ਹਰਮੀਤ ਸਿੰਘ ਪਠਾਣਮਾਜਰਾ ਨੇ ਸੰਗਤ ਦੇ ਸਹਿਯੋਗ ਨਾਲ ਸੈਂਕੜੇ ਕਰੋੜ ਰੁਪਏ ਦੇ ਨਿਵੇਸ਼ ਨਾਲ ਘੜਾਮ ਵਿਖੇ ਮਾਤਾ ਕੌਸ਼ੱਲਿਆ ਮੰਦਿਰ ਦੇ ਨਿਰਮਾਣ ਦਾ ਐਲਾਨ ਕੀਤਾ

1 min read
-ਪਠਾਣਮਾਜਰਾ ਨੇ ਇੱਕ ਲੱਖ ਰੁਪਏ ਦਾ ਦਿੱਤਾ ਯੋਗਦਾਨ, ਮੌਕੇ ‘ਤੇ 10 ਲੱਖ ਰੁਪਏ ਹੋਏ ਇਕੱਤਰ
-ਕਿਹਾ, ਘੜਾਮ ਦੀ ਇਤਿਹਾਸਕ ਤੇ ਪੌਰਾਣਕ ਮਹੱਤਤਾ ਕਰਕੇ ਸਾਰੇ ਧਰਮਾਂ ਦੀ ਸਾਂਝੀਵਾਲਤਾ ਦਾ ਪ੍ਰਤੀਕ
-ਪਟਿਆਲਾ ਤੋਂ ਘੜਾਮ ਤੱਕ ਚਾਰ ਮਾਰਗੀ ਸੜਕ ਬਣਾਉਣ ਲਈ ਕੇਂਦਰ ਸਰਕਾਰ ਫੰਡ ਦੇਵੇ-ਪਠਾਣਮਾਜਰਾ
-ਕਿਹਾ, ਕੇਂਦਰ ਸਰਕਾਰ ਭਗਵਾਨ ਸ੍ਰੀ ਰਾਮ ਦੇ ਨਾਨਕੇ ਪਿੰਡ ਘੜਾਮ ਦੇ ਵਿਕਾਸ ਲਈ 200 ਕਰੋੜ ਰੁਪਏ ਦੇ ਪ੍ਰਾਜੈਕਟ ਐਲਾਨਣ
-ਅਯੁੱਧਿਆ ‘ਚ ਸ੍ਰੀ ਰਾਮ ਮੰਦਿਰ ਦੇ ਨਿਰਮਾਣ ਸਮੇਂ ਮਾਤਾ ਕੌਸੱਲਿਆ ਦੇ ਪੇਕਾ ਪਿੰਡ ਘੜਾਮ ਨੂੰ ਅੱਖੋਂ ਪਰੋਖੇ ਨਾ ਕਰੇ ਕੇਂਦਰ ਸਰਕਾਰ-ਪਠਾਣਮਾਜਰਾ
-ਮਾਤਾ ਕੌਸ਼ੱਲਿਆ ਦੀ ਯਾਦ ‘ਚ ਪਟਿਆਲਾ ਵਿਖੇ ਕੌਮਾਂਤਰੀ ਹਵਾਈ ਅੱਡਾ ਵੀ ਬਣਾਇਆ ਜਾਵੇ
ਦੇਵੀਗੜ੍ਹ/ਘੜਾਮ/ਭੁੱਨਰਹੇੜੀ, ਪਟਿਆਲਾ, 22 ਜਨਵਰੀ:
ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਨਿਵੇਕਲੀ ਪਹਿਲਕਦਮੀ ਕਰਦਿਆਂ ਅਯੁੱਧਿਆ ਵਿਖੇ ਬਣੇ ਭਗਵਾਨ ਸ੍ਰੀ ਰਾਮ ਮੰਦਿਰ ਦੀ ਤਰਜ ‘ਤੇ ਆਪਣੇ ਹਲਕੇ ਦੇ ਪਿੰਡ ਘੜਾਮ ਵਿਖੇ ਸੰਗਤ ਦੇ ਸਹਿਯੋਗ ਨਾਲ ਕਰੋੜਾਂ ਰੁਪਏ ਦੇ ਨਿਵੇਸ਼ ਨਾਲ ਭਗਵਾਨ ਸ੍ਰੀ ਰਾਮ ਦੇ ਮਾਤਾ ਜੀ ਦੀ ਯਾਦ ‘ਚ ਮਾਤਾ ਕੌਸ਼ੱਲਿਆ ਮੰਦਿਰ ਦੇ ਨਿਰਮਾਣ ਦਾ ਐਲਾਨ ਕੀਤਾ ਹੈ।
ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਅੱਜ ਇੱਥੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਮਾਤਾ ਕੌਸ਼ੱਲਿਆ ਟਰਸਟ ਬਣਾ ਕੇ ਇਸ ਮੰਦਿਰ ਦਾ ਨਿਰਮਾਣ ਕੀਤਾ ਜਾਵੇਗਾ ਤੇ ਇਸ ਲਈ ਉਨ੍ਹਾਂ ਨੇ ਖ਼ੁਦ ਇੱਕ ਲੱਖ ਰੁਪਏ ਦੇ ਕੇ ਇਸ ਮੰਦਿਰ ਦੀ ਸੇਵਾ ਸ੍ਰੀ ਪਾਤਾਲੇਸ਼ਵਰ ਮੰਦਿਰ, ਬਾਬਾ ਸ੍ਰੀ ਸ਼ੰਕਰ ਗਿਰ ਔਲੀਆ ਜੀ ਘੜਾਮ ਦੇ ਬਾਬਾ ਪ੍ਰੇਮਾ ਨੰਦ ਗਿਰੀ ਜੀ ਨੂੰ ਸੌਂਪੀ ਹੈ।
ਇਸ ਮੌਕੇ ਵਿਧਾਇਕ ਪਠਾਣਮਾਜਰਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਕਿ ਅਯੁੱਧਿਆ ਵਿਖੇ ਸ੍ਰੀ ਰਾਮ ਮੰਦਿਰ ਵਿਖੇ ਭਗਵਾਨ ਸ੍ਰੀ ਰਾਮ ਲੱਲਾ ਦੇ ਪ੍ਰਾਣ ਪ੍ਰਤਿੱਸ਼ਠਾ ਸਮਾਰੋਹ ਦੇ ਮੌਕੇ ਭਗਵਾਨ ਸ੍ਰੀ ਰਾਮ ਦੇ ਨਾਨਕੇ ਪਿੰਡ ਘੜਾਮ ਦੇ ਵਿਕਾਸ ਲਈ 200 ਕਰੋੜ ਰੁਪਏ ਦੇ ਪ੍ਰਾਜੈਕਟ ਦਾ ਐਲਾਨ ਕੀਤਾ ਜਾਣਾ ਚਾਹੀਦਾ ਹੈ ਨਾ ਕਿ ਭਗਵਾਨ ਰਾਮ ਦੇ ਮਾਤਾ ਜੀ ਕੌਸ਼ੱਲਿਆ ਦੇ ਪੇਕਾ ਪਿੰਡ ਨੂੰ ਅੱਖੋਂ ਪਰੋਖੇ ਕੀਤਾ ਜਾਵੇ।
ਹਰਮੀਤ ਸਿੰਘ ਪਠਾਣਮਾਜਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਘੜਾਮ ਦੇ ਵਿਕਾਸ ਲਈ ਪਹਿਲਾਂ ਹੀ ਕਈ ਤਰ੍ਹਾਂ ਦੀਆਂ ਤਜਵੀਜਾਂ ਉਲੀਕੀਆਂ ਜਾ ਚੁੱਕੀਆਂ ਹਨ, ਇਸ ਲਈ ਕੇਂਦਰ ਸਰਕਾਰ ਪਟਿਆਲਾ ਤੋਂ ਘੜਾਮ ਤੱਕ ਸੜਕ ਨੂੰ ਚਾਰ ਮਾਰਗੀ ਬਣਾਉਣ ਸਮੇਤ ਪਟਿਆਲਾ ਵਿਖੇ ਮਾਤਾ ਕੌਸ਼ੱਲਿਆ ਦੀ ਯਾਦ ਵਿੱਚ ਕੌਮਾਂਤਰੀ ਹਵਾਈ ਅੱਡੇ ਦਾ ਨਿਰਮਾਣ ਕਰਵਾਏ ਤਾਂ ਕਿ ਇਸ ਪੌਰਾਣਕ ਤੇ ਇਤਿਹਾਸਕ ਮਹੱਤਤਾ ਵਾਲੇ ਨਗਰ ਨੂੰ ਕੌਮਾਂਤਰੀ ਨਕਸ਼ੇ ‘ਤੇ ਉਭਾਰਿਆ ਜਾ ਸਕੇ।
