ਯੁਵਕ ਸੇਵਾਵਾਂ ਵਿਭਾਗ ਵੱਲੋਂ ਕਲੱਬਾਂ ਨੂੰ ਸਹਾਇਤਾ ਰਾਸ਼ੀ ਜਾਰੀ

0 min read

ਪਟਿਆਲਾ, 29 ਦਸੰਬਰ:
ਯੁਵਕ ਸੇਵਾਵਾਂ ਵਿਭਾਗ ਪੰਜਾਬ ਸਰਕਾਰ ਵੱਲੋਂ ਜ਼ਿਲ੍ਹੇ ਵਿੱਚ ਕੰਮ ਕਰ ਰਹੇ ਯੁਵਕ ਸੇਵਾਵਾਂ ਕਲੱਬਾਂ ਨੂੰ ਸਰਗਰਮ ਕਰਨ ਵਾਸਤੇ ਵਿੱਤੀ ਸਹਾਇਤਾ ਰਾਸ਼ੀ ਜਾਰੀ ਕੀਤੀ ਗਈ। ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਪਟਿਆਲਾ ਡਾ.ਦਿਲਵਰ ਸਿੰਘ ਨੇ ਦੱਸਿਆ ਕਿ ਯੁਵਕ ਸੇਵਾਵਾਂ ਵਿਭਾਗ ਦੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਯੁਵਕ ਸੇਵਾਵਾਂ ਵਿਭਾਗ ਦੇ ਪ੍ਰਮੁੱਖ ਸਕੱਤਰ ਸਰਬਜੀਤ ਸਿੰਘ ਅਤੇ ਹਰਪ੍ਰੀਤ ਸਿੰਘ ਸੂਦਨ ਡਾਇਰੈਕਟਰ ਯੁਵਕ ਸੇਵਾਵਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਿਪਟੀ ਕਮਿਸ਼ਨਰ ਪਟਿਆਲਾ ਸਾਕਸ਼ੀ ਸਾਹਨੀ ਦੀ ਯੋਗ ਅਗਵਾਈ ਵਿੱਚ ਜ਼ਿਲ੍ਹੇ ਦੇ ਸਰਗਰਮ ਯੁਵਕ ਸੇਵਾਵਾਂ ਕਲੱਬਾਂ ਨੂੰ ਸਹਾਇਤਾ ਰਾਸ਼ੀ ਜਾਰੀ ਕੀਤੀ ਗਈ।
ਸਹਾਇਕ ਕਮਿਸ਼ਨਰ (ਜ) ਰਵਿੰਦਰ ਸਿੰਘ ਨੇ ਸਮੂਹ ਹਾਜ਼ਰ ਆਏ ਯੂਥ ਕਲੱਬਾਂ ਨੂੰ ਸਮਾਜਿਕ ਸੇਵਾ ਦੇ ਖੇਤਰ ਵਿੱਚ ਵੱਧ ਚੜ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਆਖਿਆ ਕਿ ਇਹ ਯੁਵਕ ਸੇਵਾਵਾਂ ਵਿਭਾਗ ਦੀ ਬਹੁਤ ਵੱਡੀ ਪਹਿਲ ਕਦਮੀ ਹੈ ਕਿ ਯੁਵਕ ਸੇਵਾਵਾਂ ਕਲੱਬਾਂ ਨੂੰ ਸਹਾਇਤਾ ਰਾਸ਼ੀ ਦੇ ਕੇ ਸਮਾਜ ਦੀਆਂ ਗਤੀਵਿਧੀਆਂ ਵਿੱਚ ਸਰਕਾਰ ਦਾ ਹੱਥ ਵੰਡਾਉਣ ਵਾਸਤੇ ਸਰਗਰਮ ਕੀਤਾ ਜਾ ਰਿਹਾ ਹੈ। ਉਨਾਂ ਨੇ ਦੱਸਿਆ ਕਿ ਜਿਹੜੇ ਕਲੱਬ ਸਮਾਜਿਕ ਗਤੀਵਿਧੀਆਂ ਦੇ ਦੌਰਾਨ ਖੂਨਦਾਨ, ਨਸ਼ਿਆਂ ਦੇ ਖਿਲਾਫ ਜਾਗਰੂਕਤਾ, ਖੇਡਾਂ ਅਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਿੱਚ ਯੋਗਦਾਨ ਪਾ ਰਹੇ ਹਨ ਉਹਨਾਂ ਨੂੰ ਇਹ ਸਹਾਇਤਾ ਰਾਸ਼ੀ ਪੁਰਸਕਾਰ ਅਤੇ ਗਰਾਂਟ ਦੇ ਰੂਪ ਵਿੱਚ ਦਿੱਤੀ ਜਾ ਰਹੀ ਹੈ ਜਿਸ ਨਾਲ ਉਹ ਹੋਰ ਵੀ ਵਧੇਰੇ ਸਮਾਜਿਕ ਖੇਤਰ ਵਿੱਚ ਕੰਮ ਕਰਕੇ ਸਮਾਜ ਨੂੰ ਕੁਰੀਤੀਆਂ ਤੋਂ ਬਚਾ ਕੇ ਨੌਜਵਾਨਾਂ ਨੂੰ ਚੰਗੀ ਸੇਧ ਦੇ ਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਿੱਚ ਵੱਧ ਚੜ ਕੇ ਯੋਗਦਾਨ ਪਾਉਣ।
