ਮੱਛੀ ਪਾਲਣ ਵਿਭਾਗ ਵੱਲੋਂ ਸਰਦੀਆਂ ਦੌਰਾਨ ਜਲ-ਜੀਵਾਂ ਦੀ ਸਾਂਭ-ਸੰਭਾਲ ਸਬੰਧੀ ਐਡਵਾਇਜ਼ਰੀ ਜਾਰੀ

1 min read
• ਮੱਛੀ ਪਾਲਕਾਂ ਨੂੰ ਤਲਾਬਾਂ ਵਿੱਚ ਪਾਣੀ ਦਾ ਪੱਧਰ 6-7 ਫੁੱਟ ਰੱਖਣ ਅਤੇ ਤਾਪਮਾਨ ਦੇ ਹਿਸਾਬ ਨਾਲ ਖੁਰਾਕ ਦੇਣ ਦੀ ਸਲਾਹ

 

ਚੰਡੀਗੜ੍ਹ, 30 ਦਸੰਬਰ:

 

ਪੰਜਾਬ ਦੇ ਮੱਛੀ ਪਾਲਣ ਵਿਭਾਗ ਨੇ ਸੂਬੇ ਦੇ ਮੱਛੀ ਪਾਲਕਾਂ ਨੂੰ ਸਰਦੀਆਂ ਦੌਰਾਨ ਜਲ-ਜੀਵਾਂ, ਜਿਨ੍ਹਾਂ ਨੂੰ ਸਿਆਲ ਵਿੱਚ ਵਿਸ਼ੇਸ਼ ਦੇਖਭਾਲ ਦੀ ਲੋੜ ਹੁੰਦੀ ਹੈ, ਦੀ ਸਾਂਭ-ਸੰਭਾਲਣ ਬਾਰੇ ਜਾਗਰੂਕ ਕਰਨ ਲਈ ਐਡਵਾਇਜ਼ਰੀ ਜਾਰੀ ਕੀਤੀ ਹੈ।

 

ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਸਰਦੀਆਂ ਦੇ ਮੌਸਮ ਦੌਰਾਨ ਤਾਪਮਾਨ ਵਿੱਚ ਗਿਰਾਵਟ ਆਉਣ ਦੇ ਮੱਦੇਨਜ਼ਰ ਸੂਬੇ ਦੇ ਮੱਛੀ ਪਾਲਕਾਂ ਨੂੰ ਮੱਛੀਆਂ ਦੇ ਤਲਾਬ ਵਿੱਚ ਪਾਣੀ ਦਾ ਪੱਧਰ 6-7 ਫੁੱਟ ਤੱਕ ਬਣਾਈ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ ਤਾਂ ਜੋ ਹੇਠਲੇ ਗਰਮ ਜ਼ੋਨ ਵਿੱਚ ਹਾਈਬਰਨੇਸ਼ਨ ਵਾਸਤੇ  ਮੱਛੀਆਂ ਨੂੰ ਲੋੜੀਂਦੀ ਜਗ੍ਹਾ ਮੁਹੱਈਆ ਕਰਵਾਈ ਜਾ ਸਕੇ।

 

