ਚੇਤਨ ਸਿੰਘ ਜੌੜਾਮਾਜਰਾ ਨੇ ਸਮਾਣਾ ਦੇ ਨਵੇਂ ਬੱਸ ਅੱਡੇ ਦਾ ਨੀਂਹ ਪੱਥਰ ਰੱਖਿਆ

1 min read
-ਕਿਹਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਵਾ 6 ਕਰੋੜ ਰੁਪਏ ਭੇਜ ਕੇ ਲੋਕਾਂ ਦੀ ਚਿਰੋਕਣੀ ਮੰਗ ਕੀਤੀ ਪੂਰੀ
ਸਮਾਣਾ, 6 ਦਸੰਬਰ:
ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਸਮਾਣਾ ਵਿਖੇ ਬਨਣ ਵਾਲੇ ਨਵੇਂ ਤੇ ਅਤਿ-ਆਧੁਨਿਕ ਬੱਸ ਅੱਡੇ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਬੱਸ ਅੱਡੇ ਲਈ ਕਰੀਬ ਸਵਾ 6 ਕਰੋੜ ਰੁਪਏ ਭੇਜ ਕੇ ਸਮਾਣਾ ਸ਼ਹਿਰ ਨਿਵਾਸੀਆਂ ਤੇ ਆਸ-ਪਾਸ ਦੇ ਇਲਾਕਿਆਂ ਦੀਆਂ ਸਵਾਰੀਆਂ ਦੀ ਚਿਰੋਕਣੀ ਮੰਗ ਪੂਰੀ ਕੀਤੀ ਹੈ।
ਕੈਬਨਿਟ ਮੰਤਰੀ ਜੌੜਾਮਾਜਰਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਵੀ ਬਹੁਤ ਵਾਰ ਇਸ ਬੱਸ ਅੱਡੇ ਦੇ ਨਵੀਨੀਕਰਨ ਦਾ ਲਾਰਾ ਲਾਇਆ ਸੀ ਪਰੰਤੂ ਕਿਸੇ ਨੇ ਕੋਈ ਫੰਡ ਨਹੀਂ ਭੇਜਿਆ ਪਰੰਤੂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਮੌਜੂਦਾ ਆਪ ਸਰਕਾਰ ਨੇ ਗ੍ਰਾਂਟ ਜਾਰੀ ਕਰ ਦਿੱਤੀ ਹੈ ਅਤੇ ਅਗਲੇ 6 ਮਹੀਨਿਆਂ ਵਿੱਚ ਇਹ ਬੱਸ ਅੱਡਾ ਬਣਕੇ ਤਿਆਰ ਹੋ ਜਾਵੇਗਾ।
ਚੇਤਨ ਸਿੰਘ ਜੌੜਾਮਾਜਰਾ ਨੇ ਦੱਸਿਆ ਕਿ ਸਮਾਣਾ ਦੇ ਪੁਰਾਣੇ ਬੱਸ ਅੱਡੇ ਦੀ ਕਰੀਬ ਪੌਣੇ 2 ਏਕੜ ਜਮੀਨ ‘ਚ ਨਵਾਂ ਤੇ ਅਤਿ-ਆਧੁਨਿਕ ਬੱਸ ਅੱਡਾ ਬਣਾਇਆ ਜਾ ਰਿਹਾ ਹੈ, ਅਤੇ ਇੱਥੇ ਘੱਟੋ-ਘੱਟ ਜਗ੍ਹਾ ਦੀ ਵੱਧ ਤੋਂ ਵੱਧ ਵਰਤੋਂ ਕਰਕੇ ਇਸਦੇ ਪੁਰਾਣੇ ਢਾਂਚੇ ਤੋਂ ਵੀ ਕੰਮ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਥੇ ਪਾਣੀ ਦੀ ਨਿਕਾਸੀ, ਨਵੀਂਆਂ ਦੁਕਾਨਾਂ, ਬੱਸਾਂ ਸਮੇਤ ਸਵਾਰੀਆਂ ਦੇ ਸਕੂਟਰਾਂ ਤੇ ਕਾਰਾਂ ਆਦਿ ਦੀ ਪਾਰਕਿੰਗ ਤੋਂ ਇਲਾਵਾ  ਛੱਤ ‘ਤੇ ਸੋਲਰ ਸਿਸਟਮ ਤੇ ਰੇਨ ਵਾਟਰ ਹਾਰਵੈਸਟਿੰਗ ਪ੍ਰਣਾਲੀ ਵੀ ਲਗਾਈ ਜਾਵੇਗੀ।
ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ, ਜਿਨ੍ਹਾਂ ਕੋਲ, ਜਲ ਸਰੋਤ, ਖਨਣ ਤੇ ਭੂ-ਵਿਗਿਆਨ, ਜਲ ਤੇ ਭੂਮੀ ਰੱਖਿਆ, ਬਾਗਬਾਨੀ, ਸੁਤੰਤਰਤਾ ਸੰਗਰਾਮੀ ਅਤੇ ਰੱਖਿਆ ਸੇਵਾਵਾਂ ਭਲਾਈ ਬਾਰੇ ਵਿਭਾਗ ਵੀ ਹਨ, ਨੇ ਕਿਹਾ ਕਿ ਸਮਾਣਾ ਦਾ ਬੱਸ ਅੱਡਾ ਸ਼ਹਿਰ ਤੋਂ ਬਾਹਰ ਲਿਜਾਣ ਲਈ ਜਮੀਨ ਵੀ ਦੇਖੀ ਗਈ ਸੀ ਪਰੰਤੂ ਸਵਾਰੀਆਂ ਦੀ ਸਹੂਲਤ ਅਤੇ ਸ਼ਹਿਰ ਦੇ ਬਾਜ਼ਾਰਾਂ ਦੇ ਦੁਕਾਨਦਾਰਾਂ ਦੇ ਵਪਾਰ ਨੂੰ ਦੇਖਦਿਆਂ ਹੋਇਆ ਇੱਥੇ ਪੁਰਾਣੇ ਬੱਸ ਅੱਡੇ ਵਿਖੇ ਹੀ ਨਵਾਂ ਬੱਸ ਅੱਡਾ ਬਣਾਉਣ ਦਾ ਫੈਸਲਾ ਕੀਤਾ ਗਿਆ।
ਇਸ ਮੌਕੇ ਹਰਜਿੰਦਰ ਸਿੰਘ ਮਿੰਟੂ ਜੌੜਾਮਾਜਰਾ, ਓ.ਐਸ.ਡੀ. ਗੁਲਜ਼ਾਰ ਸਿੰਘ ਵਿਰਕ, ਗੁਰਦੇਵ ਸਿੰਘ ਟਿਵਾਣਾ ਤੇ ਬਲਕਾਰ ਸਿੰਘ ਗੱਜੂਮਾਜਰਾ, ਐਸ.ਡੀ.ਐਮ. ਚਰਨਜੀਤ ਸਿੰਘ, ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਬਰਜਿੰਦਰ ਸਿੰਘ, ਮਦਨ ਮਿੱਤਲ, ਸੁਨੈਨਾ ਮਿੱਤਲ, ਯੂਥ ਪ੍ਰਧਾਨ ਪਾਰਸ ਸ਼ਰਮਾ, ਗੋਪਾਲ ਗਰਗ, ਵੀ.ਕੇ ਗੁਪਤਾ, ਦਰਸ਼ਨ ਮਿੱਤਲ, ਸੰਦੀਪ ਲੂੰਬਾ, ਸੰਜੂ ਕਕਰਾਲਾ ਸਮੇਤ ਕੌਂਸਲਰ ਅਤੇ ਸ਼ਹਿਰ ਦੇ ਹੋਰ ਪਤਵੰਤੇ ਵੀ ਮੌਜੂਦ ਸਨ।

You May Also Like

More From Author

+ There are no comments

Add yours