ਕ੍ਰਿਸ਼ੀ ਵਿਗਿਆਨ ਕੇਂਦਰ ਨੇ ਖੇਤ ਦਿਵਸ ਮਨਾਇਆ

0 min read

-ਕਿਸਾਨਾਂ ਨੂੰ ਕਣਕ, ਆਲੂ ਅਤੇ ਟਮਾਟਰ ਦੀਆਂ ਬਿਮਾਰੀਆਂ ਬਾਰੇ ਦਿੱਤੀ ਜਾਣਕਾਰੀ
ਪਟਿਆਲਾ, 18 ਜਨਵਰੀ:
ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਪਿੰਡ ਬਿਰੜਵਾਲ (ਪਟਿਆਲਾ) ਵਿਖੇ ਕਣਕ, ਆਲੂ ਅਤੇ ਟਮਾਟਰ ਦੀਆਂ ਬਿਮਾਰੀਆਂ ਬਾਰੇ ਇਕ ਖੇਤ ਦਿਵਸ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਇਲਾਕੇ ਦੇ ਤਕਰੀਬਨ 40 ਕਿਸਾਨਾਂ ਨੇ ਸ਼ਿਰਕਤ ਕੀਤੀ।
ਇਸ ਖੇਤ ਦਿਵਸ ਵਿਚ ਪੌਦਾ ਰੋਗ ਵਿਭਾਗ, ਪੀ.ਏ.ਯੂ., ਲੁਧਿਆਣਾ ਦੇ ਸੀਨੀਅਰ ਪਸਾਰ ਮਾਹਿਰ ਡਾ. ਅਮਰਜੀਤ ਸਿੰਘ ਅਤੇ ਵਿਸ਼ਾਣੂ ਰੋਗਾਂ ਦੇ ਮਾਹਿਰ ਡਾ. ਮਨਮੋਹਨ ਢਕਾਲ ਨੇ ਵਿਸ਼ੇਸ਼ ਤੌਰ ਤੇ ਭਾਗ ਲਿਆ।
ਇਸ ਮੌਕੇ ਬੋਲਦਿਆਂ ਡਾ. ਅਮਰਜੀਤ ਸਿੰਘ ਨੇ ਆਏ ਹੋਏ ਕਿਸਾਨਾਂ ਨੂੰ ਆਲੂਆਂ ਦੇ ਪਿਛੇਤੇ ਝੁਲਸ ਰੋਗ ਦੀਆਂ ਨਿਸ਼ਾਨੀਆਂ ਅਤੇ ਇਲਾਜ ਬਾਰੇ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੂੰ ਇਸ ਰੋਗ ਦੀ ਰੋਕਥਾਮ ਲਈ ਪੀ.ਏ.ਯੂ., ਵੱਲੋਂ ਵਿਕਸਿਤ ਵੈਬ ਅਧਾਰਿਤ ਨਿਰਣਾਇਕ ਪ੍ਰਣਾਲੀ ਅਪਣਾਉਣ ਲਈ ਪ੍ਰੇਰਿਆ। ਡਾ. ਮਨਮੋਹਨ ਢਕਾਲ ਨੇ ਕਿਸਾਨਾਂ ਨੂੰ ਆਲੂ ਅਤੇ ਟਮਾਟਰ ਦੇ ਵਿਸ਼ਾਣੂੰ ਰੋਗਾਂ ਦੀ ਪਹਿਚਾਣ ਕਰਨ ਦਾ ਤਰੀਕਾ ਅਤੇ ਉਨ੍ਹਾਂ ਦੀ ਰੋਕਥਾਮ ਦੇ ਉਪਰਾਲਿਆਂ ਬਾਰੇ ਜਾਗਰੂਕ ਕੀਤਾ।
ਇਸ ਖੇਤ ਦਿਵਸ ਵਿਚ ਡਾ. ਹਰਦੀਪ ਸਿੰਘ ਸਭਿਖੀ, ਸਹਾਇਕ ਪ੍ਰੋਫੈਸਰ (ਪੌਦ ਸੁਰੱਖਿਆ), ਕੇ.ਵੀ.ਕੇ., ਪਟਿਆਲਾ ਨੇ ਕਣਕ ਦੀਆਂ ਬਿਮਾਰੀਆਂ ਦੀ ਸਰਵਪੱਖੀ ਰੋਕਥਾਮ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿਤੀ ਅਤੇ ਡਾ. ਰਚਨਾ ਸਿੰਗਲਾ, ਪ੍ਰੋਫੈਸਰ (ਬਾਗਬਾਨੀ), ਕੇ.ਵੀ.ਕੇ., ਪਟਿਆਲਾ ਨੇ ਕਿਸਾਨਾਂ ਨੂੰ ਰੋਗ ਰਹਿਤ ਆਲੂ ਦਾ ਬੀਜ ਤਿਆਰ ਕਰਨ ਦੀ ਵਿਧੀ ਬਾਰੇ ਦੱਸਿਆ। ਅੰਤ ਵਿਚ ਪਿੰਡ ਬਿਰੜਵਾਲ ਦੇ ਅਗਾਂਹਵਧੂ ਕਿਸਾਨ ਸ. ਹਰਬੰਸ ਸਿੰਘ ਨੇ ਆਏ ਹੋਏ ਕਿਸਾਨਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੀਆਂ ਸਿਫਾਰਸ਼ਾਂ ਨੂੰ ਅਪਣਾਉਣ ਦੀ ਪੁਰਜ਼ੋਰ ਅਪੀਲ ਕੀਤੀ।

You May Also Like

More From Author

+ There are no comments

Add yours