ਪਟਿਆਲਾ, 25 ਜਨਵਰੀ (ਆਪਣਾ ਪੰਜਾਬ ਡੈਸਕ):
ਪਟਿਆਲਾ ਦੇ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਅੱਜ ਕੌਮੀ ਵੋਟਰ ਦਿਵਸ ਦੇ ਜ਼ਿਲ੍ਹਾ ਪੱਧਰੀ ਸਮਾਗਮ ਮੌਕੇ ਸਰਕਾਰੀ ਮਹਿੰਦਰਾ ਕਾਲਜ ਵਿਖੇ ਸੱਦਾ ਦਿੱਤਾ ਕਿ ਹਰ ਨਾਗਰਿਕ ਆਪਣੀ ਵੋਟ ਦੀ ਲਾਜਮੀ ਵਰਤੋਂ ਕਰੇ।
ਸਾਕਸ਼ੀ ਸਾਹਨੀ ਨੇ ਸਾਰੇ ਯੋਗ ਵੋਟਰਾਂ ਨੂੰ ਬਿਨਾਂ ਕਿਸੇ ਡਰ ਭੇਦਭਾਵ ਦੇ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਪ੍ਰੇਰਿਤ ਕਰਦਿਆਂ ਸਾਰੇ ਯੋਗ ਵੋਟਰਾਂ ਨੂੰ ਆਪਣੇ ਆਪ ਨੂੰ ਵੋਟਰ ਵਜੋਂ ਰਜਿਸਟਰ ਕਰਨ ਦੀ ਅਪੀਲ ਕੀਤੀ, ਉਹਨਾਂ ਨੇ ਕਿਹਾ ਕਿ ਦੇਸ਼ ਦੇ ਵਿਕਾਸ ਤਾਂ ਹੀ ਸੰਭਵ ਹੈ ਜੇਕਰ ਸਾਰੇ ਜਿੰਮੇਵਾਰ ਵੋਟਰ ਬਣਕੇ ਵੱਧ ਤੋਂ ਵੱਧ ਮਤਦਾਨ ਕਰਨ।ਉਨ੍ਹਾਂ ਨੇ ਨਵੇਂ ਵੋਟਰਾਂ ਨੂੰ ਵੋਟਰ ਕਾਰਡ ਵੀ ਵੰਡੇ।
ਸਰਕਾਰੀ ਮਹਿੰਦਰਾ ਕਾਲਜ ਦੇ ਸਵੀਪ ਨੋਡਲ ਅਫਸਰ ਪ੍ਰੋ ਹਰਦੀਪ ਸਿੰਘ ਨੇ ‘ਰਾਸ਼ਟਰੀ ਵੋਟਰ ਦਿਵਸ’ ਮੌਕੇ ਹਾਜ਼ਰੀਨ ਅਤੇ ਪਤਵੰਤਿਆਂ ਨੂੰ ਜਾਗਰੂਕਤਾ ਸਹੁੰ ਚੁਕਾਈ। ਇਸ ਮੌਕੇ ਡੈਫ ਐਂਡ ਡੰਬ ਸਕੂਲ, ਸੈਫਦੀਪੁਰ ਦੇ ਵਿਦਿਆਰਥੀਆਂ ਨੇ ਵੋਟ ਦੀ ਮਹੱਤਤਾ ਸਬੰਧੀ ਸਮੂਹ ਗੀਤ ਪੇਸ਼ ਕੀਤਾ। ਡਾ. ਗੁਰਪ੍ਰੀਤ ਸਿੰਘ ਵਲੋਂ ਲਿਖਿਆ ਵੋਟਾਂ ਨੂੰ ਜਾਗਰੂਕ ਕਰਨ ਲਈ ਗੀਤ, ਗਾਇਕਾ ਮਹਿਮਾਨ ਨੇ ਗਾ ਕੇ ਵੋਟਰ ਦਿਵਸ ਦੇ ਮੌਕੇ ਰੀਲੀਜ਼ ਕੀਤਾ।
