ਭਾਸ਼ਾ ਵਿਭਾਗ ਦੀ ਪੁਸਤਕ ਨੂੰ ਮਿਲਿਆ ਕੌਮੀ ਸਨਮਾਨ

0 min read

ਪਟਿਆਲਾ 13 ਮਾਰਚ:
ਭਾਸ਼ਾ ਵਿਭਾਗ ਪੰਜਾਬ ਦੀ ਪੁਸਤਕ ‘ਤੇਰੇ ਲਈ’ ਨੂੰ ਭਾਰਤੀ ਸਾਹਿਤ ਅਕਾਦਮੀ ਵੱਲੋਂ ਅਨੁਵਾਦ ਦੇ ਖੇਤਰ ਦੀ ਸਰਵੋਤਮ ਪੁਸਤਕ ਵਜੋਂ ਪੁਰਸਕਾਰ ਦਿੱਤਾ ਗਿਆ ਹੈ। ਵਿਭਾਗ ਦੇ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਨੇ ਦੱਸਿਆ ਕਿ ਹਿੰਦੀ ਦੇ ਆਧੁਨਿਕ ਤੇ ਸਿਰਮੌਰ ਲੇਖਕ ਹਿਮਾਂਸ਼ੂ ਜੋਸ਼ੀ ਦੁਆਰਾ ਲਿਖੇ ਹੋਏ ਹਿੰਦੀ ਨਾਵਲ ‘ਤੁਮਾਰੇ ਲੀਏ’ ਦਾ ਸ੍ਰੀਮਤੀ ਚੰਦਨ ਨੇਗੀ ਕੋਲੋਂ ਅਨੁਵਾਦ ਕਰਵਾਕੇ ਭਾਸ਼ਾ ਵਿਭਾਗ ਵੱਲੋਂ ਛਾਪਿਆ ਗਿਆ ਹੈ। ਇਸ ਪੁਸਤਕ ਨੂੰ ਬਿਹਤਰੀਨ ਅਨੁਵਾਦਿਤ ਪੁਰਸਕਾਰ ਮਿਲਣਾ ਭਾਸ਼ਾ ਵਿਭਾਗ ਤੇ ਅਨੁਵਾਦ ਕਰਤਾ ਚੰਦਨ ਨੇਗੀ ਦੀ ਵੱਡੀ ਪ੍ਰਾਪਤੀ ਹੈ। ਉਨ੍ਹਾਂ ਵਿਭਾਗ ਦੀ ਟੀਮ ਅਤੇ ਸ੍ਰੀਮਤੀ ਨੇਗੀ ਨੂੰ ਇਸ ਪ੍ਰਾਪਤੀ ਲਈ ਮੁਬਾਰਕਬਾਦ ਦਿੱਤੀ ਹੈ। ਅਨੁਵਾਦ ਦੇ ਮਿਆਰ ਦੀ ਸ਼ਲਾਘਾ ਕਰਦਿਆਂ ਸ. ਜ਼ਫ਼ਰ ਨੇ ਕਿਹਾ ਕਿ ਉਕਤ ਨਾਵਲ ਦੇ ਪੰਜਾਬੀ ਰੂਪ ’ਚ ਵੀ ਮੂਲ ਰਚਨਾ ਵਾਲਾ ਪ੍ਰਭਾਵ ਤੇ ਰਵਾਨਗੀ ਹੈ। ਇਹ ਨਾਵਲ ਮੱੱਧ ਵਰਗੀ ਸਮਾਜ ਦੇ ਜੀਵਨ ਦੀਆਂ ਦੁਸ਼ਵਾਰੀਆਂ ਦੀ ਯਥਾਰਥਕ ਤਸਵੀਰ ਪੇਸ਼ ਕਰਦਾ ਹੈ। ਇਸੇ ਕਰਕੇ ਭਾਸ਼ਾ ਵਿਭਾਗ ਨੇ ਪਾਠਕਾਂ ਨੂੰ ਮਿਆਰੀ ਸਾਹਿਤ ਦੇ ਰੂਬੁਰੂ ਕਰਨ ਦੇ ਮਨਸੂਬੇ ਤਹਿਤ ਇਸ ਨਾਵਲ ਦੀ ਅਨੁਵਾਦ ਲਈ ਚੋਣ ਕੀਤੀ। ਦੱਸਣਯੋਗ ਹੈ ਕਿ ਸ੍ਰੀਮਤੀ ਨੇਗੀ ਵਿਭਾਗ ਲਈ ਡੋਗਰੀ ਕੋਸ਼ ਵੀ ਤਿਆਰ ਕਰ ਚੁੱਕੇ ਹਨ। ਜੋ ਕੁਝ ਮਹੀਨੇ ਪਹਿਲਾ ਲੋਕ ਅਰਪਣ ਕੀਤਾ ਗਿਆ ਹੈ ਅਤੇ ਵਿਭਾਗ ਦੀ ਵੈੱਬਸਾਈਟ ’ਤੇ ਵੀ ਉਪਲਬਧ ਹੈ।

You May Also Like

More From Author

+ There are no comments

Add yours