26 ਜਨਵਰੀ ਤੱਕ ਸਰਕਾਰ ਦੀਆਂ ਯੋਜਨਾਵਾਂ ਦਾ ਪ੍ਰਚਾਰ ਕਰੇਗੀ ਵਿਕਸਿਤ ਭਾਰਤ ਸੰਕਲਪ ਯਾਤਰਾ

1 min read
 ਪਟਿਆਲਾ, 17 ਨਵੰਬਰ:
ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੇ ਵਿਕਸਿਤ ਭਾਰਤ ਸੰਕਲਪ ਯਾਤਰਾ ਪ੍ਰੋਗਰਾਮ ਦੀ ਸਫ਼ਲਤਾ ਲਈ ਪਟਿਆਲਾ ਜ਼ਿਲ੍ਹੇ ਦੇ ਇੰਚਾਰਜ ਵਜੋਂ ਤਾਇਨਾਤ ਕੀਤੇ ਗਏ ਸੀਨੀਅਰ ਆਈ.ਆਰ.ਐਸ. ਅਧਿਕਾਰੀ ਨਿਰੁਪਮਾ ਕਾਟਰੂ ਦੀ ਅਗਵਾਈ ਹੇਠ ਇੱਕ ਮੀਟਿੰਗ ਕੀਤੀ ਗਈ।ਮੀਟਿੰਗ ਮੌਕੇ ਨਿਰੁਪਮਾ ਕਾਟਰੂ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਰਾਜ ਸਰਕਾਰ ਦੇ ਸਹਿਯੋਗ ਨਾਲ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਪ੍ਰਚਾਰ ਕਰਨ ਹਿਤ ਅਤੇ ਇਨ੍ਹਾਂ ਸਕੀਮਾਂ ਦਾ ਲਾਭ ਲੋੜਵੰਦਾਂ ਤੱਕ ਪੁੱਜਦਾ ਕਰਨ ਲਈ ਵਿਕਸਤ ਭਾਰਤ ਸੰਕਲਪ ਯਾਤਰਾ 26 ਜਨਵਰੀ 2024 ਤੱਕ ਜ਼ਿਲ੍ਹੇ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਜਾਵੇਗੀ।
ਉਨ੍ਹਾਂ ਅੱਗੇ ਦੱਸਿਆ ਕਿ “ਵਿਕਸਤ ਭਾਰਤ ਸੰਕਲਪ ਯਾਤਰਾ- ਹਮਾਰਾ ਸੰਕਲਪ ਵਿਕਸਿਤ ਭਾਰਤ” ਮੁਹਿੰਮ ਜਰੀਏ ਪਿੰਡਾਂ ਵਿਚ ਜਾਗਰੂਕਤਾ ਵੈਨਾਂ ਨੂੰ ਭੇਜ ਕੇ ਕੈਂਪ ਲਗਾਏ ਜਾਣ। ਇਸ ਦੀ ਜਾਣਕਾਰੀ ਸਬੰਧਤ ਪਿੰਡਾਂ ਨੂੰ ਅਗੇਤੀ ਦਿੱਤੀ ਜਾਵੇਗੀ ਅਤੇ ਮੌਕੇ ਉੱਤੇ ਹੀ ਯੋਗ ਲਾਭਪਾਤਰੀਆਂ ਨੂੰ ਯੋਜਨਾਵਾਂ ਤੇ ਪ੍ਰੋਗਰਾਮਾਂ ਦੇ ਲਾਭ ਦਿੱਤੇ ਜਾਣਗੇ। ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਕਰਨ ਲਈ ਇਨ੍ਹਾਂ ਕੈਂਪਾਂ ਵਿੱਚ ਸਭਿਆਚਾਰਕ ਪ੍ਰੋਗਰਾਮ ਵੀ ਕਰਵਾਏ ਜਾਣਗੇ।
ਉਨ੍ਹਾਂ ਅੱਗੇ ਕਿਹਾ ਕਿ ਹੁਣ ਤੱਕ ਕਦੀ ਨਾ ਕਵਰ ਕੀਤੇ ਗਏ ਲਾਭਪਾਤਰੀਆਂ ਦਾ ਮਾਰਗ ਦਰਸ਼ਨ ਕੀਤਾ ਜਾਵੇ। ਲੋਕ ਭਲਾਈ ਯੋਜਨਾਵਾਂ ਦਾ ਲਾਭ ਉਨ੍ਹਾਂ ਤੱਕ ਪਹੁੰਚ ਸਕੇ ਤਾਂ ਜੋ ਲੋੜਵੰਦ ਇਨ੍ਹਾਂ ਯੋਜਨਾਵਾਂ ਦਾ ਲਾਭ ਲੈ ਕੇ ਆਪਣਾ ਜੀਵਨ ਪੱਧਰ ਨੂੰ ਉੱਚਾ ਕਰ ਸਕਣ । ਉਨ੍ਹਾਂ ਕਿਹਾ ਕਿ  