ਪਟਿਆਲਾ ਹੈਰੀਟੇਜ ਫੈਸਟੀਵਲ ਦੇ ਦੋ ਦਿਨਾਂ ਗੁਲਦਾਉਦੀ ਸ਼ੋਅ ਤੇ ਅਮਰੂਦ ਮੇਲੇ ਤਿਆਰੀਆਂ ਮੁਕੰਮਲ

1 min read
ਪਟਿਆਲਾ ਹੈਰੀਟੇਜ ਫੈਸਟੀਵਲ ਦੇ ਦੋ ਦਿਨਾਂ ਗੁਲਦਾਉਦੀ ਸ਼ੋਅ ਤੇ ਅਮਰੂਦ ਮੇਲੇ ਤਿਆਰੀਆਂ ਮੁਕੰਮਲ
-ਡਿਪਟੀ ਕਮਿਸ਼ਨਰ ਵੱਲੋਂ ਲੋਕਾਂ ਨੂੰ ਬਾਰਾਂਦਰੀ ਬਾਗ ‘ਚ ਗੁਲਦਾਉਦੀ ਸ਼ੋਅ ਤੇ ਅਮਰੂਦ ਮੇਲੇ ਦਾ ਆਨੰਦ ਮਾਣਨ ਦਾ ਖੁੱਲ੍ਹਾ ਸੱਦਾ
-ਵਿਰਾਸਤੀ ਖਾਣੇ, ਆਰਗੈਨਿਕ ਤੇ ਅਮਰੂਦ ਤੋਂ ਬਣੀਆਂ ਵਸਤਾਂ ਸਮੇਤ ਬੱਚਿਆਂ ਦਾ ਕੋਨਾ ਹੋਵੇਗਾ ਖਿਚ ਦਾ ਕੇਂਦਰ
ਪਟਿਆਲਾ, 14 ਦਸੰਬਰ:
ਪਟਿਆਲਾ ਨੂੰ ਟੂਰਿਜ਼ਮ ਦੇ ਕੇਂਦਰ ਵਜੋਂ ਉਭਾਰਨ ਲਈ ਪੰਜਾਬ ਸਰਕਾਰ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਵਾਏ ਜਾਣ ਵਾਲੇ ਪਟਿਆਲਾ ਹੈਰੀਟੇਜ ਫੈਸਟੀਵਲ ਦੀ ਸ਼ੁਰੂਆਤ ਵਜੋਂ ਦੂਜੇ ਗੁਲਦਾਉਦੀ ਸ਼ੋਅ ਅਤੇ ਅਮਰੂਦ ਮੇਲੇ ਤਿਆਰੀਆਂ ਮੁਕੰਮਲ ਹੋ ਗਈਆਂ ਹਨ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਬਾਰਾਂਦਰੀ ਬਾਗ ਵਿਖੇ ਤਿਆਰੀਆਂ ਦਾ ਜਾਇਜ਼ਾ ਲੈਂਦੇ ਹੋਏ ਪਟਿਆਲਾ ਵਾਸੀਆਂ ਨੂੰ 15 ਅਤੇ 16 ਦਸੰਬਰ ਨੂੰ ਇਸ ਗੁਲਦਾਉਦੀ ਸ਼ੋਅ ਅਤੇ ਅਮਰੂਦ ਮੇਲੇ ਦਾ ਦਾ ਮਾਨਣ ਦਾ ਖੁੱਲ੍ਹਾ ਸੱਦਾ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਦੋ ਦਿਨਾਂ ਮੇਲੇ ਦਾ ਉਦਘਾਟਨ ਪੰਜਾਬ ਦੇ ਬਾਗਬਾਨੀ ਮੰਤਰੀ ਚੇਤਨ ਸਿੰਘ ਜੌੜਾਮਾਜਰਾ 15 ਦਸੰਬਰ ਨੂੰ ਇੱਥੇ ਪੁਰਾਤਨ ਬਾਰਾਂਦਰੀ ਬਾਗ ਵਿਖੇ ਕਰਨਗੇ।
