ਚੇਤਨ ਸਿੰਘ ਜੌੜਾਮਾਜਰਾ ਨੇ ਜਲ ਸਰੋਤ ਵਿਭਾਗ ਦੇ ਅਧਿਕਾਰੀਆਂ ਨਾਲ ਪਲੇਠੀ ਬੈਠਕ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ‘ਇਮਾਨਦਾਰੀ ਨਾਲ ਕਰੋ ਕੰਮ’ ਦਾ ਸੁਨੇਹਾ ਦਿੱਤਾ

1 min read
 -ਕਿਹਾ, ਪੰਜਾਬ ਸਰਕਾਰ ਦੀ ਨੀਤੀ ਤੇ ਨੀਅਤ ਸਾਫ਼, ਟੇਲਾਂ ਤੱਕ ਪੁੱਜੇਗਾ ਪਾਣੀ, ਖਾਲਿਆਂ ਤੋਂ ਨਾਜਾਇਜ਼ ਕਬਜ਼ੇ ਹੋਣਗੇ ਦੂਰ
-ਧਰਤੀ ਹੇਠਲਾ ਪਾਣੀ ਬਚਾਉਣ ਲਈ ਨਹਿਰੀ ਪਾਣੀ ਦੀ ਵੱਧ ਤੋਂ ਵੱਧ ਵਰਤੋਂ ਯਕੀਨੀ ਬਣਾਉਣ ‘ਤੇ ਜ਼ੋਰ
-ਫੀਲਡ ‘ਚ ਜਾਣ ਅਧਿਕਾਰੀ, ਹਰ ਮਹੀਨੇ ਹੋਵੇਗੀ ਜਾਇਜ਼ਾ ਮੀਟਿੰਗ-ਜੌੜਾਮਾਜਰਾ
ਪਟਿਆਲਾ, 25 ਨਵੰਬਰ:
ਪੰਜਾਬ ਦੇ ਜਲ ਸਰੋਤ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਜਲ ਸਰੋਤ ਵਿਭਾਗ ਦੇ ਪਟਿਆਲਾ ਜ਼ਿਲ੍ਹੇ ਨਾਲ ਜੁੜੇ ਡਰੇਨੇਜ ਤੇ ਸਿੰਚਾਈ ਵਿਭਾਗਾਂ ਦੇ ਸਮੂਹ ਅਧਿਕਾਰੀਆਂ ਨਾਲ ਪਲੇਠੀ ਜਾਇਜ਼ਾ ਬੈਠਕ ਕਰਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ‘ਇਮਾਨਦਾਰੀ ਨਾਲ ਕੰਮ ਕਰੋ’ ਵਾਲਾ ਸਪੱਸ਼ਟ ਸੁਨੇਹਾ ਦਿੱਤਾ। ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਇਕ ਗੁਰਲਾਲ ਘਨੌਰ ਵੀ ਮੌਜੂਦ ਸਨ।
ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਟੀਚਾ ਹੈ ਕਿ ਧਰਤੀ ਹੇਠਲਾ ਪਾਣੀ ਬਚਾਉਣ ਲਈ ਨਹਿਰਾਂ ਦੇ ਪਾਣੀ ਦੀ ਵੱਧ ਤੋਂ ਵੱਧ ਵਰਤੋਂ ਕਰਕੇ ਇਸ ਨੂੰ ਹਰ ਖੇਤ ਅਤੇ ਟੇਲਾਂ ਤੱਕ ਪੁੱਜਦਾ ਕੀਤਾ ਜਾਵੇ ਤਾਂ ਕਿ ਪੰਜਾਬ ਅੰਦਰ ਸਿੰਚਾਈ ਲਈ ਟਿਊਬਵੈਲਾਂ ਉਪਰ ਨਿਰਭਰਤਾ ਘਟਾਈ ਜਾ ਸਕੇ। ਉਨ੍ਹਾਂ ਕਿਹਾ ਕਿ ਧਰਤੀ ਹੇਠਲਾ ਪਾਣੀ ਘਟਦਾ ਜਾ ਰਿਹਾ ਹੈ ਇਸ ਲਈ ਜੇਕਰ ਅਸੀਂ ਆਪਣੀ ਡਿਊਟੀ ਪੂਰੀ ਇਮਾਨਦਾਰੀ ਨਾਲ ਨਾ ਨਿਭਾਈ ਤਾਂ ਅਗਲੀਆਂ ਪੀੜ੍ਹੀਆਂ ਸਾਨੂੰ ਨਹੀਂ ਬਖ਼ਸ਼ਣਗੀਆਂ।
ਜਲ ਸਰੋਤ ਮੰਤਰੀ ਨੇ ਆਪਣੇ ਵਿਭਾਗ ਦੇ ਅਧਿਕਾਰੀਆਂ ਨੂੰ ਸਪੱਸ਼ਟ ਹਦਾਇਤਾਂ ਕੀਤੀਆਂ ਕਿ ਪੰਜਾਬ ਸਰਕਾਰ ਦੀ ਨੀਤੀ ਅਤੇ ਨੀਅਤ ਬਿਲਕੁਲ ਸਾਫ਼ ਹੈ ਇਸ ਲਈ ਕਿਸਾਨਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਹੱਲ ਤਾਂ ਕੀਤਾ ਹੀ ਜਾਵੇ ਸਗੋਂ ਨਾਲ ਦੀ ਨਾਲ ਨਹਿਰੀ ਵਿਭਾਗ ਦੇ ਖਾਲਿਆਂ ਉਪਰ ਹੋਏ ਨਾਜਾਇਜ਼ ਕਬਜੇ ਵੀ ਖਾਲੀ ਕਰਵਾਏ ਜਾਣ। ਉਨ੍ਹਾਂ ਇਸ ਲਈ ਤਜਵੀਜ਼ ਤਿਆਰ ਕਰਕੇ ਹਾੜੀ ਦੇ ਆਗਾਮੀ ਸੀਜਨ ਦੌਰਾਨ ਜਮੀਨਾਂ ਖਾਲੀ ਹੋਣ ‘ਤੇ ਇਨ੍ਹਾਂ ਉਪਰ ਮੁੜ ਤੋਂ ਖਾਲੇ ਚਲਾਉਣ ਦੀ ਸਖ਼ਤ ਹਦਾਇਤ ਕੀਤੀ। ਉਨ੍ਹਾਂ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀ ਜਮੀਨ ਵਿੱਚ ਨਹਿਰੀ ਪਾਣੀ ਲਗਵਾਉਣ ਲਈ ਵਿਭਾਗ ਨੂੰ ਸਹਿਯੋਗ ਦੇਕੇ ਖਾਲਿਆਂ ਨੂੰ ਛੱਡ ਦੇਣ।
ਕੈਬਨਿਟ ਮੰਤਰੀ ਜੌੜਾਮਾਜਰਾ ਨੇ ਸਮੂਹ ਅਧਿਕਾਰੀਆਂ ਨੂੰ ਫੀਲਡ ‘ਚ ਜਾਣ ਦੇ ਸਖ਼ਤ ਨਿਰਦੇਸ਼ ਦਿੰਦਿਆਂ ਕਿਹਾ ਕਿ ਉਹ ਹਰ ਮਹੀਨੇ ਜਾਇਜ਼ਾ ਬੈਠਕ ਲੈਣਗੇ ਇਸ ਲਈ ਆਪਣੇ ਕੀਤੇ ਕੰਮ ਦੀ ਹਲਕਾ ਵਾਰ ਪੂਰੀ ਤਫ਼ਸੀਲ ਤਿਆਰ ਕੀਤੀ ਜਾਵੇ ਅਤੇ ਉਹ ਆਪਣੇ ਹੇਠਲੇ ਅਧਿਕਾਰੀਆਂ ਤੇ ਕਰਮਚਾਰੀਆਂ ਉਪਰ ਹੀ ਨਿਰਭਰ ਨਾ ਰਹਿਣ। ਉਨ੍ਹਾਂ ਕਿਹਾ ਕਿ ਕਿਸੇ ਵੀ ਕਿਸਾਨ ਨੂੰ ਜਲ ਸਰੋਤ ਵਿਭਾਗ ਕੋਲੋਂ ਕੰਮ ਕਰਵਾਉਣ ਸਮੇਂ ਕੋਈ ਪ੍ਰੇਸ਼ਾਨੀ ਨਹੀਂ ਹੋਣੀ ਚਾਹੀਦੀ ਅਤੇ ਖੇਤਾਂ ਵਿੱਚ ਪਾਣੀ ਲਈ ਲੱਗੇ ਮੋਘੇ ਦੀ ਪੂਰੀ ਵਰਤੋਂ ਯਕੀਨੀ ਬਣਾਈ ਜਾਵੇ।
ਮੀਟਿੰਗ ਮੌਕੇ ਆਈ ਬੀ ਸਰਕਲ ਪਟਿਆਲਾ ਦੇ ਨਿਗਰਾਨ ਇੰਜੀਨੀਅਰ ਸੁਖਜੀਤ ਸਿੰਘ ਭੁੱਲਰ, ਜਲ ਨਿਕਾਸ ਦੇ ਮਨੋਜ ਬਾਂਸਲ, ਕੈਨਾਲ ਤੇ ਗਰਾਊਂਡ ਵਾਟਰ ਕਾਰਜਕਾਰੀ ਇੰਜੀਨੀਅਰ ਗਗਨਦੀਪ ਸਿੰਘ ਗਿੱਲ, ਲਹਿਲ ਮੰਡਲ ਦੇ ਨਵਰੀਤ ਸਿੰਘ ਘੁੰਮਣ, ਬੀ.ਐਮ.ਐਲ. ਦੇ ਸੰਦੀਪ ਮਾਂਗਟ ਅਤੇ ਜਲ ਨਿਕਾਸ ਦੇ ਕਾਰਜਕਾਰੀ ਇੰਜੀਨੀਅਰ ਰਜਿੰਦਰ ਘਈ ਸਮੇਤ ਸਾਰੇ ਫੀਲਡ ਅਧਿਕਾਰੀ ਤੇ ਮਾਲ ਅਧਿਕਾਰੀ, ਜ਼ਿਲ੍ਹੇਦਾਰ ਮੌਜੂਦ ਸਨ, ਜਿਨ੍ਹਾਂ ਨੇ ਆਪਣੇ ਨਵੇਂ ਜਲ ਸਰੋਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦਾ ਸਵਾਗਤ ਕੀਤਾ ਅਤੇ ਵਿਸ਼ਵਾਸ਼ ਦੁਆਇਆ ਕਿ ਉਹ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਪੂਰੀ ਤਨਦੇਹੀ ਨਾਲ ਕੰਮ ਕਰਨਗੇ। ਇਸ ਮੌਕੇ ਵਿਧਾਇਕ ਗੁਰਲਾਲ ਘਨੌਰ, ਗੁਰਦੇਵ ਸਿੰਘ ਟਿਵਾਣਾ, ਬਲਕਾਰ ਸਿੰਘ ਗੱਜੂਮਾਜਰਾ, ਅਮਨਦੀਪ ਸਿੰਘ ਸੋਨੂ ਥਿੰਦ ਅਤੇ ਬੀਡੀਪੀਓ ਸੁਖਵਿੰਦਰ ਸਿੰਘ ਟਿਵਾਣਾ ਵੀ ਮੌਜੂਦ ਸਨ।

You May Also Like

More From Author

+ There are no comments

Add yours