ਸੂਚਨਾ ਅਤੇ ਲੋਕ ਸੰਪਰਕ ਵਿਭਾਗ ਵੱਲੋਂ ਫ਼ੋਟੋ ਸਿਨੇਮਾ ਅਫ਼ਸਰ ਤਰੁਣ ਰਾਜਪੂਤ ਅਤੇ ਨਿਬੰਧਕਾਰ ਅਤੀਕ-ਉਰ-ਰਹਿਮਾਨ ਨੂੰ ਸੇਵਾ-ਮੁਕਤੀ ‘ਤੇ ਨਿੱਘੀ ਵਿਦਾਇਗੀ

1 min read
ਚੰਡੀਗੜ੍ਹ, 30 ਨਵੰਬਰ:
ਸੂਚਨਾ ਅਤੇ ਲੋਕ ਸੰਪਰਕ ਵਿਭਾਗ ਵੱਲੋਂ ਅੱਜ ਫ਼ੋਟੋ ਸਿਨੇਮਾ ਅਫ਼ਸਰ ਸ੍ਰੀ ਤਰੁਣ ਰਾਜਪੂਤ ਅਤੇ ਨਿਬੰਧਕਾਰ ਸ੍ਰੀ ਅਤੀਕ-ਉਰ-ਰਹਿਮਾਨ ਨੂੰ ਉਨ੍ਹਾਂ ਦੀ ਸੇਵਾ-ਮੁਕਤੀ ‘ਤੇ ਨਿੱਘੀ ਵਿਦਾਇਗੀ ਦਿੱਤੀ ਗਈ। ਦੋਵੇਂ ਮੁਲਾਜ਼ਮ ਵਿਭਾਗ ਵਿੱਚ ਕਰੀਬ 35 ਸਾਲ ਆਪਣੀਆਂ ਸੇਵਾਵਾਂ ਨਿਭਾਉਣ ਪਿੱਛੋਂ ਸੇਵਾ ਮੁਕਤ ਹੋਏ ਹਨ।
ਵਿਦਾਇਗੀ ਸਮਾਰੋਹ ਦੌਰਾਨ ਜੁਆਇੰਟ ਡਾਇਰੈਕਟਰ ਸ. ਰਣਦੀਪ ਸਿੰਘ ਆਹਲੂਵਾਲੀਆ ਅਤੇ ਸ. ਪ੍ਰੀਤ ਕੰਵਲ ਸਿੰਘ, ਡਿਪਟੀ ਡਾਇਰੈਕਟਰ ਸ. ਇਸ਼ਵਿੰਦਰ ਸਿੰਘ ਗਰੇਵਾਲ, ਸ. ਮਨਵਿੰਦਰ ਸਿੰਘ ਅਤੇ ਸ. ਗੁਰਮੀਤ ਸਿੰਘ ਖਹਿਰਾ ਸਮੇਤ ਹੋਰਨਾਂ ਅਧਿਕਾਰੀਆਂ ਨੇ ਦੋਵਾਂ ਮੁਲਾਜ਼ਮਾਂ ਵੱਲੋਂ ਆਪਣੇ ਸੇਵਾਕਾਲ ਦੌਰਾਨ ਨਿਭਾਈਆਂ ਸ਼ਾਨਦਾਰ ਸੇਵਾਵਾਂ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। ਬੁਲਾਰਿਆਂ ਨੇ ਕਿਹਾ ਕਿ ਆਪਣੇ ਸੇਵਾਕਾਲ ਦੌਰਾਨ ਸ੍ਰੀ ਤਰੁਣ ਰਾਜਪੂਤ ਅਤੇ ਸ੍ਰੀ ਅਤੀਕ-ਉਰ-ਰਹਿਮਾਨ ਵੱਲੋਂ ਵਿਖਾਈ ਗਈ ਮਿਸਾਲੀ ਸਖ਼ਤ ਮਿਹਨਤ, ਸਮਰਪਣ ਭਾਵਨਾ ਅਤੇ ਲਗਨ ਹਮੇਸ਼ਾ ਉਨ੍ਹਾਂ ਦੇ ਸਾਥੀਆਂ ਨੂੰ ਪੂਰੇ ਜੋਸ਼ ਅਤੇ ਸਾਕਾਰਾਤਮਕ ਰਵੱਈਏ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਪ੍ਰੇਰਿਤ ਕਰੇਗੀ ਅਤੇ ਉਨ੍ਹਾਂ ਵੱਲੋਂ ਨਿਭਾਈਆਂ ਮਿਸਾਲੀ ਸੇਵਾਵਾਂ ਨੂੰ ਸਦਾ ਯਾਦ ਰੱਖਿਆ ਜਾਵੇਗਾ।
ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਸੇਵਾ-ਮੁਕਤੀ ਤੋਂ ਬਾਅਦ ਦੋਵਾਂ ਮੁਲਾਜ਼ਮਾਂ ਦੇ ਬਿਹਤਰ ਅਤੇ ਸਿਹਤਮੰਦ ਜੀਵਨ ਦੀ ਕਾਮਨਾ ਕਰਦਿਆਂ ਕਿਹਾ ਕਿ ਦੋਵੇਂ ਮੁਲਾਜ਼ਮ ਹੁਣ ਆਪਣਾ ਕੀਮਤੀ ਸਮਾਂ ਆਪਣੇ ਪਰਿਵਾਰ ਨਾਲ ਬਿਤਾਉਂਦਿਆਂ ਆਪਣੀਆਂ ਸਮਾਜਿਕ ਜ਼ਿੰਮੇਵਾਰੀਆਂ ਹੋਰ ਬਿਹਤਰ ਢੰਗ ਨਾਲ ਨਿਭਾਅ ਸਕਣਗੇ।
ਵਿਭਾਗ ਦੇ ਸਟਾਫ਼ ਮੈਂਬਰਾਂ ਨੇ ਫ਼ੋਟੋ ਸਿਨੇਮਾ ਅਫ਼ਸਰ ਸ੍ਰੀ ਤਰੁਣ ਰਾਜਪੂਤ ਅਤੇ ਨਿਬੰਧਕਾਰ ਸ੍ਰੀ ਅਤੀਕ-ਉਰ-ਰਹਿਮਾਨ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸੇਵਾ-ਮੁਕਤ ਹੋਏ ਦੋਵੇਂ ਮੁਲਾਜ਼ਮਾਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਵਿਭਾਗ ਦੇ ਆਈ.ਪੀ.ਆਰ.ਓਜ਼, ਏ.ਪੀ.ਆਰ.ਓਜ਼ ਅਤੇ ਹੋਰ ਕਰਮਚਾਰੀ ਵੀ ਹਾਜ਼ਰ ਸਨ।

You May Also Like

More From Author

+ There are no comments

Add yours