ਮੁੱਖ ਚੋਣ ਅਫਸਰ ਵੱਲੋਂ ਸਿਆਸੀ ਪਾਰਟੀਆਂ ਨਾਲ ਮੀਟਿੰਗ; ਵੋਟਰ ਸੂਚੀਆਂ (ਬਿਨਾਂ ਫੋਟੋ) ਦੀ ਸੀਡੀਜ਼ ਦਿੱਤੀਆਂ

1 min read
ਚੰਡੀਗੜ੍ਹ, 22 ਜਨਵਰੀ: 
ਪੰਜਾਬ ਦੇ ਮੁੱਖ ਚੋਣ ਅਫਸਰ ਸਿਬਿਨ ਸੀ. ਵੱਲੋਂ ਪੰਜਾਬ ਦੀਆਂ ਸਮੂਹ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਨਾਲ ਇਕ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਮੁੱਖ ਚੋਣ ਅਫਸਰ ਵੱਲੋਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਪੰਜਾਬ ਰਾਜ ਦੀ ਫੋਟੋ ਵੋਟਰ ਸੂਚੀਆਂ (ਬਿਨਾਂ ਫੋਟੋ) ਦੀਆਂ ਸੀਡੀਜ਼ ਦਿੱਤੀਆਂ ਗਈਆਂ। ਸਿਬਿਨ ਸੀ. ਨੇ ਦੱਸਿਆ ਕਿ ਫੋਟੋ ਵੋਟਰ ਸੂਚੀਆਂ ਦੀ ਹਾਰਡ ਕਾਪੀ (ਫੋਟੋ ਸਮੇਤ) ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ, ਚੋਣਕਾਰ ਰਜਿਸਟ੍ਰੇਸ਼ਨ ਅਫਸਰਾਂ ਅਤੇ ਬੀ.ਐਲ.ਓਜ਼ ਪਾਸ ਵੇਖਣ ਲਈ ਉਪਲੱਬਧ ਹਨ।
ਉਨ੍ਹਾਂ ਦੱਸਿਆ ਕਿ 22 ਜਨਵਰੀ 2024 ਨੂੰ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਤੱਕ ਪੰਜਾਬ ਵਿਚ ਕੁੱਲ ਵੋਟਰਾਂ ਦੀ ਗਿਣਤੀ 2 ਕਰੋੜ 12 ਲੱਖ 31 ਹਜ਼ਾਰ 916 ਹੈ। ਜਿਨ੍ਹਾਂ ਵਿੱਚੋਂ ਮਰਦ 1,11,75,220, ਔਰਤਾਂ 1,00,55,946  ਤੀਜਾ ਲਿੰਗ 750, ਐਨ.ਆਰ.ਆਈ 1595, ਦਿਵਿਆਂਗ ਵੋਟਰ 1,65,410 ਅਤੇ ਸਰਵਿਸ ਵੋਟਰ 1,06,635 ਹਨ।
ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਵਿੱਚ ਕੁੱਲ ਪੋਲਿੰਗ ਸਟੇਸ਼ਨਾਂ ਦੀ ਗਿਣਤੀ 24,433 ਹੈ। ਜਿਸ ਵਿੱਚ ਸ਼ਹਿਰੀ ਪੋਲਿੰਗ ਸਟੇਸ਼ਨਾਂ ਦੀ ਗਿਣਤੀ 7648 ਅਤੇ ਪੇਂਡੂ ਪੋਲਿੰਗ ਸਟੇਸ਼ਨਾਂ ਦੀ ਗਿਣਤੀ 16,785 ਹੈ। ਸਾਰੇ ਪੋਲਿੰਗ ਸਟੇਸ਼ਨ ਵੋਟਰਾਂ ਦੀ ਸਹੂਲਤ ਲਈ ਗਰਾਊਂਡ ਫਲੋਰ ਉੱਤੇ ਬਣਾਏ ਗਏ ਹਨ। ਕਿਸੇ ਵੀ ਵੋਟਰ ਨੂੰ ਵੋਟ ਪਾਉਣ ਲਈ ਪੋਲਿੰਗ ਸਟੇਸ਼ਨ ਦੀ ਦੂਰੀ 2 ਕਿਲੋਮੀਟਰ ਤੋਂ ਜ਼ਿਆਦਾ ਨਹੀਂ ਰੱਖੀ ਗਈ ਹੈ।
ਉਨ੍ਹਾਂ ਕਿਹਾ ਕਿ ਈ.ਵੀ.ਐਮ ਜਾਗਰੂਕਤਾ ਅਤੇ ਵੋਟਰ ਟਰਨਆਉਟ ਵਧਾਉਣ ਲਈ 3 ਵੈਨਾਂ ਚਲਾਈਆਂ ਗਈਆਂ ਹਨ। ਇਨ੍ਹਾਂ ਵੈਨਾਂ ਰਾਹੀਂ ਈ.ਵੀ.ਐਮ/ਵੀ.ਵੀ.ਪੈਟ ਮਸ਼ੀਨਾਂ ਬਾਰੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾ ਰਿਹਾ ਹੈ।
ਮੀਟਿੰਗ ਦੌਰਾਨ ਸਿਆਸੀ ਪਾਰਟੀਆਂ ਦੇ ਨੁਮਾਇੰਦੀਆਂ ਨੂੰ ਬੇਨਤੀ ਕੀਤੀ ਗਈ ਕਿ ਉਹ ਹਰ ਇਕ ਪੋਲਿੰਗ ਸਟੇਸ਼ਨ ‘ਤੇ ਆਪਣੇ ਆਪਣੇ ਬੂਥ ਲੈਵਲ ਏਜੰਟ ਨਿਯੁਕਤ ਕਰਨ ਤਾਂ ਜੋ ਚੋਣਾਂ ਨੂੰ ਪਾਰਦਰਸ਼ੀ ਢੰਗ ਨਾਲ ਮੁਕੰਮਲ ਕੀਤਾ ਜਾ ਸਕੇ। ਮੀਟਿੰਗ ਵਿੱਚ ਉਪ ਮੁੱਖ ਚੋਣ ਅਫਸਰ ਭਾਰਤ ਭੂਸ਼ਨ ਬਾਂਸਲ ਅਤੇ ਚੋਣ ਅਫਸਰ ਅੰਜੂ ਬਾਲਾ ਵੀ ਹਾਜ਼ਰ ਸਨ।

You May Also Like

More From Author

+ There are no comments

Add yours