ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ 15 ਸਕੂਲਾਂ ਨੂੰ ਤਕਸੀਮ ਕੀਤੇ ਲੈਪਟਾਪ
-ਮਾਈਂਡ ਸਪਾਰਕ ਲਰਨਿੰਗ ਲੈਵਲ ਸਾਫਟਵੇਅਰ ਜਰੀਏ ਆਪਣੀ ਪੜਾਈ ‘ਚ ਨਿਖਾਰ ਲਿਆਉਣ ਵਾਲੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਤ
-ਪੜ੍ਹਾਈ ‘ਚ ਪਿੱਛੇ ਰਹਿ ਗਏ ਵਿਦਿਆਰਥੀਆਂ ਨੂੰ ਅੱਗੇ ਲਿਆਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਤਤਪਰ:
ਸਾਕਸ਼ੀ ਸਾਹਨੀ
-ਜ਼ਿਲ੍ਹੇ ਦੇ 94 ਸਕੂਲਾਂ ‘ਚ ਮਾਈਂਡ ਸਪਾਰਕ ਲਰਨਿੰਗ ਲੈਵਲ ਸਾਫਟਵੇਅਰ ਰਾਹੀਂ ਵਿਦਿਆਰਥੀਆਂ ਨੂੰ ਬਣਾਇਆ ਜਾ ਰਿਹੈ ਸਮੇਂ ਦਾ ਹਾਣੀ : ਡਿਪਟੀ ਕਮਿਸ਼ਨਰ
-ਪਟਿਆਲਾ ਜ਼ਿਲ੍ਹੇ ਦੇ 15 ਹੋਰ ਸਕੂਲਾਂ ‘ਚ ਸ਼ੁਰੂ ਕੀਤਾ ਮਾਈਂਡ ਸਪਾਰਕ ਪ੍ਰੋਗਰਾਮ, ਅਧਿਆਪਕਾਂ ਨੂੰ ਦਿੱਤੀ ਟਰੇਨਿੰਗ
ਪਟਿਆਲਾ, 21 ਨਵੰਬਰ:
ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਅਗਵਾਈ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਕੂਲੀ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਚਲਾਏ ਜਾ ਰਹੇ ਵਿਸ਼ੇਸ਼ ਪ੍ਰੋਗਰਾਮ ਮਾਈਂਡ ਸਪਾਰਕ ਦਾ ਅੱਜ ਹੋਰ ਵਿਸਥਾਰ ਕਰਦਿਆਂ ਜ਼ਿਲ੍ਹੇ ਦੇ 15 ਸਕੂਲਾਂ ਨੂੰ 30 ਲੈਪਟਾਪ ਤਕਸੀਮ ਕੀਤੇ ਗਏ। ਜ਼ਿਕਰਯੋਗ ਹੈ ਕਿ ਪਟਿਆਲਾ ਜ਼ਿਲ੍ਹੇ ਦੇ 94 ਸਕੂਲਾਂ ਵਿੱਚ ਮਾਈਂਡ ਸਪਾਰਕ ਲਰਨਿੰਗ ਲੈਵਲ ਸਾਫਟਵੇਅਰ ਰਾਹੀਂ ਵਿਦਿਆਰਥੀਆਂ ਨੂੰ ਆਡੀਓ-ਵਿਜ਼ਿਉਲ ਤਰੀਕੇ ਨਾਲ ਪੜਾਇਆ ਜਾ ਰਿਹਾ ਹੈ ਤੇ ਹੁਣ ਹੋਰ 15 ਸਕੂਲਾਂ ਵਿੱਚ ਇਹ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਮਾਈਂਡ ਸਪਾਰਕ ਲਰਨਿੰਗ ਲੈਵਲ ਸਾਫਟਵੇਅਰ ਰਾਹੀਂ ਪੜ੍ਹਾਈ ਕਰਕੇ ਆਪਣੀਆਂ ਲਰਨਿੰਗ ਸਕਿਲਜ਼ ਵਿੱਚ ਨਿਖਾਰ ਲਿਆਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ਮੁਤਾਬਕ ਸਕੂਲੀ ਵਿਦਿਆਰਥੀਆਂ ਨੂੰ ਸਿੱਖਿਆ ਦੇ ਖੇਤਰ ‘ਚ ਅੱਗੇ ਵੱਧਣ ਲਈ ਮੌਕੇ ਪ੍ਰਦਾਨ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਤਤਪਰ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵਿਦਿਆਰਥੀਆਂ ਨੂੰ ਘਰ ਜਾ ਕੇ ਪੜਾਈ ਕਰਨ ਲਈ ਵੀ ਲੈਪਟਾਪ ਦਿੱਤੇ ਜਾਣਗੇ ਤਾਂ ਜੋ ਉਹ ਇਸ ਦਾ ਲਾਭ ਉੱਠਾਕੇ ਆਪਣੀਆਂ ਸਕਿੱਲਜ਼ ਨੂੰ ਹੋਰ ਬਿਹਤਰ ਕਰ ਸਕਣ।
