ਡਿਪਟੀ ਕਮਿਸ਼ਨਰ ਵੱਲੋਂ ਜਿਮਨੇਜ਼ੀਅਮ ਹਾਲ ਦੇ ਨਵੀਨੀਕਰਨ ਤੇ ਰਾਜਿੰਦਰਾ ਹਸਪਤਾਲ ‘ਚ ਬਨਣ ਵਾਲੇ ਕ੍ਰਿਟੀਕਲ ਕੇਅਰ ਯੂਨਿਟ ਦਾ ਜਾਇਜ਼ਾ

1 min read
-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਭੇਜੇ ਫੰਡਾਂ ਨਾਲ ਅਗਲੇ ਮਹੀਨੇ ਤੱਕ ਮੁਕੰਮਲ ਕਰ ਲਿਆ ਜਾਵੇਗਾ ਜਿਮਨੇਜ਼ੀਅਮ ਹਾਲ ਦੇ ਨਵੀਨੀਕਰਨ ਦਾ ਕੰਮ
-ਪੰਜਾਬ ਸਰਕਾਰ ਦੇ ਯਤਨਾਂ ਸਦਕਾ ਰਾਜਿੰਦਰਾ ਹਸਪਤਾਲ ‘ਚ 20 ਕਰੋੜ ਰੁਪਏ ਦੀ ਲਾਗਤ ਨਾਲ ਜਲਦ ਸ਼ੁਰੂ ਹੋਵੇਗੀ ਕ੍ਰਿਟੀਕਲ ਕੇਅਰ ਬਲਾਕ ਦੀ ਉਸਾਰੀ
ਪਟਿਆਲਾ, 24 ਨਵੰਬਰ:
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਪਟਿਆਲਾ ਦੇ ਮਲਟੀਪਰਪਜ਼ ਜਿਮਨੇਜ਼ੀਅਮ ਹਾਲ ਦੇ ਨਵੀਨੀਕਰਨ ਲਈ 5 ਅਪ੍ਰੈਲ 2023 ਨੂੰ ਸੀ.ਐਮ. ਦੀ ਯੋਗਸ਼ਾਲਾ ਦੇ ਆਗਾਜ਼ ਮੌਕੇ ਕੀਤੇ ਗਏ ਐਲਾਨ ਦੇ ਮੱਦੇਨਜ਼ਰ ਇਸਦੇ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ। ਇਸੇ ਦੌਰਾਨ ਡਿਪਟੀ ਕਮਿਸ਼ਨਰ ਨੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ 20 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਉਸਾਰੇ ਜਾਣ ਵਾਲੇ 50 ਬਿਸਤਰਿਆਂ ਦੇ ਕ੍ਰਿਟੀਕਲ ਕੇਅਰ ਯੂਨਿਟ ਦੇ ਮੁਢਲੀ ਸਟੇਜ਼ ‘ਤੇ ਸ਼ੁਰੂ ਹੋਣ ਵਾਲੇ ਕੰਮ ਦਾ ਵੀ ਮੌਕੇ ‘ਤੇ ਜਾ ਕੇ ਜਾਇਜ਼ਾ ਲਿਆ।
ਸਾਕਸ਼ੀ ਸਾਹਨੀ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਸੂਬੇ ਵਿੱਚ ਸਿਹਤ, ਸਿੱਖਿਆ ਅਤੇ ਖੇਡਾਂ ਨੂੰ ਵਿਸ਼ੇਸ਼ ਤਵੱਜੋਂ ਦਿੱਤੀ ਜਾ ਰਹੀ ਹੈ, ਇਸ ਦੇ ਮੱਦੇਨਜ਼ਰ ਮੁੱਖ ਮੰਤਰੀ ਵੱਲੋਂ ਪਟਿਆਲਾ ਦੇ ਪੋਲੋ ਗਰਾਊਂਡ ਵਿਖੇ ਸਥਿਤ ਸ਼ਹੀਦ ਮੇਜਰ ਤੇਜਿੰਦਰਪਾਲ ਸਿੰਘ ਸੋਹਲ ਯਾਦਗਾਰੀ ਮਲਟੀਪਰਪਜ਼ ਜਿਮਨੇਜ਼ੀਅਮ ਹਾਲ ਦੇ ਨਵੀਨੀਕਰਨ ਲਈ ਕਰੀਬ 72 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ।