ਹਰਮੀਤ ਸਿੰਘ ਪਠਾਣਮਾਜਰਾ ਨੇ ਕਿਹਾ ਕਿ ਭਗਵਾਨ ਸ੍ਰੀ ਰਾਮ ਦੇ ਪਿਤਾ ਸ੍ਰੀ ਦਸਰਥ ਘੜਾਮ ਵਿਖੇ ਆਪਣੀ ਬਰਾਤ ਲੈਕੇ ਜਿੱਥੇ ਆਏ ਸਨ, ਉਥੇ ਬਾਉਲੀ ਸੀ ਤੇ ਇੱਥੇ ਹੁਣ ਗੁਰਦੁਆਰਾ ਮਿਲਾਪ ਸਰ ਸਾਹਿਬ ਸ਼ੁਸੋਭਿਤ ਹੈ। ਇੱਥੇ ਹੀ ਪੀਰ ਭੀਖਣ ਸ਼ਾਹ ਦਾ ਅਸਥਾਨ ਵੀ ਮੌਜੂਦ ਹੈ। ਇਸ ਲਈ ਇਹ ਅਸਥਾਨ, ਜੋ ਕਿ ਭਗਵਾਨ ਰਾਮ ਦਾ ਨਾਨਕਾ ਪਿੰਡ ਹੈ, ਇਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਅਯੁੱਧਿਆ ਵਿਖੇ ਭਗਵਾਨ ਸ੍ਰੀ ਰਾਮ ਮੰਦਿਰ ਦੇ ਨਿਰਮਾਣ ਸਮੇਂ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ।
ਵਿਧਾਇਕ ਪਠਾਣਮਾਜਰਾ ਨੇ ਦੱਸਿਆ ਕਿ ਘੜਾਮ ਵਿਖੇ ਹਿੰਦੂ, ਮੁਸਲਿਮ ਤੇ ਸਿੱਖ ਧਰਮ ਦੇ ਸਾਂਝੇ ਅਸਥਾਨ ਹਨ, ਇਸ ਲਈ ਪਿੰਡ ਘੜਾਮ ਸਾਂਝੀਵਾਲਤਾ ਦਾ ਪ੍ਰਤੀਕ ਹੈ ਪਰੰਤੂ ਅਫ਼ਸੋਸ ਹੈ ਕਿ ਪਿਛਲੇ ਸਮੇਂ ਵਿੱਚ ਇਸ ਹਲਕੇ ਵਿੱਚ ਬਾਹਰੀ ਵਿਧਾਇਕ ਬਣਦੇ ਰਹੇ ਤੇ ਇਸ ਪਵਿੱਤਰ ਨਗਰ ਦੇ ਵਿਕਾਸ ਵੱਲ ਕਿਸੇ ਨੇ ਕੋਈ ਧਿਆਨ ਨਹੀਂ ਦਿੱਤਾ ਪਰੰਤੂ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਘੜਾਮ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕਿਸੇ ਸਮੇਂ ਇਸ ਥੇਹ ਦੀ ਖੁਦਾਈ ਸ਼ੁਰੂ ਹੋਈ ਸੀ ਪਰੰਤੂ ਉਸ ਤੋਂ ਬਾਅਦ ਇਸ ਦੀ ਕੋਈ ਹੋਰ ਖੋਜ ਨਹੀਂ ਹੋਈ ਇਸ ਲਈ ਕੇਂਦਰ ਸਰਕਾਰ ਸ੍ਰੀ ਰਾਮ ਦੇ ਨਾਨਕੇ ਪਿੰਡ ਦੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦੇਵੇ।
ਇਸ ਮੌਕੇ ਵਿਧਾਇਕ ਵੱਲੋਂ ਮਾਤਾ ਕੌਸ਼ੱਲਿਆ ਮੰਦਿਰ ਦੇ ਨਿਰਮਾਣ ਲਈ ਖ਼ੁਦ ਇੱਕ ਲੱਖ ਰੁਪਏ ਦੇਣ ਦੇ ਐਲਾਨ ਕਰਨ ਦੇ ਨਾਲ ਹੀ ਮੌਕੇ ‘ਤੇ ਮੌਜੂਦ ਬਹੁਤ ਸਾਰੇ ਸ਼ਰਧਾਲੂਆਂ ਵੱਲੋਂ ਵੀ ਖੁੱਲ੍ਹੇ ਦਿਲ ਨਾਲ ਦਾਨ ਕੀਤਾ ਗਿਆ ਤੇ ਮੌਕੇ ‘ਤੇ ਹੀ 10 ਲੱਖ ਤੋਂ ਵਧੇਰੇ ਰਾਸ਼ੀ ਇਕੱਤਰ ਹੋ ਗਈ। ਪਠਾਣਮਾਜਰਾ ਨੇ ਦੱਸਿਆ ਕਿ ਮਾਤਾ ਕੌਸ਼ੱਲਿਆ ਦੇ ਨਾਮ ‘ਤੇ ਟਰੱਸਟ ਬਣਾ ਕੇ ਇਸ ਰਾਹੀਂ ਸੁੰਦਰ ਮੰਦਿਰ ਦੇ ਨਿਰਮਾਣ ਦਾ ਕਾਰਜ ਬਹੁਤ ਜਲਦ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਅਸਥਾਨ ਦੇ ਇਤਿਹਾਸ ਬਾਰੇ ਪਟਿਆਲਾ ਦੇ ਰੇਲਵੇ ਸਟੇਸ਼ਨ ਵਿਖੇ ਵੀ ਇਬਾਰਤ ਲਿਖੀ ਜਾਵੇਗੀ।
ਇਸ ਦੌਰਾਨ ਬੀਬੀ ਭੋਲੂ ਸ਼ਾਹ ਮੁੱਖ ਸੰਚਾਲਕ ਬਾਬਾ ਭੀਖਮ ਸ਼ਾਹ ਦੀ ਦਰਗਾਹ ਘੜਾਮ, ਇੰਦਰਜੀਤ ਸਿੰਘ ਸੰਧੂ, ਹਰਦੇਵ ਸਿੰਘ ਘੜਾਮ, ਅਮਨ ਪਠਾਣਮਾਜਰਾ, ਸ਼ੁਰੂਆਤ ‘ਚ ਮਾਤਾ ਕੌਸ਼ੱਲਿਆ ਮੰਦਿਰ ਦੀ ਖੋਜ ਕਰਨ ਵਾਲੇ ਡਾ. ਮਨਜੀਤ ਸਿੰਘ ਰੰਧਾਵਾ, ਚੇਅਰਮੈਨ ਗੁਰਮੀਤ ਸਿੰਘ ਬਿੱਟੂ, ਡਾ. ਕਰਮ ਸਿੰਘ ਬਲਬੇੜਾ, ਹਰਦੇਵ ਸਿੰਘ ਘੜਾਮ, ਪਰਦੀਪ ਸਿੰਘ ਪਠਾਣਮਾਜਰਾ, ਮਨਿੰਦਰ ਸਿੰਘ ਫਰਾਂਸਵਾਲਾ ਸਮੇਤ ਵੱਡੀ ਗਿਣਤੀ ਹੋਰ ਸ਼ਰਧਾਲੂ ਵੀ ਮੌਜੂਦ ਸਨ।

You May Also Like

More From Author

+ There are no comments

Add yours