ਪੰਜਾਬ ਸਰਕਾਰ ਨੇ ਮਾਘੀ ਮੇਲੇ ਦੌਰਾਨ ਘੋੜਿਆਂ ਸਬੰਧੀ ਗਤੀਵਿਧੀਆਂ ਨੂੰ ਦਿੱਤੀ ਪ੍ਰਵਾਨਗੀ

1 min read
• ਸ੍ਰੀ ਮੁਕਤਸਰ ਸਾਹਿਬ ਵਿਖੇ ਲੱਗਣ ਵਾਲੇ ਪਸ਼ੂਧਨ ਮੇਲੇ ‘ਚ ਹੁਸ਼ਿਆਰਪੁਰ ਨੂੰ ਛੱਡ ਕੇ ਸੂਬੇ ਭਰ ਦੇ ਘੋੜਾ ਮਾਲਕ ਹਿੱਸਾ ਲੈ ਸਕਦੇ ਹਨ: ਗੁਰਮੀਤ ਸਿੰਘ ਖੁੱਡੀਆਂ
• ਚਾਹਵਾਨ ਮਾਲਕ ਆਪਣੇ ਘੋੜਿਆਂ ਦੀ ਗਲੈਂਡਰਜ਼ ਟੈਸਟਿੰਗ ਦੀ ਨੈਗਟਿਵ ਰਿਪੋਰਟ ਲਿਆਉਣਾ ਯਕੀਨੀ ਬਣਾਉਣ: ਪਸ਼ੂ ਪਾਲਣ ਮੰਤਰੀ
ਚੰਡੀਗੜ੍ਹ, 4 ਜਨਵਰੀ:
ਸੂਬੇ ਦੇ ਘੋੜਾ ਮਾਲਕਾਂ ਅਤੇ ਬਰੀਡਰਾਂ ਨੂੰ ਵੱਡੀ ਖੁਸ਼ਖਬਰੀ ਦਿੰਦਿਆਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਲੱਗਣ ਵਾਲੇ ਮਾਘੀ ਮੇਲੇ ਦੌਰਾਨ 9 ਤੋਂ 16 ਜਨਵਰੀ ਤੱਕ ਚੱਲਣ ਵਾਲੇ ਪਸ਼ੂਧਨ ਮੇਲੇ ਵਿੱਚ ਘੋੜਿਆਂ ਸਬੰਧੀ ਗਤੀਵਿਧੀਆਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਤੇਜ਼ੀ ਨਾਲ ਫੈਲਣ ਵਾਲੀ ਇਸ ਜ਼ੂਨੋਟਿਕ ਗਲੈਂਡਰਜ਼ ਬਿਮਾਰੀ ਨੂੰ ਰੋਕਣ ਅਤੇ ਨੈਸ਼ਨਲ ਐਕਸ਼ਨ ਪਲਾਨ ਫ਼ਾਰ ਗਲੈਂਡਰਜ਼ (ਭਾਰਤ ਸਰਕਾਰ) ਦੇ ਦਿਸ਼ਾ-ਨਿਰਦੇਸ਼ਾਂ ਨੂੰ ਧਿਆਨ ਵਿਚ ਰੱਖਦਿਆਂ ਪੰਜਾਬ ਸਰਕਾਰ ਨੇ ਮਈ 2023 ਵਿੱਚ ਘੋੜਿਆਂ ਸਬੰਧੀ ਗਤੀਵਿਧੀਆਂ ‘ਤੇ ਪਾਬੰਦੀ ਲਗਾ ਦਿੱਤੀ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਅੰਮ੍ਰਿਤਸਰ, ਬਠਿੰਡਾ, ਲੁਧਿਆਣਾ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਤੋਂ ਘੋੜਿਆਂ ਵਿੱਚ ਗਲੈਂਡਰਜ਼ ਬਿਮਾਰੀ ਫੈਲਣ ਦੀਆਂ ਰਿਪੋਰਟਾਂ ਮਿਲੀਆਂ ਸਨ, ਜਿਸ ਕਾਰਨ ਸੂਬਾ ਸਰਕਾਰ ਨੇ ਘੋੜਿਆਂ ਸਬੰਧੀ ਗਤੀਵਿਧੀਆਂ ‘ਤੇ ਪਾਬੰਦੀ ਲਗਾ ਦਿੱਤੀ ਸੀ।
ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ, ਬਠਿੰਡਾ ਅਤੇ ਲੁਧਿਆਣਾ ਜ਼ਿਲ੍ਹਿਆਂ ਵਿੱਚ ਨਿਗਰਾਨੀ ਦੌਰਾਨ ਗਲੈਂਡਰਜ਼ ਦਾ ਕੋਈ ਵੀ ਕੇਸ ਪਾਜ਼ੇਟਿਵ ਨਹੀਂ ਆਇਆ ਹੈ, ਜਿਸ ਕਾਰਨ ਸੂਬਾ ਸਰਕਾਰ ਨੇ ਇਹ ਪਾਬੰਦੀ ਹਟਾਉਣ ਦਾ ਫ਼ੈਸਲਾ ਕੀਤਾ ਹੈ। ਇਸ ਨਾਲ ਘੋੜਾ ਮਾਲਕਾਂ ਨੂੰ ਮਾਘੀ ਮੇਲੇ ਦੌਰਾਨ ਪਸ਼ੂਧਨ ਮੇਲੇ ਵਿੱਚ ਹਿੱਸਾ ਲੈਣ ਦੀ ਆਗਿਆ ਦਿੱਤੀ ਗਈ ਹੈ। ਉਹਨਾਂ ਅੱਗੇ ਕਿਹਾ ਕਿ ਹੁਸ਼ਿਆਰਪੁਰ ਦੇ ਘੋੜੇ ਇਸ ਮੇਲੇ ਵਿੱਚ ਹਿੱਸਾ ਨਹੀਂ ਲੈ ਸਕਦੇ ਹਨ ਕਿਉਂਕਿ ਉੱਥੇ ਅਜੇ ਟੈਸਟਿੰਗ ਚੱਲ ਰਹੀ ਹੈ।
ਸ੍ਰੀ ਖੁੱਡੀਆਂ ਨੇ ਦੱਸਿਆ ਕਿ ਚਾਹਵਾਨ ਮਾਲਕਾਂ ਨੂੰ ਹਿੱਸਾ ਲੈ ਰਹੇ ਘੋੜਿਆਂ ਦੀ ਐਨ.ਆਰ.ਡੀ.ਡੀ.ਐਲ. ਜਲੰਧਰ ਜਾਂ ਐਨ.ਆਰ.ਸੀ.ਈ. ਹਿਸਾਰ ਜਾਂ ਸੂਬੇ ਦੁਆਰਾ ਪ੍ਰਵਾਨਿਤ ਡਾਇਗਨੌਸਟਿਕ ਲੈਬ ਤੋਂ ਗਲੈਂਡਰਜ਼ ਟੈਸਟਿੰਗ ਦੀ ਨੈਗੇਟਿਵ ਰਿਪੋਰਟ ਲਿਆਉਣਾ ਯਕੀਨੀ ਬਣਾਉਣਾ ਹੋਵੇਗਾ ਅਤੇ ਇਹ ਰਿਪੋਰਟ 30 ਦਿਨਾਂ ਤੋਂ ਵੱਧ ਪੁਰਾਣੀ ਨਹੀਂ ਹੋਣੀ ਚਾਹੀਦੀ।
ਉਨ੍ਹਾਂ ਦੱਸਿਆ ਕਿ ਹਿੱਸਾ ਲੈਣ ਵਾਲੇ ਘੋੜਿਆਂ ਦੇ ਸਾਰੇ ਮਾਲਕਾਂ ਨੂੰ ਸਬੰਧਤ ਜ਼ਿਲ੍ਹੇ ਦੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਦੁਆਰਾ ਤਸਦੀਕਸ਼ੁਦਾ “ਅੰਡਰਟੇਕਿੰਗ” ਲੈ ਕੇ ਆਉਣੀ ਹੋਵੇਗੀ। ਉਨ੍ਹਾਂ ਅੱਗੇ ਕਿਹਾ ਕਿ ਮੇਲੇ ਵਾਲੇ ਸਥਾਨ ‘ਤੇ ਘੋੜਿਆਂ ਦੀ ਐਂਟਰੀ ਤੋਂ ਪਹਿਲਾਂ ਇਸ ਅੰਡਰਟੇਕਿੰਗ ਦੀ ਜਾਂਚ ਐਨ.ਆਰ.ਡੀ.ਡੀ.ਐਲ., ਜਲੰਧਰ ਅਤੇ ਸਕ੍ਰੀਨਿੰਗ ਕਮੇਟੀ ਦੁਆਰਾ ਕੀਤੀ ਜਾਵੇਗੀ।

You May Also Like

More From Author

+ There are no comments

Add yours