ਉਨ੍ਹਾਂ ਨੇ ਦੱਸਿਆ ਕਿ ਜਿਮਨੇਜ਼ੀਅਮ ਹਾਲ ਦੀ ਛੱਤ ਦੀ ਰਿਪੇਅਰ, ਡਾਊਨਸੀਲਿੰਗ, ਬਾਥਰੂਮ ਤੇ ਪਖਾਨੇ, ਪਾਣੀ ਦੀ ਸਪਲਾਈ, ਲਾਇਟਿੰਗ ਤੇ ਵੈਂਟੀਲੇਸ਼ਨ ਸਮੇਤ ਹੋਰ ਮੁਰੰਮਤ ਦੇ ਕੰਮ ਤੇਜੀ ਨਾਲ ਕੀਤੇ ਜਾ ਰਹੇ ਹਨ। ਡਿਪਟੀ ਕਮਿਸ਼ਨਰ ਨੇ ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਪਿਯੂਸ਼ ਅਗਰਵਾਲ ਤੇ ਹੋਰ ਅਧਿਕਾਰੀਆਂ ਨੂੰ ਇਸ ਦਾ ਕੰਮ ਦਸੰਬਰ 2023 ਦੇ ਅਖੀਰ ਤੱਕ ਮੁਕੰਮਲ ਕਰਨ ਦੇ ਆਦੇਸ਼ ਦਿੱਤੇ।
ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਰਾਜਿੰਦਰਾ ਹਸਪਤਾਲ ਦਾ ਦੌਰਾ ਕਰਕੇ ਇੱਥੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਯਤਨਾਂ ਸਦਕਾ ਮਨਜੂਰ ਕੀਤੇ ਗਏ ਕਰੀਬ 20 ਕਰੋੜ ਰੁਪਏ ਦੀ ਲਾਗਤ ਨਾਲ 50 ਬਿਸਤਰਿਆਂ ਦਾ ਕ੍ਰਿਟੀਕਲ ਕੇਅਰ ਬਲਾਕ (ਯੂਨਿਟ) ਦਾ ਕੰਮ ਸ਼ੁਰੂ ਕਰਨ ਲਈ ਮੁਢਲੀਆਂ ਪ੍ਰਕ੍ਰਿਆਵਾਂ ਨੂੰ ਪੂਰਾ ਕਰਨ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ।
ਅਧਿਕਾਰੀਆਂ ਨੇ ਦੱਸਿਆ ਕਿ ਮੁਢਲੇ ਪੜਾਅ ‘ਤੇ ਸਾਰੇ ਕੰਮ ਨਿਪਟਾਅ ਲਏ ਗਏ ਹਨ ਤੇ ਸੀਨੀਅਰ ਆਰਕੀਟੈਕਟ ਵੱਲੋਂ ਅਗਲੇ ਹਫ਼ਤੇ ਤੱਕ ਡਰਾਇੰਗਜ਼ ਬਣਾ ਕੇ ਪੰਜਾਬ ਸਿਹਤ ਸਿਸਟਮ ਕਾਰਪੋਰੇਸ਼ਨ ਨੂੰ ਸੌਂਪਕੇ ਇਸ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ। ਇਸ ਮੌਕੇ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਹਰਨਾਮ ਸਿੰਘ ਰੇਖੀ, ਸੀਨੀਅਰ ਆਰਕੀਟੈਕਟ ਸਰਬਪ੍ਰੀਤ ਬਖ਼ਸ਼ੀ, ਪੀ.ਐਚ.ਐਸ.ਸੀ. ਦੇ ਐਕਸੀਐਨ ਕਰਨ ਮਿੱਤਲ ਤੇ ਹੋਰ ਅਧਿਕਾਰੀ ਮੌਜੂਦ ਸਨ।

You May Also Like

More From Author

+ There are no comments

Add yours