ਅਮਨ ਅਰੋੜਾ ਵੱਲੋਂ ਸੂਬੇ ਵਿੱਚ ਡੋਰ-ਸਟੈੱਪ ਸਰਵਿਸ ਡਿਲੀਵਰੀ ਦੀ ਸ਼ੁਰੂਆਤ ਤੋਂ ਪਹਿਲਾਂ ਤਿਆਰੀਆਂ ਦਾ ਜਾਇਜ਼ਾ

1 min read
• ਨਾਗਰਿਕਾਂ ਨੂੰ ਛੇਤੀ 40 ਤੋਂ ਵੱਧ ਸੇਵਾਵਾਂ ਉਨ੍ਹਾਂ ਦੇ ਦਰਾਂ ‘ਤੇ ਮਿਲਣਗੀਆਂ: ਪ੍ਰਸ਼ਾਸਨਿਕ ਸੁਧਾਰ ਮੰਤਰੀ

 

• ਅਮਨ ਅਰੋੜਾ ਵੱਲੋਂ ਅਧਿਕਾਰੀਆਂ ਨੂੰ ਸੇਵਾ ਕੇਂਦਰ ਨਵੇਂ ਆਪਰੇਟਰ ਨੂੰ ਤਬਦੀਲ ਕਰਨ ਸਮੇਂ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਆਉਣ ਦੇਣ ਦੇ ਨਿਰਦੇਸ਼

 

ਚੰਡੀਗੜ੍ਹ, 22 ਨਵੰਬਰ:

 

ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਵਚਨਬੱਧਤਾ ਅਨੁਸਾਰ ਸੂਬੇ ਦੇ ਨਾਗਰਿਕਾਂ ਨੂੰ ਉਨ੍ਹਾਂ ਦੇ ਦਰਾਂ ‘ਤੇ ਨਿਰਵਿਘਨ ਸੇਵਾਵਾਂ ਪ੍ਰਦਾਨ ਕਰਨ ਦੇ ਟੀਚੇ ਦੀ ਪੂਰਤੀ ਲਈ ਪੰਜਾਬ ਦੇ ਪ੍ਰਸ਼ਾਸਨਿਕ ਸੁਧਾਰ ਅਤੇ ਜਨ ਸ਼ਿਕਾਇਤਾਂ ਬਾਰੇ ਮੰਤਰੀ ਸ੍ਰੀ ਅਮਨ ਅਰੋੜਾ ਨੇ ਸੂਬੇ ਵਿੱਚ ਡੋਰ-ਸਟੈੱਪ ਸਰਵਿਸ ਡਿਲੀਵਰੀ (ਡੀ.ਐਸ.ਡੀ.) ਪ੍ਰੋਜੈਕਟ ਸ਼ੁਰੂ ਕਰਨ ਤੋਂ ਪਹਿਲਾਂ ਤਿਆਰੀਆਂ ਦਾ ਜਾਇਜ਼ਾ ਲਿਆ।

 

ਇੱਥੇ ਆਪਣੇ ਦਫ਼ਤਰ ਵਿਖੇ ਇੱਕ ਉੱਚ-ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਅਮਨ ਅਰੋੜਾ ਨੇ ਪ੍ਰਸ਼ਾਸਨਿਕ ਸੁਧਾਰ ਵਿਭਾਗ (ਡੀ.ਜੀ.ਆਰ.) ਦੇ ਸੀਨੀਅਰ ਅਧਿਕਾਰੀਆਂ ਅਤੇ ਸੇਵਾ ਕੇਂਦਰ ਅਪਰੇਟਰ ਨਾਲ ਡੋਰ-ਸਟੈੱਪ ਸਰਵਿਸ ਡਿਲੀਵਰੀ ਨਾਲ ਸਬੰਧਤ ਸਾਰੀਆਂ ਗਤੀਵਿਧੀਆਂ ਦੀ ਤਿਆਰੀ ਬਾਰੇ ਵਿਸਥਾਰਪੂਰਵਕ ਸਮੀਖਿਆ ਕੀਤੀ।

 

ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਸੂਬੇ ਵਿੱਚ ਜਲਦ ਹੀ ਡੋਰ-ਸਟੈੱਪ ਸਰਵਿਸ ਡਿਲੀਵਰੀ ਸ਼ੁਰੂ ਕਰ ਦਿੱਤੀ ਜਾਵੇਗੀ। ਉਹਨਾਂ ਦੱਸਿਆ ਕਿ ਇਹ ਪ੍ਰਾਜੈਕਟ ਸ਼ੁਰੂ ਹੋਣ ਨਾਲ ਸੂਬੇ ਦੇ ਲੋਕ 40 ਤੋਂ ਵੱਧ ਨਾਗਰਿਕ ਕੇਂਦਰਿਤ ਸੇਵਾਵਾਂ ਆਪਣੇ ਦਰਾਂ ‘ਤੇ ਪ੍ਰਾਪਤ ਕਰ ਸਕਣਗੇ, ਜੋ ਲੋਕਾਂ ਲਈ ਵੱਡੀ ਸਹੂਲਤ ਸਾਬਤ ਹੋਵੇਗੀ ਕਿਉਂਕਿ ਇਨ੍ਹਾਂ ਸੇਵਾਵਾਂ ਦਾ ਲਾਭ ਲੈਣ ਲਈ ਉਨ੍ਹਾਂ ਨੂੰ ਕਿਸੇ ਵੀ ਦਫ਼ਤਰ ਨਹੀਂ ਜਾਣਾ ਪਵੇਗਾ।