ਇਸ ਤੋਂ ਇਲਾਵਾ ਕਿਸਾਨਾਂ ਨੂੰ ਇਹ ਵੀ ਸਲਾਹ ਦਿੱਤੀ ਗਈ ਹੈ ਕਿ ਉਹ ਤਾਪਮਾਨ ਦੇ ਹਿਸਾਬ ਨਾਲ ਮੱਛੀਆਂ ਨੂੰ ਖ਼ੁਰਾਕ ਦੇਣ, ਜੈਵਿਕ ਖ਼ੁਰਾਕ ਦੀ ਵਰਤੋਂ ਨੂੰ ਘਟਾਉਣ ਜਾਂ ਬੰਦ ਕਰਨ ਕਿਉਂਕਿ ਵਾਧੂ ਫੀਡ ਤਲਾਬ ਦੇ ਤਲ ‘ਤੇ ਇਕੱਠੀ ਹੋਣੀ ਸ਼ੁਰੂ ਹੋ ਜਾਂਦੀ ਹੈ, ਜਿਸ ਨਾਲ ਪਾਣੀ ਦੀ ਗੁਣਵੱਤਾ ਵਿਗੜਨ ਲੱਗਦੀ ਹੈ। ਇਸ ਤੋਂ ਇਲਾਵਾ ਕਿਸਾਨਾਂ ਨੂੰ ਆਕਸੀਜਨ ਦੀ ਕਮੀ ਨੂੰ ਪੂਰਾ ਕਰਨ ਲਈ ਸਵੇਰੇ ਤਲਾਬ ਵਿੱਚ ਤਾਜ਼ਾ ਪਾਣੀ ਪਾਉਣ ਜਾਂ ਏਰੀਏਟਰਾਂ ਦੀ ਵਰਤੋਂ ਕਰਨ ਅਤੇ ਤਲਾਬ ਵਿੱਚਲੇ ਪਾਣੀ ਦੇ ਪੀ.ਐਚ. ਪੱਧਰ ਦੀ ਨਿਯਮਤ ਨਿਗਰਾਨੀ ਨੂੰ ਯਕੀਨੀ ਬਣਾਉਣ ਦੀ ਸਲਾਹ ਵੀ ਦਿੱਤੀ ਗਈ ਹੈ।

 

ਕੈਬਨਿਟ ਮੰਤਰੀ ਨੇ ਮੱਛੀ ਪਾਲਕਾਂ ਨੂੰ ਆਪਣੇ ਫਾਰਮਾਂ ਵਿੱਚ ਆਕਸੀਜਨ ਦੀਆਂ ਗੋਲੀਆਂ ਜਾਂ ਪਾਊਡਰ ਰੱਖਣ ਦੀ ਸਲਾਹ ਵੀ ਦਿੱਤੀ ਹੈ। ਇਸ ਤੋਂ ਇਲਾਵਾ ਸਰਦੀਆਂ ਦੇ ਮੌਸਮ ਦੌਰਾਨ ਫਿਨ ਰੌਟ, ਗਿਲ ਰੌਟ, ਈ.ਯੂ.ਐਸ. ਅਤੇ ਆਰਗੂਲੋਸਿਸ ਵਰਗੀਆਂ ਬਿਮਾਰੀਆਂ ਦੇ ਵਧੇਰੇ ਜ਼ੋਖ਼ਮ ਨਾਲ ਪ੍ਰਭਾਵਿਤ ਹੋ ਸਕਣ ਵਾਲੀਆਂ ਮੱਛੀਆਂ ਨੂੰ ਬਚਾਉਣ ਲਈ ਤਲਾਬ ਵਿੱਚ 400 ਮਿਲੀਲੀਟਰ ਪ੍ਰਤੀ ਏਕੜ ਸੀ.ਆਈ.ਐਫ.ਏ.ਐਕਸ. ਦੀ ਵਰਤੋਂ ਕਰਨ ਦੀ ਸਿਫਾਰਸ਼ ਕੀਤੀ ਗਈ ਹੈ।

 

ਐਡਵਾਈਜ਼ਰੀ ਅਨੁਸਾਰ ਐਲਗਲ ਬਲੂਮਜ਼, ਜੋ ਪਾਣੀ ਵਿੱਚ ਵਾਧੂ ਪੌਸ਼ਟਿਕ ਤੱਤਾਂ ਦੀ ਮੌਜੂਦਗੀ ਕਰਕੇ ਪੈਦਾ ਹੁੰਦੀ ਹੈ, ਨੂੰ 1-2 ਕਿਲੋਗ੍ਰਾਮ ਪ੍ਰਤੀ ਏਕੜ ਦੀ ਦਰ ਨਾਲ ਪੋਟਾਸ਼ੀਅਮ ਪਰਮੈਂਗਨੇਟ (KMn04) ਦੀ ਵਰਤੋਂ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ।

You May Also Like

More From Author

+ There are no comments

Add yours