ਦੂਧਨਸਾਧਾਂ, 21 ਦਸੰਬਰ:
ਦੂਧਨਸਾਧਾਂ ਦੇ ਐਸ.ਡੀ.ਐਮ ਕ੍ਰਿਪਾਲਵੀਰ ਸਿੰਘ ਨੇ ਆਪਣੇ ਇਲਾਕੇ ਦੇ ਸਕੂਲਾਂ ਦੇ ਪ੍ਰਿੰਸੀਪਲਾਂ ਤੇ ਮਾਲਕਾਂ ਨਾਲ ਬੈਠਕ ਕਰਕੇ ਸੇਫ਼ ਸਕੂਲ ਵਾਹਨ ਪਾਲਿਸੀ ਨੂੰ ਯਕੀਨੀ ਬਣਾਉਣ ਲਈ ਹਦਾਇਤਾਂ ਜਾਰੀ ਕੀਤੀਆਂ। ਕ੍ਰਿਪਾਲਵੀਰ ਸਿੰਘ ਨੇ ਕਿਹਾ, ਸਾਡੇ ਬੱਚਿਆ ਦੀ ਸੁਰੱਖਿਆ ਸਾਡੇ ਲਈ ਬੇਹਦ ਜ਼ਰੂਰੀ ਹੈ, ਇਸ ਲਈ ਨਿਯਮਾਂ ਦਾ ਪਾਲਣ ਯਕੀਨੀ ਬਣਾਇਆ ਜਾਵੇ।
ਉਨ੍ਹਾਂ ਕਿਹਾ ਕਿ ਹਾਈ ਹਾਈਕੋਰਟ ਦੀਆਂ ਹਦਾਇਤਾਂ ਅਨੁਸਾਰ ਸਕੂਲੀ ਵਾਹਨ 15 ਸਾਲ ਪੁਰਾਣਾ ਨਹੀਂ ਹੋਣਾ ਚਾਹੀਦਾ ਅਤੇ ਇਸ ਦੀ ਫਿਟਨੈੱਸ ਲਾਜ਼ਮੀ ਹੋਵੇ। ਉਨ੍ਹਾਂ ਇਹ ਵੀ ਕਿਹਾ ਕਿ ਸੀਟਿੰਗ ਕਪੈਸਿਟੀ ਤੋਂ ਵੱਧ ਬੱਚਿਆਂ ਨੂੰ ਕੈਰੀ ਕਰਨ ਤੇ ਵੀ ਮਨਾਹੀ ਹੈ।
ਉਨ੍ਹਾਂ ਕਿਹਾ ਕਿ ਹਦਾਇਤਾਂ ਅਨੁਸਾਰ ਡਰਾਈਵਰ ਕੋਲ ਢੁਕਵਾਂ ਡਰਾਈਵਿੰਗ ਲਾਇਸੰਸ ਹੋਣਾ ਲਾਜ਼ਮੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਵਾਹਨ ਵਿੱਚ ਫ਼ਸਟ ਏਡ ਬਾਕਸ ਤੇ ਵਿਦਿਆਰਥਣਾਂ ਨੂੰ ਲੈ ਜਾਣ ਵਾਸਤੇ ਲੇਡੀ ਅਟੈਂਡੈਂਟ ਦਾ ਹੋਣਾ ਵੀ ਲਾਜ਼ਮੀ ਹੈ।ਉਨ੍ਹਾਂ ਹਦਾਇਤ ਕੀਤੀ ਕਿ ਸਪੀਡ ਗਵਰਨਰ ਫਿਟ ਹੋਣ ਦੇ ਨਾਲ ਸਕੂਲੀ ਵਾਹਨਾਂ ਅੰਦਰ ਸੀ.ਸੀ.ਟੀ.ਵੀ ਕੈਮਰੇ ਵੀ ਫਿਟ ਹੋਣੇ ਚਾਹੀਦੇ ਹਨ। ਵਾਹਨਾਂ ਦੇ ਲੋੜੀਂਦੇ ਦਸਤਾਵੇਜ਼ ਜਿਵੇਂ ਕਿ ਰਜਿਸਟ੍ਰੇਸ਼ਨ ਸਰਟੀਫਿਕੇਟ, ਫਿਟਨੈੱਸ, ਪ੍ਰਦੂਸ਼ਣ ਸਰਟੀਫਿਕੇਟ, ਇੰਨਸ਼ੋਰੈਂਸ, ਮੋਟਰ ਵਹੀਕਲ ਟੈਕਸ, ਸਕੂਲ ਬੱਸ ਪਰਮਿਟ ਆਦਿ ਅਤੇ ਇਸ ਤੋਂ ਇਲਾਵਾ ਸੇਫ਼ ਸਕੂਲ ਵਾਹਨ ਸਕੀਮ ਵਿਚ ਦਰਸਾਈ ਮੱਦ ਸਕੂਲ ਅਥਾਰਟੀ ਤਹਿਤ ਦਰਸਾਈਆਂ ਕੰਡੀਸ਼ਨਾਂ ਨੂੰ ਲਾਗੂ ਕਰਵਾਇਆ ਜਾਣਾ ਲਾਜ਼ਮੀ ਹੈ।
ਉਨ੍ਹਾਂ ਕਿਹਾ ਕਿ ਸੇਫ਼ ਸਕੂਲ ਵਾਹਨ ਸਕੀਮ ਅਧੀਨ ਜਾਰੀ ਹਦਾਇਤਾਂ ਅਤੇ ਹੋਰ ਹਦਾਇਤਾਂ ਦੀ ਪਾਲਣਾ ਵੀ ਯਕੀਨੀ ਬਣਾਈ ਜਾਵੇ ਸਮੇਂ ਸਮੇਂ ਤੇ ਜਾਰੀ ਕੀਤੀ ਜਾਣੀ ਚਾਹੀਦੀ ਹੈ।
ਐਸ.ਡੀ.ਐਮ ਦੂਧਨਸਾਧਾਂ ਕ੍ਰਿਪਾਲਵੀਰ ਸਿੰਘ ਨੇ ਕਿਹਾ ਕਿ ਸਕੂਲੀ ਬੱਚਿਆਂ ਦੀ ਆਵਾਜਾਈ ਨੂੰ ਸੁਰੱਖਿਅਤ ਬਣਾਉਣ ਦੇ ਮੱਦੇਨਜ਼ਰ ਸਰਕਾਰ ਵੱਲੋਂ ਹਦਾਇਤ ਕੀਤੀ ਗਈ ਹੈ ਕਿ ਸਕੂਲੀ ਬੱਸਾਂ ਦੀ ਨਿਰੰਤਰ ਚੈਕਿੰਗ ਯਕੀਨੀ ਬਣਾਈ ਜਾਵੇ ਤਾਂ ਜੋ ਸੇਫ਼ ਵਾਹਨ ਸਕੀਮ ਨੂੰ ਪੂਰੀ ਤਰ੍ਹਾਂ ਲਾਗੂ ਕਰਵਾਇਆ ਜਾ ਸਕੇ। ਇਸ ਲਈ ਸਕੂਲ ਵਾਹਨਾਂ ਦੀ ਅਚਨਚੇਤ ਚੈਕਿੰਗ ਵੀ ਕੀਤੀ ਜਾਵੇਗੀ।ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਮੁਖੀ ਤੇ ਪੁਲਿਸ ਦੇ ਨੁਮਾਇੰਦੇ ਮੌਜੂਦ ਸਨ।
+ There are no comments
Add yours