ਇਸ ਮੌਕੇ  ਯੁਵਕ ਸੇਵਾਵਾਂ ਕਲੱਬ ਬਾਦਸ਼ਾਹਪੁਰ, ਬਸੰਤ ਰਿਤੂ ਕਲੱਬ ਤ੍ਰਿਪੜੀ, ਚਾਇਲਡ ਪ੍ਰੋਟੈਕਸ਼ਨ ਐਂਡ ਓਲਡਏਜ ਹੋਮ ਵੈਲਫੇਅਰ ਸੋਸਾਇਟੀ ਪਟਿਆਲਾ, ਡਾ. ਭੀਮ ਰਾਓ ਅੰਬੇਦਕਰ ਯੁਵਕ ਸੇਵਾਵਾਂ ਕਲੱਬ ਰਸੂਲਪੁਰ ਸੈਦਾਂ, ਯੁਵਕ ਸੇਵਾਵਾਂ ਕਲੱਬ ਖਾਣਪੁਰ ਗੰਡਿਆਂ, ਯੁਵਕ ਸੇਵਾਵਾਂ ਕਲੱਬ ਸੁਨਿਆਰੇੜੀ, ਯੁਵਕ ਸੇਵਾਵਾਂ ਕਲੱਬ ਖੇੜੀ ਗੁਰੂਨਾ, ਆਜ਼ਾਦ ਯੁਵਕ ਸੇਵਾਵਾਂ ਕਲੱਬ ਮੈਨ ਆਦਿ ਦੇ ਪ੍ਰਧਾਨ ਮੈਂਬਰ ਅਤੇ ਅਹੁਦੇਦਾਰ ਸਾਹਿਬਾਨ ਹਾਜ਼ਰ ਰਹੇ ।ਇਸ ਮੌਕੇ ਉੱਤੇ ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਪਟਿਆਲਾ, ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਪਟਿਆਲਾ, ਜ਼ਿਲ੍ਹਾ ਸਿੱਖਿਆ ਸਕੈਂਡਰੀ ਸਿੱਖਿਆ ਅਫਸਰ ਪਟਿਆਲਾ ਵੀ ਹਾਜ਼ਰ ਰਹੇ।
ਡਾ. ਦਿਲਵਰ ਸਿੰਘ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਪਟਿਆਲਾ ਨੇ ਦੱਸਿਆ ਕਿ ਇਸ ਸਹਾਇਤਾ ਰਾਸ਼ੀ ਨਾਲ ਯੁਵਕ ਸੇਵਾਵਾਂ ਕਲੱਬਾਂ ਆਪਣੀ ਪੱਧਰ ਤੇ ਲੋੜ ਅਨੁਸਾਰ ਖੇਡਾਂ ਦਾ ਸਮਾਨ ਜਾਂ ਸਮਾਜਿਕ ਗਤੀਵਿਧੀਆਂ ਲਈ ਲੋੜੀਂਦਾ ਸਮਾਨ ਖਰੀਦ ਕੇ ਇਸ ਸਹਾਇਤਾ ਰਾਸ਼ੀ ਨੂੰ ਖਰਚ ਕਰ ਸਕਦੀਆਂ ਹਨ।  ਡਾ. ਦਿਲਵਰ ਸਿੰਘ ਨੇ ਆਈਆਂ ਹੋਈਆਂ ਸਾਰੀਆਂ ਸ਼ਖਸ਼ੀਅਤਾਂ ਦਾ ਧੰਨਵਾਦ ਕੀਤਾ। ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਪਟਿਆਲਾ ਦੇ ਸਰਪ੍ਰਸਤ ਸ੍ਰੀ ਰਾਜੇਸ਼ ਸ਼ਰਮਾ ਨੇ ਵੀ ਯੁਵਕ ਸੇਵਾਵਾਂ ਕਲੱਬਾਂ ਵੱਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਉਹਨਾਂ ਦੇ ਯੁਵਕ ਸੇਵਾਵਾਂ ਕਲੱਬ ਵੱਲੋਂ 38 ਸਰਕਾਰੀ ਸਕੂਲਾਂ ਦੇ 800 ਬੱਚਿਆਂ ਨੂੰ ਜਰਸੀਆਂ ਅਤੇ ਬੂਟ ਵੰਡੇ ਗਏ ਅਤੇ ਛੇ ਸਕੂਲਾਂ ਵਿੱਚ ਪਾਣੀ ਦੀ ਕਿੱਲਤ ਨੂੰ ਵੇਖਦਿਆਂ ਹੋਇਆਂ ਟਿਊਬਵੈੱਲ ਲਗਵਾਏ ਗਏ ਅਤੇ ਹਰ ਮਹੀਨੇ ਦਸ ਮਰੀਜ਼ਾਂ ਦੇ ਅੱਖਾਂ ਦੇ ਲੈਂਜ ਪਵਾਕੇ ਮੁਫਤ ਆਪਰੇਸ਼ਨ ਕਰਵਾਏ  ਜਾਂਦੇ ਹਨ।

You May Also Like

More From Author

+ There are no comments

Add yours