ਸਾਕਸ਼ੀ ਸਾਹਨੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੇ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਲਈ ਲੋਕ ਕਲਾਵਾਂ, ਲੋਕ ਮੇਲਿਆਂ ਅਤੇ ਪੰਜਾਬ ਦੀ ਵਿਰਾਸਤ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਦੇ ਯਤਨ ਅਰੰਭੇ ਹਨ, ਇਸ ਤਹਿਤ ਪਟਿਆਲਾ ਵਿਖੇ ਇਹ ਮੇਲਾ ਕਰਵਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ 15 ਤੇ 16 ਦਸੰਬਰ ਨੂੰ ਬਾਰਾਂਦਰੀ ਦੇ ਚਿਲਡਰਨ ਪਾਰਕ ਵਿਖੇ ਬਾਗਬਾਨ ਫੁੱਲਾਂ ਦੀਆਂ ਵੱਖ-ਵੱਖ ਸ਼੍ਰੇਣੀਆਂ ‘ਚ ਐਂਟਰੀਆਂ ਦਰਜ ਕਰਵਾਉਣਗੇ, ਜਿਨ੍ਹਾਂ ‘ਚੋਂ ਉਤਮ ਕਿਸਮ ਦੇ ਫੁੱਲਾਂ ਦੇ ਜੇਤੂਆਂ ਨੂੰ ਇਨਾਮ ਦਿੱਤੇ ਜਾਣਗੇ। ਜਦੋਂਕਿ ਅਮਰੂਦ ਮੇਲੇ ‘ਚ ਬਾਗਬਾਨ ਅਮਰੂਦ ਦੀਆਂ ਵੱਖ-ਵੱਖ ਕਿਸਮਾਂ ਸਮੇਤ ਅਮਰੂਦ ਤੋਂ ਬਣੇ ਪਦਾਰਥਾਂ ਦੀ ਦਿਲਕਸ਼ ਨੁਮਾਇਸ਼ ਲਗਾਉਣਗੇ।
ਇਸ ਮੇਲੇ ‘ਚ ਖਾਣ-ਪੀਣ ਦੀਆਂ ਵਸਤਾਂ ਦੀਆਂ ਸਟਾਲਾਂ, ਆਰਗੈਨਿਕ ਖਾਣੇ, ਅਮਰੂਦ ਤੋਂ ਬਣੀ ਬਰਫ਼ੀ, ਜੈਮ ਤੇ ਹੋਰ ਪਦਾਰਥਾਂ ਸਮੇਤ ਵੱਖ-ਵੱਖ ਖੇਤੀ ਤੇ ਬਾਗਬਾਨੀ ਉਤਪਾਦਾਂ ਦੀਆਂ ਸਟਾਲਾਂ ਤੋਂ ਇਲਾਵਾ ਬੱਚਿਆਂ ਲਈ ਵਿਸ਼ੇਸ਼ ਕੋਨਾ ਖਿਚ ਦਾ ਕੇਂਦਰ ਹੋਵੇਗਾ। ਇਸ ਮੌਕੇ ਐਸ.ਪੀ. ਹਰਬੰਤ ਕੌਰ, ਐਸ.ਡੀ.ਐਮ. ਡਾ. ਇਸਮਤ ਵਿਜੇ ਸਿੰਘ, ਸਹਾਇਕ ਕਮਿਸ਼ਨਰ ਰਵਿੰਦਰ ਸਿੰਘ, ਸਿਵਲ ਸਰਜਨ ਡਾ. ਰਮਿੰਦਰ ਕੌਰ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ਼ਾਇਨਾ ਕਪੂਰ ਤੇ ਬਾਗਬਾਨੀ ਵਿਭਾਗ ਦੇ ਅਧਿਕਾਰੀ ਵੀ ਮੌਜੂਦ ਸਨ।

You May Also Like

More From Author

+ There are no comments

Add yours