ਪੰਜਾਬ ਦੇ 10 ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਸਕੂਰਾ ਸਾਇੰਸ ਅਦਾਨ-ਪ੍ਰਦਾਨ ਪ੍ਰੋਗਰਾਮ ਤਹਿਤ ਜਾਪਾਨ ਦਾ ਦੌਰਾ ਕੀਤਾ

1 min read
ਵਿਦਿਆਰਥੀਆਂ ਦਾ ਪੰਜਾਬ ਵਿਧਾਨ ਸਭਾ ਵਿਖੇ ਕੀਤਾ ਜਾਵੇਗਾ ਵਿਸ਼ੇਸ਼ ਸਨਮਾਨ: ਸੰਧਵਾਂ
ਚੰਡੀਗੜ੍ਹ, 21 ਦਸੰਬਰ:
ਸਕੂਰਾ ਸਾਇੰਸ ਅਦਾਨ-ਪ੍ਰਦਾਨ ਪ੍ਰੋਗਰਾਮ ਤਹਿਤ ਪੰਜਾਬ ਦੇ 10 ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਸਾਇੰਸ ਤਕਨਾਲੋਜੀ ਅਤੇ ਵੱਖ-ਵੱਖ ਦੇਸ਼ਾਂ ਦੀਆਂ ਸੱਭਿਆਚਾਰਕ ਕਦਰਾਂ-ਕੀਮਤਾਂ ਦੀ ਜਾਣਕਾਰੀ ਹਾਸਲ ਕਰਨ ਲਈ ਜਾਪਾਨ ਦਾ ਦੌਰਾ ਕੀਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਦੱਸਿਆ ਕਿ ਹਰਮਨਦੀਪ ਕੌਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਨਸਾ, ਜਸਮੀਤ ਕੌਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਭਵਾਨੀਗੜ ਸੰਗਰੂਰ, ਸੰਜਨਾ ਕੁਮਾਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਡਲ ਟਾਊਨ ਪਟਿਆਲਾ, ਸਪਨਾ ਮੈਰੀਟੋਰੀਅਸ ਸਕੂਲ ਬਠਿੰਡਾ, ਨਿਸ਼ਾ ਰਾਣੀ ਸਕੂਲ ਆਫ਼ ਐਮੀਨੈਂਸ ਕਪੂਰਥਲਾ, ਗੁਰਵਿੰਦਰ ਕੌਰ ਮੈਰੀਟੋਰੀਅਸ ਸਕੂਲ ਫ਼ਿਰੋਜ਼ਪੁਰ, ਦੀਪਿਕਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੌੜ ਮੰਡੀ ਬਠਿੰਡਾ, ਖੁਵਾਇਸ਼ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੰਧਾਵਾ ਮਸੰਦਾ ਜਲੰਧਰ, ਉਦੈਨੂਰ ਸਿੰਘ ਸਰਕਾਰੀ ਹਾਈ ਸਕੂਲ ਗੁਰੂਵਾਲੀ ਅੰਮ੍ਰਿਤਸਰ ਅਤੇ ਤਾਨੀਆਂ ਸਰਕਾਰੀ ਹਾਈ ਸਕੂਲ ਖਾਈ ਫੇਮੇ ਕੇ ਫਿਰੋਜ਼ਪੁਰ ਆਦਿ ਵਿਦਿਆਰਥੀ ਇਨ੍ਹਾਂ ਵਿੱਚ ਸ਼ਾਮਲ ਹਨ।
ਸਪੀਕਰ ਨੇ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਨੇ ਪ੍ਰੋਗਰਾਮ ਦੌਰਾਨ ਕੁੱਝ ਦਿਨਾਂ ‘ਚ ਹੀ ਸਾਇੰਸ ਤਕਨਾਲੋਜੀ, ਜਾਪਾਨੀ ਭਾਸ਼ਾ ਅਤੇ ਉਨ੍ਹਾਂ ਦੇ ਸੱਭਿਆਚਾਰਕ ਗੁਣਾਂ ਬਾਰੇ ਜਾਣ ਕੇ ਆਪਣੇ ਹੁਨਰ ਦਾ ਸਬੂਤ ਦਿੱਤਾ ਹੈ।
ਸ. ਸੰਧਵਾਂ ਨੇ ਕਿਹਾ ਕਿ ਜਪਾਨ ਗਏ ਵਿਦਿਆਰਥੀਆਂ ਦਾ ਹੌਸਲਾ ਵਧਾਉਣ ਲਈ ਆਉਣ ਵਾਲੇ ਦਿਨਾਂ ਦੌਰਾਨ ਪੰਜਾਬ ਵਿਧਾਨ ਸਭਾ ਵਿਖੇ ਬੁਲਾਕੇ ਵਿਸੇਸ਼ ਸਨਮਾਨ ਕੀਤਾ ਜਾਵੇਗਾ ਅਤੇ ਪ੍ਰਤੀ ਵਿਦਿਆਰਥੀ 11-11 ਹਜ਼ਾਰ ਰੁਪਏ ਦੇ ਕੇ ਹੌਂਸਲਾ ਅਫ਼ਜਾਈ ਕੀਤੀ ਜਾਵੇਗੀ ਤਾਂ ਜੋ ਭਵਿੱਖ ਵਿੱਚ ਇਹ ਬੱਚੇ ਬੁਲੰਦ ਹੌਸਲੇ ਨਾਲ ਦੇਸ਼ ਅਤੇ ਪੰਜਾਬ ਦੀ ਸੇਵਾ ਕਰਨ। ਸ. ਸੰਧਵਾਂ ਨੇ ਉਕਤ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਿਸੇਸ਼ ਤੌਰ ‘ਤੇ ਮੁਬਾਰਕਬਾਦ ਭੇਂਟ ਕੀਤੀ।

You May Also Like

More From Author

+ There are no comments

Add yours