ਸਮਾਣਾ ਵਾਸੀਆਂ ਨੂੰ ਮਿਲੇਗਾ 6 ਕਰੋੜ ਰੁਪਏ ਦੀ ਲਾਗਤ ਨਾਲ ਨਵਾਂ ਬੱਸ ਅੱਡਾ-ਜੌੜਾਮਾਜਰਾ

1 min read
-ਪੁਰਾਣੇ ਬੱਸ ਅੱਡੇ ਦੀ ਥਾਂ ਪੌਣੇ 2 ਏਕੜ ਜਮੀਨ ‘ਚ ਬਣੇਗਾ ਅਤਿ-ਆਧੁਨਿਕ ਬੱਸ ਅੱਡਾ-ਕੈਬਨਿਟ ਮੰਤਰੀ
-ਕਿਹਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਮੌਜੂਦਾ ਸਰਕਾਰ ਲਾਅਰਿਆਂ ਦੀ ਬਜਾਇ ਤੁਰੰਤ ਕੰਮ ਕਰਨ ‘ਚ ਕਰਦੀ ਹੈ ਵਿਸ਼ਵਾਸ਼
ਸਮਾਣਾ, 30 ਨਵੰਬਰ:
ਸਮਾਣਾ ਸ਼ਹਿਰ ਨਿਵਾਸੀਆਂ ਤੇ ਆਸ-ਪਾਸ ਦੇ ਇਲਾਕਿਆਂ ਦੀਆਂ ਸਵਾਰੀਆਂ ਨੂੰ 6 ਕਰੋੜ ਰੁਪਏ ਦੀ ਲਾਗਤ ਨਾਲ ਨਵਾਂ ਬੱਸ ਅੱਡਾ ਬਣਾ ਕੇ ਸੌਂਪਿਆ ਜਾਵੇਗਾ। ਇਹ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਸਮਾਣਾ ਵਾਸੀਆਂ ਦੀ ਚਿਰੋਕਣੀ ਮੰਗ ਨੂੰ ਪੂਰਾ ਕਰਕੇ ਇਸ ਲਈ ਗ੍ਰਾਂਟ ਵੀ ਜਾਰੀ ਕਰ ਦਿੱਤੀ ਹੈ।
ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਸਮਾਣਾ ਦੇ ਪੁਰਾਣੇ ਬੱਸ ਅੱਡੇ, ਜਿੱਥੇ ਕਿ ਨਵਾਂ ਬੱਸ ਅੱਡਾ ਉਸਾਰਿਆ ਜਾਣਾ ਹੈ, ਦਾ ਦੌਰਾ ਕੀਤਾ। ਉਨ੍ਹਾਂ ਦੱਸਿਆ ਕਿ ਇੱਥੇ ਪੌਣੇ 2 ਏਕੜ ਜਮੀਨ ‘ਚ ਨਵਾਂ ਤੇ ਅਤਿ-ਆਧੁਨਿਕ ਬੱਸ ਅੱਡਾ ਬਣਾਉਣ ਲਈ ਟੈਂਡਰ ਜਾਰੀ ਕਰਕੇ ਵਰਕ ਆਰਡਰ ਵੀ ਜਾਰੀ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬੱਸ ਅੱਡੇ ਦੀ ਛੱਤ ‘ਤੇ ਸੋਲਰ ਸਿਸਟਮ ਤੇ ਰੇਨ ਵਾਟਰ ਹਾਰਵੈਸਟਿੰਗ ਪ੍ਰਣਾਲੀ ਵੀ ਲਗਾਈ ਜਾਵੇਗੀ।
ਖਨਣ ਤੇ ਭੂ-ਵਿਗਿਆਨ, ਜਲ ਸਰੋਤ, ਜਲ ਤੇ ਭੂਮੀ ਰੱਖਿਆ, ਬਾਗਬਾਨੀ, ਸੁਤੰਤਰਤਾ ਸੰਗਰਾਮੀ ਅਤੇ ਰੱਖਿਆ ਸੇਵਾਵਾਂ ਭਲਾਈ ਬਾਰੇ ਮੰਤਰੀ ਜੌੜਾਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਮੌਜੂਦਾ ਸਰਕਾਰ ਪਿਛਲੀਆਂ ਸਰਕਾਰਾਂ ਦੀ ਤਰ੍ਹਾਂ ਲਾਅਰਿਆਂ ਵਿੱਚ ਢੰਗ ਨਹੀਂ ਟਪਾਉਂਦੀ ਸਗੋਂ ਤੁਰੰਤ ਕੰਮ ਕਰਨ ਵਿੱਚ ਵਿਸ਼ਵਾਸ਼ ਕਰਦੀ ਹੈ।
ਜੌੜਾਮਾਜਰਾ ਨੇ ਦੱਸਿਆ ਕਿ ਪਿਛਲੀਆਂ ਸਰਕਾਰਾਂ ਸਮੇਂ ਵੀ ਇਸ ਬੱਸ ਅੱਡੇ ਨੂੰ ਬਣਾਉਣ ਦੇ ਸਮਾਣਾ ਵਾਸੀਆਂ ਨਾਲ ਲਾਅਰੇ ਲਗਾਏ ਗਏ ਸਨ, ਪਰੰਤੂ ਇਹ ਬੱਸ ਅੱਡਾ ਕਦੇ ਵੀ ਨਹੀਂ ਬਣ ਸਕਿਆ ਸੀ, ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਮਾਣਾ ਵਾਸੀਆਂ ਦੀ ਸਮੱਸਿਆ ਨੂੰ ਸਮਝਦਿਆਂ ਤੁਰੰਤ ਇਸ ਲਈ ਗ੍ਰਾਂਟ ਜਾਰੀ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਨਵੇਂ ਬੱਸ ਅੱਡੇ ਦਾ ਕੰਮ ਬਹੁਤ ਜਲਦ ਸ਼ੁਰੂ ਹੋਣ ਜਾ ਰਿਹਾ ਹੈ।
ਇਸ ਮੌਕੇ ਐਸ.ਡੀ.ਐਮ. ਚਰਨਜੀਤ ਸਿੰਘ, ਕਾਰਜ ਸਾਧਕ ਅਫ਼ਸਰ ਬਰਜਿੰਦਰ ਸਿੰਘ, ਤੇ ਪ੍ਰਿੰਸੀਪਲ ਆਰਕੀਟੈਕਟ ਚੰਡੀਗੜ੍ਹ ਬਚਿੱਤਰ ਸਿੰਘ, ਸੀਨੀਅਰ ਆਰਕੀਟੈਕਟ ਸਾਂਚ ਕਪੂਰ ਤੇ ਆਰਕੀਟੈਕਟ ਅਨਿਕੇਤ ਨੇ ਨਵੇਂ ਬਣਨ ਵਾਲੇ ਬੱਸ ਅੱਡੇ ਦੇ ਡਿਜ਼ਾਇਨ ਤੇ ਹੋਰ ਪੱਖਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਓ.ਐਸ.ਡੀ. ਗੁਲਜ਼ਾਰ ਸਿੰਘ ਵਿਰਕ, ਗੁਰਦੇਵ ਸਿੰਘ ਟਿਵਾਣਾ ਤੇ ਬਲਕਾਰ ਸਿੰਘ ਗੱਜੂਮਾਜਰਾ ਸਮੇਤ ਸੋਨੂ ਥਿੰਦ ਤੇ ਸੁਰਜੀਤ ਸਿੰਘ ਫੌਜੀ ਵੀ ਮੌਜੂਦ ਸਨ।

You May Also Like

More From Author

+ There are no comments

Add yours