ਮਹਿੰਦਰਾ ਕਾਲਜ ਪਟਿਆਲਾ ਦੇ ਵਿਦਿਆਰਥੀਆਂ ਨੇ ਵੋਟਰ ਜਾਗਰੂਕਤਾ ਅਤੇ ਚੋਣ ਭਾਗੀਦਾਰੀ ਸਬੰਧੀ ਨੁੱਕੜ ਨਾਟਕ ਦਾ ਮੰਚਨ ਕੀਤਾ।ਨਰਿੰਦਰ ਸਿੰਘ ਤੇਜਾ ਨੇ ਸਟੇਜ ਸੰਚਾਲਨ ਕੀਤਾ।
ਇਸ ਦੌਰਾਨ ਸਰਵੋਤਮ ਈ.ਆਰ.ਓਜ ਵਜੋਂ ਐਸਡੀਅਮ ਸਮਾਣਾ ਚਰਨਜੀਤ ਸਿੰਘ, ਸਰਵੋਤਮ ਨੋਡਲ ਅਫ਼ਸਰ ਵਜੋਂ ਪ੍ਰੋਫੈਸਰ, ਸਰਕਾਰੀ ਬਿਕਰਮ ਕਾਲਜ ਆਫ ਕਾਮਰਸਡਾ. ਰਜਨੀ ਬਾਲਾ, ਸਰਵੋਤਮ ਬੀ.ਐਲ.ਓ. ਵਜੋਂ ਰਣਜੀਤ ਕੌਰ ਨੂੰ 18-19 ਸਾਲ ਦੇ ਯੋਗ ਵੋਟਰਾਂ ਦੀਆਂ ਸਭ ਤੋਂ ਵੱਧ ਵੋਟਾਂ ਬਣਾਉਣ ਲਈ ਨਕਦ ਇਨਾਮ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਏ.ਡੀ.ਸੀ. ਅਨੁਪ੍ਰਿਤਾ ਜੌਹਲ, ਸੰਯੁਕਤ ਕਮਿਸ਼ਨਰ ਨਗਰ ਨਿਗਮ ਬਬਨਦੀਪ ਸਿੰਘ ਵਾਲੀਆ, ਸਹਾਇਕ ਕਮਿਸ਼ਨਰ ਰਵਿੰਦਰ ਸਿੰਘ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਅਮਨਦੀਪ ਕੌਰ, ਸਟੇਟ ਆਈਕਨ ਡਾ. ਕਿਰਨ, ਪਟਿਆਲਾ ਆਈਕਨ ਡਾ. ਜਗਵਿੰਦਰ ਸਿੰਘ ਅਤੇ ਚੋਣ ਤਹਿਸੀਲਦਾਰ ਰਾਮ ਜੀ ਲਾਲ ਵੀ ਮੌਜੂਦ ਸਨ।
ਸਮਾਗਮ ਮੌਕੇ ਜ਼ਿਲ੍ਹਾ ਸਵੀਪ ਨੋਡਲ ਅਫਸਰ ਪ੍ਰੋ. ਸ਼ਵਿੰਦਰ ਸਿੰਘ ਰੇਖੀ, ਸਹਾਇਕ ਸਵੀਪ ਨੋਡਲ ਅਫਸਰ ਮੌਹਿਤ ਕੋਸ਼ਲ, ਸਵੀਪ ਨੋਡਲ ਅਫਸਰ ਰਾਜਪੁਰਾ ਗੁਰਪ੍ਰੀਤ ਸਿੰਘ, ਸਤਵੀਰ ਸਿੰਘ ਗਿੱਲ, ਰੁਪਿੰਦਰ ਸਿੰਘ, ਨਰਿੰਦਰ ਸਿੰਘ ਢੀਂਡਸਾ, ਮਨੋਜ ਕੁਮਾਰ ਥਾਪਰ ਨੂੰ ਪ੍ਰਸ਼ੰਸਾ ਪੱਤਰ ਦਿੱਤੇ ਗਏ।
+ There are no comments
Add yours