ਸਮਾਗਮ ਦੌਰਾਨ ਵਿਦਿਆਰਥੀਆਂ ਨੇ ਮਾਈਂਡ ਸਪਾਰਕ ਲਰਨਿੰਗ ਲੈਵਲ ਸਾਫਟਵੇਅਰ ‘ਤੇ ਆਪਣੇ ਪੜਾਈ ਦੇ ਤਜਰਬੇ ਸਾਂਝੇ ਕਰਦਿਆਂ ਦੱਸਿਆ ਕਿ ਇਸ ਨਾਲ ਉਨ੍ਹਾਂ ਨੂੰ ਹਿਸਾਬ ਦੇ ਔਖੇ ਤੋਂ ਔਖੇ ਪ੍ਰਸ਼ਨਾਂ ਨੂੰ ਆਸਾਨੀ ਨਾਲ ਸਮਝਣ ਵਿੱਚ ਮਦਦ ਮਿਲੀ ਹੈ ਤੇ ਨਾਲ ਹੀ ਆਸਾਨ ਭਾਸ਼ਾ ਵਿੱਚ ਹੋਰਨਾਂ ਵਿਸ਼ਿਆਂ ਨੂੰ ਵੀ ਪੜਨ ਵਿੱਚ ਲਾਭ ਹੋਇਆ ਹੈ। ਸਮਾਗਮ ਦੌਰਾਨ ਵਿਦਿਆਰਥੀ ਗੁਰਪਾਲ ਕੁਮਾਰ, ਜਸ਼ਨਦੀਪ ਸਿੰਘ, ਕੋਮਲ ਕੁਮਾਰੀ ਅਤੇ ਸਹਿਨਾਜ਼ ਨੂੰ ਲਰਨਿੰਗ ਲੈਵਲ ਸਾਫਟਵੇਅਰ ਦੀ ਵਰਤੋਂ ਕਰਕੇ ਆਪਣੀ ਸਕਿਲਜ਼ ਨੂੰ ਨਿਖਾਰਨ ਲਈ ਸਨਮਾਨਤ ਕੀਤਾ ਗਿਆ।
ਇਸ ਮੌਕੇ ਮਾਈਂਡ ਸਪਾਰਕ ਪ੍ਰੋਗਰਾਮ ਦੇ ਸਟੇਟ ਹੈਡ ਪ੍ਰਿਆ ਸਿੰਘ ਨੇ ਦੱਸਿਆ ਕਿ ਮਾਈਂਡ ਸਪਾਰਕ ਲਰਨਿੰਗ ਲੈਵਲ ਸਾਫਟਵੇਅਰ ਜਰੀਏ ਆਪਣੇ ਸਹਿਪਾਠੀਆਂ ਤੋਂ ਪਿੱਛੇ ਰਹਿ ਗਏ ਵਿਦਿਆਰਥੀਆਂ ਨੂੰ ਅੱਗੇ ਵੱਧਣ ਲਈ ਆਡੀਓ-ਵਿਜ਼ਿਉਲ ਤਰੀਕੇ ਨਾਲ ਪੜ੍ਹਾਇਆ ਜਾ ਰਿਹਾ ਹੈ, ਜਿਸ ਦੇ ਬਹੁਤ ਚੰਗੇ ਨਤੀਜੇ ਆ ਰਹੇ ਹਨ ਤੇ ਵਿਦਿਆਰਥੀਆਂ ਵੱਲੋਂ ਵੀ ਸਾਫਟਵੇਅਰ ਰਾਹੀਂ ਪੜਾਈ ਕਰਨ ਵਿੱਚ ਰੁੱਚੀ ਦਿਖਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅੱਜ 15 ਹੋਰ ਨਵੇਂ ਸਕੂਲਾਂ ਦੇ ਅਧਿਆਪਕਾਂ ਨੂੰ ਓਰੀਏਟੇਸ਼ਨ ਰਾਹੀਂ ਇਸ ਵਿਧੀ ਰਾਹੀਂ ਪੜ੍ਹਾਈ ਕਰਵਾਉਣ ਸਬੰਧੀ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅੱਜ ਸਰਕਾਰੀ ਹਾਈ ਸਕੂਲ ਘਾਸ ਮੰਡੀ, ਚੀਰਵਾਅ, ਜੰਨਸੂਆ, ਤਫ਼ਜੱਲਪੁਰਾ, ਮਰੌੜੀ, ਘਨੌਰ, ਬਿਹਰਾਚ, ਦੌੜ ਕਲਾਂ, ਘੜਾਮ, ਖੇੜੀ ਗੁੱਜਰਾਂ, ਕੁਲਬੁੱਰਛਾ, ਪਾਤੜਾਂ, ਮਲਟੀਪਰਪਜ਼, ਸ਼ੇਰਮਾਜਰਾ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਸਾਹਿਬ ਨਗਰ ਥੇੜੀ ਸਕੂਲਾਂ ਨੂੰ ਦੋ ਦੋ ਲੈਪਟਾਪ ਦਿੱਤੇ ਗਏ ਹਨ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਅਰਚਨਾ ਮਹਾਜਨ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮਨਵਿੰਦਰ ਕੌਰ ਭੁੱਲਰ, ਮਾਈਂਡਸਪਾਰਕ ਪ੍ਰਾਜੈਕਟ ਯੁਧਵੀਰ ਸਿੰਘ ਵੀ ਮੌਜੂਦ ਸਨ।
+ There are no comments
Add yours