-ਡੀ.ਸੀ. ਸਾਕਸ਼ੀ ਸਾਹਨੀ ਸਮੇਤ ਵੱਡੀ ਗਿਣਤੀ ਪਟਿਆਲਵੀਆਂ ਨੇ ਦੋ ਰੋਜ਼ਾ ਮੇਲੇ ਦਾ ਆਨੰਦ ਮਾਣਿਆ
ਪਟਿਆਲਾ, 16 ਦਸੰਬਰ:
ਪਟਿਆਲਾ ਹੈਰੀਟੇਜ ਫੈਸਟੀਵਲ ਤਹਿਤ ਇੱਥੇ ਬਾਰਾਂਦਰੀ ਬਾਗ ਦੇ ਚਿਲਡਰਨ ਪਾਰਕ ਵਿਖੇ ਬਾਗਬਾਨੀ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਵਾਏ ਗਏ ਅਮਰੂਦ ਮੇਲੇ ਅਤੇ ਗੁਲਦਾਉਦੀ ਸ਼ੋਅ ਦੇ ਦੂਜੇ ਤੇ ਆਖਰੀ ਦਿਨ ਵੀ ਦੇਰ ਸ਼ਾਮ ਤੱਕ ਪੂਰੀਆਂ ਰੌਣਕਾਂ ਲੱਗੀਆਂ ਰਹੀਆਂ। ਇਸ ਦੌਰਾਨ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਸਮੇਤ ਵੱਡੀ ਗਿਣਤੀ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ, ਅਧਿਆਪਕਾਂ ਤੋਂ ਇਲਾਵਾ ਪਟਿਆਲਾ ਵਾਸੀਆਂ ਤੇ ਹੋਰਨਾਂ ਥਾਵਾਂ ਤੋਂ ਪੁੱਜੇ ਲੋਕਾਂ ਨੇ ਵੀ ਇਸ ਮੇਲੇ ਦਾ ਆਨੰਦ ਮਾਣਿਆ।
ਵੱਖ-ਵੱਖ ਸਟਾਲਾਂ ਦਾ ਦੌਰਾ ਕਰਕੇ ਲੋਕਾਂ ਨੇ ਖਰੀਦੋ-ਫਰੋਖ਼ਤ ਕੀਤੀ ਅਤੇ ਅਮਰੂਦ ਦੀਆਂ ਵੱਖ-ਵੱਖ ਕਿਸਮਾਂ ਸਮੇਤ ਸਵੈ ਸਹਾਇਤਾ ਸਮੂਹਾਂ ਤੇ ਆਰਗੈਨਿਕ ਤਰੀਕੇ ਨਾਲ ਤਿਆਰ ਸ਼ਹਿਦ, ਤੇ ਹੋਰ ਖਾਣ-ਪੀਣ ਦੀਆਂ ਵਸਤਾਂ ਦੀ ਜਾਣਕਾਰੀ ਹਾਸਲ ਕੀਤੀ। ਲੋਕਾਂ ਨੇ ਇਸ ਮੇਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਇਹ ਇੱਕ ਚੰਗਾ ਉਪਰਾਲਾ ਹੈ, ਜਿਸ ਨਾਲ ਜਿੱਥੇ ਦਸਤਕਾਰੀ ਤੇ ਹੋਰ ਵਸਤਾਂ ਨੂੰ ਵੇਚਣ ਲਈ ਇੱਕ ਮੰਚ ਮਿਲਦਾ ਹੈ, ਉਥੇ ਹੀ ਆਮ ਲੋਕਾਂ ਨੂੰ ਵੀ ਖਰੀਦੋ-ਫ਼ਰੋਖ਼ਤ ਕਰਨ ਲਈ ਚੰਗੀਆਂ ਵਸਤਾਂ ਇੱਕੋਂ ਥਾਂ ‘ਤੇ ਉਪਲਬੱਧ ਹੋ ਜਾਂਦੀਆਂ ਹਨ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਲੋਕਾਂ ਵੱਲੋਂ ਇਸ ਮੇਲੇ ਨੂੰ ਦਿੱਤੇ ਭਰਵੇਂ ਹੁੰਗਾਰੇ ਲਈ ਧੰਨਵਾਦ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵੱਲੋਂ ਪਟਿਆਲਾ ਨੂੰ ਟੂਰਿਜ਼ਮ ਦੇ ਕੇਂਦਰ ਵਜੋਂ ਉਭਾਰਨ ਲਈ ਪਟਿਆਲਾ ਹੈਰੀਟੇਜ ਫੈਸਟੀਵਲ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨੇ ਲੋਕਾਂ ਨੂੰ ਜਨਵਰੀ ਅਤੇ ਫਰਵਰੀ ਮਹੀਨੇ ਹੋਣ ਵਾਲੇ ਅਗਲੇ ਪ੍ਰੋਗਰਾਮਾਂ ਦਾ ਆਨੰਦ ਮਾਣਨ ਲਈ ਖੁੱਲ੍ਹਾ ਸੱਦਾ ਦਿੱਤਾ ਹੈ।
ਇਸ ਮੇਲੇ ‘ਚ ਬਰਕਤ ਸਵੈ ਸਹਾਇਤਾ ਗਰੁਪ ਹਰਪਾਲਪੁਰ ਵੱਲੋਂ ਲਗਾਈ ਸਰੋਂ ਦੇ ਸਾਗ ਤੇ ਮੱਕੀ ਦੀ ਰੋਟੀ ਦੀ ਸਟਾਲ ਸਮੇਤ ਹੈਰੀਟੇਜ ਖਾਣੇ ਦੀਆਂ ਸਟਾਲਾਂ ਤੋਂ ਇਲਾਵਾ ਗੁਲਦਾਉਦੀ ਦੀਆਂ ਵੱਖ-ਵੱਖ ਕਿਸਮਾਂ ਦੇ ਫੁੱਲਾਂ ਸਮੇਤ ਖੇਤੀ ਤੇ ਬਾਗਬਾਨੀ ਉਤਪਾਦਾਂ ਦੀਆਂ ਸਟਾਲਾਂ ਸਮੇਤ ਬੱਚਿਆਂ ਲਈ ਤਿਆਰ ਵਿਸ਼ੇਸ਼ ਕੋਨੇ ‘ਚ ਬੱਚਿਆਂ ਲਈ ਖੇਡਾਂ ਅਤੇ ਸੀ ਐਮ ਦੀ ਯੋਗਸ਼ਾਲਾ ਵਿੱਚ ਭਾਵਨਾ ਭਾਰਤੀ ਵੱਲੋਂ ਕਰਵਾਏ ਯੋਗ ਆਸਨ ਖਿੱਚ ਦਾ ਕੇਂਦਰ ਬਣੇ।
ਇਸ ਮੌਕੇ ਅਮੋਲਕ ਸ਼ਹਿਦ, ਸ਼ੇਰਗਿੱਲ ਐਗਰੀਕਲਚਰ ਫਾਰਮ ਦੇ ਗੁਰਪ੍ਰੀਤ ਸਿੰਘ ਸ਼ੇਰਗਿੱਲ ਤੇ ਜ਼ਸਨਪ੍ਰੀਤ ਸਿੰਘ ਸ਼ੇਰਗਿੱਲ ਵੱਲੋਂ ਪੇਸ਼ ਕੀਤੇ ਗਏ ਗੁਲਾਬ ਦੇ ਫੁੱਲਾਂ ਦੇ ਉਤਪਾਦਾਂ ਤੋਂ ਇਲਾਵਾ ਵਰਮੀ ਕੰਪੋਸਟ ਆਦਿ ਵੀ ਖਿੱਚ ਦਾ ਕੇਂਦਰ ਬਣੇ। ਗੰਡਾ ਸੀਡ ਫਾਰਮ ਬਿਰੜਵਾਲ ਤੋਂ ਸਿਕੰਦਰ ਸਿੰਘ ਨੇ ਖੁੰਭਾਂ, ਖੀਰਾ ਅਤੇ ਪਿਆਜ ਤੇ ਗੋਭੀ ਦੀ ਪਨੀਰੀ ਲਿਆ ਕੇ ਇਸ ਨੂੰ ਉਗਾਉਣ ਬਾਰੇ ਵੀ ਜਾਣਕਾਰੀ ਦਿੱਤੀ।