 

ਉਹਨਾਂ ਅੱਗੇ ਦੱਸਿਆ ਕਿ ਡੋਰ-ਸਟੈੱਪ ਸਰਵਿਸ ਡਿਲੀਵਰੀ ਪ੍ਰਾਜੈਕਟ ਦਾ ਉਦੇਸ਼ ਨਾਗਰਿਕਾਂ ਨੂੰ ਉਨ੍ਹਾਂ ਨੂੰ ਘਰਾਂ ‘ਚ ਸਿੱਧੇ ਤੌਰ ‘ਤੇ ਸਰਕਾਰੀ ਸੇਵਾਵਾਂ ਪ੍ਰਦਾਨ ਕਰਨਾ ਹੈ, ਤਾਂ ਜੋ ਪਾਰਦਰਸ਼ਤਾ, ਸਹੂਲਤ ਅਤੇ ਪਹੁੰਚਯੋਗਤਾ ਨੂੰ ਯਕੀਨੀ ਬਣਾਇਆ ਜਾ ਸਕੇ। ਨਾਗਰਿਕ ਇੱਕ ਸਮਰਪਿਤ ਹੈਲਪਲਾਈਨ ਨੰਬਰ ਡਾਇਲ ਕਰਕੇ ਅਤੇ ਆਪਣੀ ਸਹੂਲਤ ਅਨੁਸਾਰ ਮੁਲਾਕਾਤ ਦਾ ਸਮਾਂ ਤੈਅ ਕਰਕੇ ਸੇਵਾਵਾਂ ਪ੍ਰਾਪਤ ਕਰਨ ਸਕਣਗੇ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਤੌਰ ‘ਤੇ ਸਿਖਲਾਈ ਪ੍ਰਾਪਤ ਸਟਾਫ਼ ਨਿਯਤ ਸਮੇਂ ‘ਤੇ ਉਨ੍ਹਾਂ ਦੇ ਘਰਾਂ ਜਾਵੇਗਾ ਅਤੇ ਜ਼ਰੂਰੀ ਕਾਗਜ਼ੀ ਕਾਰਵਾਈ ਮੁਕੰਮਲ ਕਰਨ ਉਪਰੰਤ ਫੀਸ ਇਕੱਠੀ ਕਰੇਗਾ ਅਤੇ ਕੰਮ ਮੁਕੰਮਲ ਕਰਕੇ ਦੇਵੇਗਾ। ਦੱਸਣਯੋਗ ਹੈ ਕਿ ਇਹ ਸਭ ਪ੍ਰਕਿਰਿਆ ਨਾਗਰਿਕਾਂ ਦੇ ਘਰਾਂ ਵਿੱਚ ਹੀ ਮੁਕੰਮਲ ਕੀਤੀ ਜਾਵੇਗੀ।

 

ਸੇਵਾ ਕੇਂਦਰਾਂ ਦੇ ਸੰਚਾਲਨ ਨੂੰ ਨਵੇਂ ਆਪਰੇਟਰ ਨੂੰ ਤਬਦੀਲ ਕਰਨ ਸਬੰਧੀ ਪ੍ਰਕਿਰਿਆ ਦੀ ਸਮੀਖਿਆ ਕਰਦਿਆਂ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੇਵਾ ਕੇਂਦਰਾਂ ਨੂੰ ਚਲਾਉਣ ਲਈ ਇੱਕ ਨਵੇਂ ਸੇਵਾ ਆਪਰੇਟਰ ਦੀ ਨਿਯੁਕਤੀ ਕੀਤੀ ਹੈ। ਨਵੇਂ ਆਪਰੇਟਰ ਵੱਲੋਂ ਜਲਦੀ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਕੈਬਨਿਟ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸੇਵਾ ਕੇਂਦਰ ਦੇ ਸੰਚਾਲਨ ਨੂੰ ਨਵੇਂ ਸਰਵਿਸ ਆਪਰੇਟਰ ਨੂੰ ਤਬਦੀਲ ਕਰਦਿਆਂ ਲੋਕਾਂ ਨੂੰ ਕੋਈ ਅਸੁਵਿਧਾ ਨਹੀਂ ਹੋਣੀ ਚਾਹੀਦੀ।

 

ਇਸ ਮੀਟਿੰਗ ਵਿੱਚ ਪ੍ਰਮੁੱਖ ਸਕੱਤਰ ਪ੍ਰਸ਼ਾਸਨਿਕ ਸੁਧਾਰ ਸ੍ਰੀ ਤੇਜਵੀਰ ਸਿੰਘ, ਡਾਇਰੈਕਟਰ ਸ੍ਰੀ ਗਿਰੀਸ਼ ਦਿਆਲਨ ਅਤੇ ਮੈਸਰਜ਼ ਬੀ.ਐਲ.ਐਸ. ਕੇਂਦਰਜ਼ ਪ੍ਰਾ. ਲਿਮ., ਮੈਸਰਜ਼ ਡਾ. ਆਈ.ਟੀ.ਐਮ. ਅਤੇ ਮੈਸਰਜ਼ ਟੈਰੇਸਿਸ ਸਿਟੀਜ਼ਨਸਰਵਿਸ ਐਲ.ਐਲ.ਪੀ. ਦੇ ਨੁਮਾਇੰਦੇ ਵੀ ਮੌਜੂਦ ਸਨ।

You May Also Like

More From Author

+ There are no comments

Add yours