ਢਿੱਲੋਂ, ਬੀ.ਡੀ.ਪੀ.ਓ. ਪਟਿਆਲਾ ਬਲਜੀਤ ਕੌਰ ਖ਼ਾਲਸਾ, ਸਰਕਲ ਪ੍ਰਧਾਨ ਪਰਵਿੰਦਰ ਸਿੰਘ, ਗੁਰਜੀਤ ਸਿੰਘ ਤੇ ਸੁਖਚੈਨ ਸਿੰਘ ਵਜੀਦਪੁਰ ਸਮੇਤ ਹੋਰ ਪਤਵੰਤੇ ਤੇ ਪਿੰਡ ਵਾਸੀ ਵੀ ਮੌਜੂਦ ਸਨ।

You May Also Like

More From Author

+ There are no comments

Add yours