-ਲੋਕ ਘਬਰਾਹਟ ’ਚ ਨਾ ਆਉਣ ਤੇ ਦਹਿਸ਼ਤ ਵੀ ਨਾ ਫੈਲਾਈ ਜਾਵੇ-ਬਬਨਦੀਪ ਸਿੰਘ ਵਾਲੀਆ
-ਕਿਹਾ, ਸ਼ੱਕੀ ਕੁੱਤੇ ਦੀ ਸੂਚਨਾ 8708542241 ਜਾਂ 18001802808 ਜਾਂ ਨਗਰ ਨਿਗਮ ਦਫ਼ਤਰ ਪਹੁੰਚਾਈ ਜਾਵੇ
-ਜਿਨ੍ਹਾਂ ਇਲਾਕਿਆਂ ਚ ਕੁੱਤਿਆਂ ਦੇ ਰੇਬੀਜ਼ ਹੋਣ ਦੀ ਸੂਚਨਾ ਆਈ, ਉੱਥੇ ਤਿੰਨ ਸ਼ੱਕੀ ਕੁੱਤਿਆਂ ਦੇ ਸੈਂਪਲ ਟੈਸਟ ਦੀ ਰਿਪੋਰਟ ਨੈਗੇਟਿਵ
ਪਟਿਆਲਾ 30 ਦਸੰਬਰ:
ਡਿਪਟੀ ਕਮਿਸ਼ਨਰ-ਕਮ-ਕਮਿਸ਼ਨਰ ਨਗਰ ਨਿਗਮ ਸਾਕਸ਼ੀ ਸਾਹਨੀ ਦੇ ਹੁਕਮਾਂ ’ਤੇ ਪਟਿਆਲਾ ਨਗਰ ਨਿਗਮ ਦੀ ਸਿਹਤ ਸ਼ਾਖਾ ਵੱਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਸ਼ੁਰੂ ਕੀਤੀ ਐਂਟੀ ਰੈਬੀਜ਼ ਟੀਕਾਕਰਨ ਮੁਹਿੰਮ ਜੋਰਾਂ ‘ਤੇ ਚੱਲ ਰਹੀ ਹੈ।ਇਹ ਜਾਣਕਾਰੀ ਦਿੰਦਿਆਂ ਸੰਯੁਕਤ ਕਮਿਸ਼ਨਰ ਬਬਨਦੀਪ ਸਿੰਘ ਵਾਲੀਆ ਨੇ ਦੱਸਿਆ ਕਿ ਜਿਨ੍ਹਾਂ ਇਲਾਕਿਆਂ ਵਿੱਚ ਕੁੱਤਿਆਂ ਦੇ ਰੇਬੀਜ਼ ਹੋਣ ਦੀ ਸੂਚਨਾ ਆਈ ਸੀ, ਉੱਥੇ ਤਿੰਨ ਸ਼ੱਕੀ ਕੁੱਤਿਆਂ ਦੇ ਸੈਂਪਲ ਲੈ ਕੇ ਟੈਸਟ ਕੀਤੇ ਗਏ, ਜਿਨ੍ਹਾਂ ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ।
ਬਬਨਦੀਪ ਸਿੰਘ ਵਾਲੀਆ ਨੇ ਦੱਸਿਆ ਕਿ ਪਿਛਲੇ ਦਿਨੀਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਸ਼ਹਿਰ ਵਾਸੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਨਗਰ ਨਿਗਮ ਦੀ ਸਿਹਤ ਸ਼ਾਖਾ ਨੂੰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਰੇਬੀਜ਼ ਵਿਰੋਧੀ ਟੀਕਾਕਰਨ ਮੁਹਿੰਮ ਸ਼ੁਰੂ ਕਰਨ ਦੇ ਹੁਕਮ ਦਿੱਤੇ ਸਨ। ਜਿਸ ਦੇ ਤਹਿਤ ਸ਼ਨੀਵਾਰ ਨੂੰ ਨਗਰ ਨਿਗਮ ਦੀ ਸਿਹਤ ਟੀਮ ਨੇ ਪਸ਼ੂ ਪਾਲਣ ਵਿਭਾਗ ਦੇ ਸਹਿਯੋਗ ਨਾਲ ਸ਼ਹੀਦ ਊਧਮ ਸਿੰਘ ਨਗਰ, ਸਰਹਿੰਦ ਰੋਡ, ਮਾਡਲ ਟਾਊਨ ਅਤੇ ਸਟੇਟ ਕਾਲਜ ਦੇ ਇਲਾਕਿਆਂ ਵਿੱਚ ਰੇਬੀਜ਼ ਵਿਰੋਧੀ ਟੀਕਾਕਰਨ ਮੁਹਿੰਮ ਚਲਾਈ ਹੈ।
ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਬਬਨਦੀਪ ਸਿੰਘ ਵਾਲੀਆ ਦਾ ਕਹਿਣਾ ਹੈ ਕਿ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਰੇਬੀਜ਼ ਰੋਕੂ ਟੀਕਾਕਰਨ ਮੁਹਿੰਮ ਜਾਰੀ ਰੱਖੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਵਿਅਕਤੀ ਸ਼ੱਕੀ ਕੁੱਤੇ ਨੂੰ ਦੇਖਦਾ ਹੈ ਤਾਂ ਘਬਰਾਉਣ ਦੀ ਜ਼ਰੂਰਤ ਨਹੀਂ ਅਤੇ ਦਹਿਸ਼ਤ ਵੀ ਨਾ ਫੈਲਾਈ ਜਾਵੇ। ਉਸ ਦੀ ਸੂਚਨਾ ਤੁਰੰਤ ਇਸ ਨੰਬਰ ‘ਤੇ 8708542241 ਜਾਂ 18001802808 ਜਾਂ ਨਗਰ ਨਿਗਮ ਦਫ਼ਤਰ ਵਿੱਚ ਪਹੁੰਚਾਈ ਜਾਵੇ ਤਾਂ ਜੋ ਨਗਰ ਨਿਗਮ ਦੀ ਟੀਮ ਸਮੇਂ ਸਿਰ ਅਜਿਹੇ ਸ਼ੱਕੀ ਕੁੱਤੇ ਦੀ ਜਾਂਚ ਕਰ ਸਕੇ। ਦੂਜੇ ਪਾਸੇ ਨਗਰ ਨਿਗਮ ਵੱਲੋਂ ਚਲਾਏ ਜਾ ਰਹੇ ਪਸ਼ੂ ਜਨਮ ਕੰਟਰੋਲ ਪ੍ਰੋਗਰਾਮ ਤਹਿਤ ਸਤੰਬਰ ਤੋਂ 30 ਨਵੰਬਰ ਤੱਕ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ 1043 ਕੁੱਤਿਆਂ ਦੀ ਨਸਬੰਦੀ ਵੀ ਕੀਤੀ ਜਾ ਚੁੱਕੀ ਹੈ।
+ There are no comments
Add yours