ਇਸ ਮੌਕੇ ਲਾਭਪਾਤਰੀਆਂ ਦੇ ਸੁਝਾਅ ਅਤੇ ਸਫ਼ਲਤਾ ਦੇ ਕਿੱਸੇ ਸਾਂਝੇ ਕੀਤੇ ਜਾਣਗੇ ਤਾਂ ਜੋ ਅਣਗੌਲੇ ਗਏ ਹਰ ਵਿਅਕਤੀ ਨੂੰ ਪ੍ਰੇਰਿਤ ਕਰਕੇ ਹਰ ਯੋਜਨਾ ਦਾ ਲਾਭ ਦਿੱਤਾ ਜਾ ਸਕੇ । ਇਸ ਤੋਂ ਇਲਾਵਾ ਚੰਗੀ ਪ੍ਰਾਪਤੀ ਵਾਲੇ ਸੈਲਫ਼ ਹੈਲਪ ਗਰੁੱਪ ਤੇ ਸਫ਼ਲ ਕਿਸਾਨ ਦੀ ਮੇਰੀ ਕਹਾਣੀ ਮੇਰੀ ਜੁਬਾਨੀ, ਸਟੇਟ ਕ੍ਰਿਸ਼ੀ ਐਕਟਵਿਟੀ, ਸੱਭਿਆਚਾਰਕ ਪ੍ਰੋਗਰਾਮ, ਕੁਇਜ਼ ਮੁਕਾਬਲੇ ਵੀ ਕਰਵਾਏ ਜਾਣਗੇ।
ਇਸ ਮੌਕੇ ਏ.ਡੀ.ਸੀ. ਅਨੁਪ੍ਰਿਤਾ ਜੌਹਲ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਵਿੱਚ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਪ੍ਰੋਗਰਾਮ ਨੂੰ ਪੂਰਨ ਸਹਿਯੋਗ ਦਿਤਾ ਜਾਵੇਗਾ। ਏ.ਡੀ.ਸੀ. ਅਨੁਪ੍ਰਿਤਾ ਜੌਹਲ ਨੇ ਦੱਸਿਆ ਕਿ ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ ਦੇ ਲੋਕਾਂ ਨੂੰ ਹਰ ਲੋਕ ਭਲਾਈ  ਯੋਜਨਾ ਦਾ ਲਾਭ ਦੇ ਕੇ ਸਮਾਨਤਾ ਨਾਲ ਸਾਰੇ ਅਧਿਕਾਰ ਮੁਹੱਈਆ ਕਰਵਾਏ ਜਾਣ। ਵਿਕਸਤ ਭਾਰਤ ਸੰਕਲਪ ਯਾਤਰਾ ਦੀ ਸਫਲਤਾ ਲਈ ਜ਼ਿਲ੍ਹਾ ਪੱਧਰੀ ਕਮੇਟੀ ਗਠਿਤ ਕਰ ਲਈ ਗਈ ਹੈ ਅਤੇ ਯੋਜਨਾਵਾਂ ਦੇ ਨੋਡਲ ਅਫ਼ਸਰ ਨਿਯੁਕਤ ਕਰ ਲਏ ਗਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਹਿਲਾਂ ਤੋਂ ਹੀ ਪਿੰਡਾਂ ਵਿਚ ਜਨ ਸੁਣਵਾਈ ਕੈਂਪ ਲਗਾਏ ਜਾ ਰਹੇ ਹਨ । ਇਸ ਮੌਕੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।
ਇਸ ਮੌਕੇ ਏ.ਜੀ. ਐਫ.ਸੀ.ਆਈ. ਸਤੀਸ਼ ਮਿੰਜ਼, ਐਨ.ਐਫ.ਐਲ. ਤੋਂ ਮਨੀਸ਼ ਅਵਸ਼ਥੀ, ਨਬਾਰਡ ਦੇ ਪਰਵਿੰਦਰ ਕੌਰ ਨਾਗਰਾ,  ਐਸ.ਐਲ.ਬੀ.ਸੀ. ਪੋਰਟਲ ਤੋਂ ਦਵਿੰਦਰ ਸਿੰਘ, ਪੀ.ਆਈ.ਬੀ. ਤੋਂ ਬਲਜੀਤ ਸਿੰਘ, ਕੇ.ਵੀ.ਕੇ. ਗੁਰਉਦੇਸ਼ ਕੌਰ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ।

You May Also Like

More From Author

+ There are no comments

Add yours