ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਵੱਲੋਂ ਕਿਸਾਨਾਂ ਨੂੰ ਸਮਝਾਉਣ ਸਦਕਾ ਪਰਾਲੀ ਨੂੰ ਅੱਗ ਲੱਗਣ ਦੇ ਮਾਮਲੇ ਘਟੇ

1 min read
ਏ.ਡੀ.ਸੀ. ਸਮੇਤ ਰਾਜਪੁਰਾ, ਸਮਾਣਾ, ਨਾਭਾ, ਪਾਤੜਾਂ ਤੇ ਦੂਧਨ ਸਾਧਾਂ ਦੇ ਐਸ.ਡੀ.ਐਮਜ਼ ਖੇਤਾਂ ‘ਚ ਜਾ ਕੇ ਕਿਸਾਨਾਂ ਨੂੰ ਮਿਲੇ
-ਕਈ ਥਾਈਂ ਪਰਾਲੀ ਸੜਨੋ ਰੋਕੀ, ਕਿਸਾਨ ਜਮੀਨ ‘ਚ ਵਾਹੁਣ ਲਈ ਹੋਏ ਸਹਿਮਤ
ਪਟਿਆਲਾ, 18 ਨਵੰਬਰ:
ਜ਼ਿਲ੍ਹਾ ਪਟਿਆਲਾ ਪ੍ਰਸ਼ਾਸਨ ਦੀਆਂ ਟੀਮਾਂ ਵੱਲੋਂ ਕਿਸਾਨਾਂ ਨੂੰ ਸਮਝਾਉਣ ਸਦਕਾ ਅੱਜ ਪਰਾਲੀ ਨੂੰ ਅੱਗ ਲੱਗਣ ਦੇ ਮਾਮਲੇ ਕਾਫ਼ੀ ਘਟੇ ਹਨ। ਉਧਰ ਕਿਸਾਨਾਂ ਨੇ ਵੀ ਸੂਝ-ਬੂਝ ਦਾ ਸਬੂਤ ਦਿੰਦਿਆਂ ਪਰਾਲੀ ਨੂੰ ਜਮੀਨ ਵਿੱਚ ਮਿਲਾਉਣ ਜਾਂ ਇਸ ਦੀਆਂ ਗੰਢਾਂ ਬਣਵਾ ਕੇ ਸੰਭਾਲਣ ਲਈ ਸਹਿਮਤੀ ਜਤਾਉਂਦਿਆਂ ਪ੍ਰਸ਼ਾਸਨ ਦਾ ਸਾਥ ਦੇਣ ਅਤੇ ਵਾਤਾਵਰਣ ਦੀ ਸੰਭਾਲ ਲਈ ਆਪਣਾ ਯੋਗਦਾਨ ਪਾਉਣ ਦਾ ਪ੍ਰਣ ਕੀਤਾ ਹੈ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਰੋਜ਼ਾਨਾ ਦੀ ਤਰ੍ਹਾਂ ਸਵੇਰ ਸਮੇਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਪਟਿਆਲਾ ਪੁਲਿਸ ਦੀ ਟੀਮ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ਕਰਕੇ ਪਰਾਲੀ ਸਾੜਨ ਦੇ ਮਾਮਲਿਆਂ ਦਾ ਜਾਇਜ਼ਾ ਲਿਆ।
ਇਸ ਦੌਰਾਨ ਏ.ਡੀ.ਸੀ. ਅਨੁਪ੍ਰਿਤਾ ਜੌਹਲ ਨੇ ਨਾਭਾ ਸਮੇਤ ਹੋਰ ਇਲਾਕਿਆਂ ਦਾ ਦੌਰਾ ਕਰਕੇ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਰਾਲੀ ਨੂੰ ਸਾੜਨ ਦੀ ਬਜਾਇ ਇਨਸੀਟੂ ਤਕਨੀਕਾਂ ਨਾਲ ਆਪਣੇ ਖੇਤਾਂ ਵਿੱਚ ਮਿਲਾਉਣ ਜਾਂ ਫਿਰ ਐਕਸ ਸੀਟੂ ਮੈਨੇਜਮੈਂਟ ਜਾਰੀਂ ਇਸ ਨੂੰ ਬੇਲਰਾਂ ਦੀ ਮਦਦ ਨਾਲ ਚੁਕਵਾਉਣ ਲਈ ਪ੍ਰੇਰਿਤ ਕੀਤਾ।