ਫਾਰਮ ਸਲਾਹਕਾਰ ਕੇਂਦਰ, ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਬਾਗਬਾਨੀ ਵਿਭਾਗ ਨੇ ਖੁੰਭਾਂ, ਗੋਆਵਾ ਅਸਟੇਟ ਵਜੀਦਪੁਰ ਨੇ ਅਮਰੂਦ ਦੀਆਂ ਕਿਸਮਾਂ, ਨਗਰ ਨਿਗਮ ਨੇ ਕਬਾੜ ਤੋਂ ਸਜਾਵਟੀ ਵਸਤਾਂ ਬਣਾਉਣ, ਜਾਗੋ ਕਿਸਾਨ ਸਟਾਲ, ਸਿੱਧੂ ਹਨੀ ਬੀ ਫਾਰਮ, ਵੀ ਡਾਕ ਦੇ ਸਿਹਤ ਪਦਾਰਥ, ਇਸੇ ਤਰ੍ਹਾਂ ਹੀ ਸਵੈ ਸਹਾਇਤਾ ਸਮੂਹ ਪਟਿਆਲਾ ਕਿੰਗ ਦੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਲੋਕ ਬਹੁਤ ਖ਼ੁਸ਼ ਹੋਕੇ ਉਨ੍ਹਾਂ ਦੇ ਅਮਰੂਦ ਤੋਂ ਬਣਾਏ ਪਦਾਰਥ ਖਰੀਦ ਕੇ ਲੈਕੇ ਗਏ ਹਨ। ਸਾਵੀ ਆਰਗੈਨਿਕ ਫਾਰਮ, ਜਲ ਤੇ ਭੂਮੀ ਰੱਖਿਆ, ਸਵੀਪ, ਪ੍ਰਾਣਾ, ਕਿਸਾਨ ਵਿਕਾਸ ਸਦਨ, ਅਪੰਗ ਲੋਕਾਂ ਦੇ ਮਿਲ ਬੈਠਣ ਲਈ ਪਰਪਲ ਪਿਕਨਿਕ, ਪਾਵਰ ਹਾਊਸ ਯੂਥ ਕਲੱਬ ਤੇ ਯੂਥ ਫੈਡੇਰੇਸ਼ਨ ਆਫ਼ ਇੰਡੀਆ ਨੇ ਵੀ ਨਸ਼ਿਆਂ ਵਿਰੁੱਧ ਜਾਗਰੂਕਤਾ ਸਟਾਲ ਲਗਾਏ।
ਇਸ ਮੌਕੇ ਸਹਾਇਕ ਡਾਇਰੈਕਟਰ ਸੰਦੀਪ ਗਰੇਵਾਲ, ਬਾਗਬਾਨੀ ਵਿਭਾਗ ਦੇ ਕੁਲਵਿੰਦਰ ਸਿੰਘ, ਹਰਪ੍ਰੀਤ ਸਿੰਘ ਸੇਠੀ, ਰੁਪਿੰਦਰ ਕੌਰ, ਦਿਲਪ੍ਰੀਤ ਸਿੰਘ, ਹਰਿੰਦਰਪਾਲ ਸਿੰਘ, ਸਿਮਰਨਜੀਤ ਕੌਰ, ਗਗਨ ਕੁਮਾਰ, ਪਵਨ ਕੁਮਾਰ ਤੋਂ ਇਲਾਵਾ ਵੱਡੀ ਕਿਸਾਨਾਂ, ਬਾਗਬਾਨਾਂ, ਸਵੈ ਸਹਾਇਤਾ ਸਮੂਹਾਂ ਮੈਂਬਰ ਇਸਤਰੀਆਂ, ਗਿਣਤੀ ਸਕੂਲਾਂ ਕਾਲਜਾਂ ਦੇ ਵਿਦਿਆਰਥੀ ਅਤੇ ਪਟਿਆਲਵੀਆਂ ਨੇ ਵੀ ਸ਼ਮੂਲੀਅਤ ਕੀਤੀ।
+ There are no comments
Add yours