-ਆਈ.ਟੀ.ਆਈ. ਕੋਰਸ ਕਰਦੇ ਹੋਏ ਸਾਇਕਲ ‘ਤੇ ਸਵਿਗੀ ਦਾ ਸਮਾਨ ਢੋਹਣ ਵਾਲੇ ਮਿਹਨਤੀ ਨੌਜਵਾਨ ਨਾਲ ਕਰਵਾਈ ਡਿਪਟੀ ਕਮਿਸ਼ਨਰ ਦੀ ਮੁਲਾਕਾਤ
-ਯੂ.ਪੀ.ਐਸ.ਸੀ. ਦਾ ਇਮਹਿਤਾਨ ਪਾਸ ਕਰਕੇ ਆਈ.ਏ.ਐਸ. ਅਧਿਕਾਰੀ ਬਣਨਾ ਲੋਚਦਾ ਹੈ ਸੌਰਵ ਭਾਰਦਵਾਜ
ਪਟਿਆਲਾ, 7 ਦਸੰਬਰ:
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੁਕਮਾਂ ‘ਤੇ ਜ਼ਿਲ੍ਹੇ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਰੋਲ ਮਾਡਲਾਂ ਨਾਲ ਮਿਲਾਉਣ ਲਈ ਸ਼ੁਰੂ ਕੀਤੇ ਗਏ ਪ੍ਰੋਗਰਾਮ ਆਈ ਐਸਵਾਇਰ ਲੀਡਰਸ਼ਿਪ ਤਹਿਤ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਅੱਜ ਸਰਕਾਰੀ ਆਈ.ਟੀ.ਆਈ. ਦੇ ਸਿਖਿਆਰਥੀ ਨੌਜਵਾਨ ਸੌਰਵ ਭਾਰਦਵਾਜ ਨਾਲ ਮੁਲਾਕਾਤ ਕੀਤੀ। ਇਹ ਨੌਜਵਾਨ ਜੋਕਿ ਆਪਣੇ ਪਰਿਵਾਰ ਦੀ ਵਿੱਤੀ ਮਦਦ ਕਰਨ ਲਈ ਸਾਇਕਲ ‘ਤੇ ਸਵਿੱਗੀ ਦੇ ਸਮਾਨ ਦੀ ਡਿਲਿਵਰੀ ਵੀ ਕਰਦਾ ਹੈ, ਅਤੇ ਭਵਿੱਖ ਵਿੱਚ ਉਚੇਰੀ ਪੜ੍ਹਾਈ ਕਰਕੇ ਆਈ.ਏ.ਐਸ. ਅਧਿਕਾਰੀ ਬਣਨਾ ਲੋਚਦਾ ਹੈ, ਨੂੰ ਡਿਪਟੀ ਕਮਿਸ਼ਨਰ ਨੇ ਮੁਕਾਬਲੇ ਦੇ ਇਮਤਿਹਾਨ ਪਾਸ ਕਰਨ ਲਈ ਮਾਰਗ ਦਰਸ਼ਨ ਕੀਤਾ।
ਇੱਥੇ ਰਣਜੀਤ ਨਗਰ ਸਰਹਿੰਦ ਰੋਡ ਦੇ ਵਸਨੀਕ ਤੇ ਬਾਰਵੀ ਪਾਸ ਸੌਰਵ ਭਾਰਦਵਾਜ ਨੇ ਦੱਸਿਆ ਕਿ ਉਹ ਇਸ ਸਮੇਂ ਆਈ.ਟੀ.ਆਈ ਪਟਿਆਲਾ ਤੋਂ ਮੋਟਰ ਮਕੈਨਿਕ ਵਹੀਕਲ ਟਰੇਡ ‘ਚ ਡਿਪਲੋਮਾ ਕਰ ਰਿਹਾ ਹੈ। ਉਹ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੂੰ ਆਪਣਾ ਰੋਲ ਮਾਡਲ ਮੰਨਦਾ ਹੈ ਅਤੇ ਯੂ.ਪੀ.ਐਸ.ਸੀ. ਦੀ ਪ੍ਰੀਖਿਆ ਪਾਸ ਕਰਕੇ ਦੇਸ਼ ਹਿੱਤ ਵਿੱਚ ਨੌਕਰੀ ਕਰਨਾ ਚਾਹੰਦਾ ਹੈ ਪਰੰਤੂ ਇਸ ਸਮੇਂ ਉਹ ਘਰੇਲੂ ਹਾਲਾਤ ਦੇ ਮੱਦੇਨਜ਼ਰ ਸਵਿੱਗੀ ਵਿੱਚ ਸਾਈਕਲ ਉਪਰ ਡਿਲਿਵਰੀ ਦੀ ਨੌਕਰੀ ਕਰਕੇ ਆਪਣੇ ਪਰਿਵਾਰ ਦੀ ਮਦਦ ਵੀ ਕਰ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਉਸਨੂੰ ਆਪਣੀ ਪੜ੍ਹਾਈ ਤੇ ਇਮਤਿਹਾਨ ਲਈ ਕੀਤੀ ਮਿਹਨਤ ਦੀ ਉਦਾਹਰਨ ਦੇ ਕੇ ਜੀਅਤੋੜ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਅਤੇ ਮੁਕਾਬਲੇ ਦੇ ਇਮਤਿਹਾਨ ਪਾਸ ਕਰਨ ਲਈ ਯੋਗ ਕਿਤਾਬਾਂ ਦਾ ਸੈਟ ਦੇ ਕੇ ਉਸਦਾ ਹੌਸਲਾ ਵੀ ਵਧਾਇਆ।ਉਨ੍ਹਾਂ ਦੱਸਿਆ ਕਿ ਉਹ ਆਪਣੀ ਨੌਕਰੀ ਦੇ ਹੋਰ ਵਧੇਰੇ ਮਾਰਗ ਦਰਸ਼ਨ ਲਈ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਨਾਲ ਸੰਪਰਕ ਕਰਦਾ ਰਹੇ ਤਾਂ ਉਸਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਇਸ ਮੌਕੇ ਰੋਜ਼ਗਾਰ ਉਤਪੱਤੀ ਹੁਨਰਵਿਕਾਸ ਅਤੇ ਸਿਖਲਾਈ ਅਫ਼ਸਰ ਕੰਵਲਪੁਨੀਤ ਕੌਰ ਅਤੇ ਤੇਜਵਿੰਦਰ ਸਿੰਘ ਸਮੇਤ ਆਈ.ਟੀ.ਆਈ. ਦੇ ਵਾਇਸ ਪ੍ਰਿੰਸੀਪਲ ਸੰਜੇ ਧੀਰ, ਇੰਸਟ੍ਰਕਟਰ ਜਗਦੀਪ ਜੋਸ਼ੀ ਅਤੇ ਹੋਸਟਲ ਸੁਪਰਡੈਂਟ ਅਨਿਲ ਖੰਨਾ ਵੀ ਮੌਜੂਦ ਸਨ।
+ There are no comments
Add yours