ਇਸੇ ਤਰ੍ਹਾਂ ਐਸ.ਡੀ.ਐਮ. ਪਟਿਆਲਾ ਡਾ. ਇਸਮਤ ਵਿਜੇ ਸਿੰਘ ਨੇ ਤਰੈਂ ਸਮੇਤ ਕਈ ਹੋਰ ਪਿੰਡਾਂ ਵਿੱਚ ਜਾਕੇ ਕਿਸਾਨਾਂ ਨਾਲ ਗੱਲਬਾਤ ਕੀਤੀ। ਜਦਕਿ ਐਸ.ਡੀ.ਐਮ. ਸਮਾਣਾ ਚਰਨਜੀਤ ਸਿੰਘ, ਐਸ.ਡੀ.ਐਮ. ਪਾਤੜਾਂ ਨਵਦੀਪ ਕੁਮਾਰ, ਐਸ.ਡੀ.ਐਮ. ਦੂਧਨ ਸਾਧਾਂ ਕਿਰਪਾਲਵੀਰ ਸਿੰਘ, ਐਸ.ਡੀ.ਐਮ. ਰਾਜਪੁਰਾ ਜਸਲੀਨ ਕੌਰ ਭੁੱਲਰ ਸਮੇਤ ਸਾਰੇ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਵੀ ਖੇਤਾਂ ਤੇ ਪਿੰਡਾਂ ਵਿੱਚ ਜਾਕੇ ਕਿਸਾਨਾਂ ਨੂੰ ਮਿਲੇ। ਅਧਿਕਾਰਆਂ ਨੇ ਕਿਸਾਨਾਂ ਨੂੰ ਵਟਸਐਪ ਚੈਟਬੋਟ 7380016070 ਨੰਬਰ ਦਾ ਪੂਰਾ ਲਾਭ ਲੈਣ ਲਈ ਦੀ ਵੀ ਅਪੀਲ ਕੀਤੀ।
ਇਸੇ ਦੌਰਾਨ ਜ਼ਿਲ੍ਹੇ ਭਰ ਵਿੱਚ ਕਈ ਥਾਈਂ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਪਰਾਲੀ ਤੇ ਝੌਨੇ ਦੀ ਰਹਿੰਦ-ਖੂੰਹਦ ਨੂੰ ਲਗਾਈ ਗਈ ਅੱਗ ਮੌਕੇ ‘ਤੇ ਜਾ ਕੇ ਬੁਝਾਈ ਅਤੇ ਕਈ ਥਾਈਂ ਕਲਸਟਰ ਅਫ਼ਸਰਾਂ ਤੇ ਫੀਲਡ ਸਟਾਫ ਨੇ ਖੇਤਾਂ ਵਿੱਚ ਜਾਕੇ ਲਗਾਈ ਜਾ ਰਹੀ ਅੱਗ ਨੂੰ ਬੁਝਵਾਇਆ। ਸਿੱਟੇ ਵਜੋਂ ਅੱਜ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਵੱਲੋਂ ਜ਼ਿਲ੍ਹੇ ਵਿੱਚ 10 ਥਾਵਾਂ ‘ਤੇ ਅੱਗ ਲੱਗਣ ਦੀ ਰਿਪੋਰਟ ਦਿੱਤੀ ਗਈ ਹੈ। ਇਸ ਲਈ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਜ਼ਿਲ੍ਹਾ ਪਟਿਆਲਾ ਟੀਮ ਅਤੇ ਕਿਸਾਨਾਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਹੈ ਕਿ ਪਰਾਲੀ ਸਾੜਨ ਦੇ ਮਾੜੇ ਰੁਝਾਨ ਤੋਂ ਬਚਣ ਦੀ ਲੋੜ ਹੈ ਤਾਂ ਕਿ ਅਸੀਂ ਸਾਰੇ ਰਲਕੇ ਵਾਤਾਵਰਣ ਸੰਭਾਲ ਲਈ ਆਪਣਾ ਨਿੱਗਰ ਯੋਗਦਾਨ ਪਾ ਸਕੀਏ।

You May Also Like

More From Author

+ There are no comments

Add yours