ਚੇਤਨ ਸਿੰਘ ਜੌੜਾਮਾਜਰਾ ਨੇ ਸਕੂਲਾਂ ‘ਚ ਨਵੇਂ ਕਮਰਿਆਂ ਲਈ 54 ਲੱਖ ਤੇ ਜਿੰਮ ਬਣਾਉਣ ਲਈ 9 ਲੱਖ ਰੁਪਏ ਜਾਰੀ ਕੀਤੇ

1 min read
-ਕਿਹਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨੌਜਵਾਨੀ ਸੰਭਾਲਣ ਲਈ ਸਿੱਖਿਆ ਤੇ ਖੇਡਾਂ ਨੂੰ ਦਿੱਤੀ ਤਰਜੀਹ
ਸਮਾਣਾ, 18 ਦਸੰਬਰ:
ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਸਮਾਣਾ ਹਲਕੇ ਦੇ 5 ਸਕੂਲਾਂ ਲਈ 54 ਲੱਖ ਰੁਪਏ ਤੇ 4 ਪਿੰਡਾਂ ‘ਚ ਜਿੰਮ ਲਈ 9 ਲੱਖ ਰੁਪਏ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੇ ਸੂਬੇ ਦੀ ਨੌਜਵਾਨੀ ਨੂੰ ਸੰਭਾਲਣ ਲਈ ਸਿੱਖਿਆ ਤੇ ਖੇਡਾਂ ਨੂੰ ਵਿਸ਼ੇਸ਼ ਤਰਜੀਹ ਦਿੱਤੀ ਹੈ।
ਕੈਬਨਿਟ ਮੰਤਰੀ ਜੌੜਾਮਾਜਰਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਾਰੇ ਪੰਜਾਬ ਦੇ ਸਕੂਲਾਂ ਦੇ ਵਿਕਾਸ ਲਈ ਵਿਸ਼ੇਸ਼ ਬਜਟ ਰੱਖਿਆ ਹੈ। ਉਨ੍ਹਾਂ ਦੱਸਿਆ ਕਿ ਇਸੇ ਤਹਿਤ ਹੀ ਸਮਾਣਾ ਹਲਕੇ ਦੇ ਸਰਕਾਰੀ ਸਕੂਲਾਂ ਲਈ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਗ੍ਰਾਂਟਾਂ ਦੇ ਖੁੱਲ੍ਹੇ ਗੱਫੇ ਜਾਰੀ ਕੀਤੇ ਹਨ।
ਚੇਤਨ ਸਿੰਘ ਜੌੜਾਮਾਜਰਾ ਨੇ ਸਰਕਾਰੀ ਪ੍ਰਾਇਮਰੀ ਸਕੂਲ ਚੁਪਕੀ ‘ਚ 3 ਕਮਰਿਆਂ ਦੀ ਉਸਾਰੀ ਲਈ 10 ਲੱਖ ਰੁਪਏ, ਸਰਕਾਰੀ ਹਾਈ ਸਕੂਲ ਬੰਮਣਾਂ ਦੇ 5 ਕਮਰਿਆਂ ਦੀ ਉਸਾਰੀ ਲਈ 15 ਲੱਖ ਰੁਪਏ, ਸਰਕਾਰੀ ਹਾਈ ਸਕੂਲ ਚਤੈਹਰਾ 2 ਕਮਰਿਆਂ ਦੀ ਉਸਾਰੀ ਲਈ 6 ਲੱਖ ਰੁਪਏ, ਸਰਕਾਰੀ ਮਿਡਲ ਸਕੂਲ ਮੂੰਡ ਖੇੜਾ 2 ਕਮਰਿਆਂ ਦੀ ਉਸਾਰੀ ਤੇ ਇਮਾਰਤ ਦੀ ਮੁਰੰਮਤ ਲਈ 8 ਲੱਖ ਰੁਪਏ ਅਤੇ ਸਰਕਾਰੀ ਐਲੀਮੈਂਟਰੀ ਸਕੂਲ ਖਾਨਪੁਰ ਗਾੜੀਆ ‘ਚ 5 ਕਮਰਿਆਂ ਦੀ ਉਸਾਰੀ ਲਈ 15 ਲੱਖ ਰੁਪਏ ਜਾਰੀ ਕੀਤੇ ਹਨ।
ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ, ਜਿਨ੍ਹਾਂ ਕੋਲ, ਜਲ ਸਰੋਤ, ਖਨਣ ਤੇ ਭੂ-ਵਿਗਿਆਨ, ਜਲ ਤੇ ਭੂਮੀ ਰੱਖਿਆ, ਬਾਗਬਾਨੀ, ਸੁਤੰਤਰਤਾ ਸੰਗਰਾਮੀ ਅਤੇ ਰੱਖਿਆ ਸੇਵਾਵਾਂ ਭਲਾਈ ਬਾਰੇ ਵਿਭਾਗ ਵੀ ਹਨ, ਨੇ ਅੱਗੇ ਦੱਸਿਆ ਕਿ ਪਿੰਡ ਬਿਜਲਪੁਰ ਦੇ ਜਿੰਮ ਲਈ 1.5 ਲੱਖ, ਵਜੀਦਪੁਰ ਦੇ ਜਿੰਮ ਲਈ 3 ਲੱਖ, ਕਰਹਾਲੀ ਦੇ ਜਿੰਮ ਲਈ 1.5 ਲੱਖ ਰੁਪਏ ਅਤੇ ਪਿੰਡ ਕਾਦਰਾਬਾਦ ਵਿਖੇ ਜਿੰਮ ਲਈ 3 ਲੱਖ ਰੁਪਏ ਜਾਰੀ ਕੀਤੇ ਗਏ ਹਨ।
ਇਸ ਮੌਕੇ ਹਰਜਿੰਦਰ ਸਿੰਘ ਮਿੰਟੂ ਜੌੜਾਮਾਜਰਾ, ਓ.ਐਸ.ਡੀ. ਗੁਲਜ਼ਾਰ ਸਿੰਘ ਵਿਰਕ, ਗੁਰਦੇਵ ਸਿੰਘ ਟਿਵਾਣਾ ਤੇ ਬਲਕਾਰ ਸਿੰਘ ਗੱਜੂਮਾਜਰਾ, ਐਸ.ਡੀ.ਐਮ. ਚਰਨਜੀਤ ਸਿੰਘ, ਸੁਰਜੀਤ ਸਿੰਘ ਦਹੀਆ, ਸੁਰਜੀਤ ਸਿੰਘ ਫ਼ੌਜੀ, ਸੋਨੂੰ ਥਿੰਦ ਤੇ ਹੋਰ ਪਤਵੰਤੇ ਵੀ ਮੌਜੂਦ ਸਨ।

You May Also Like

More From Author

+ There are no comments

Add yours