ਹਰੀਪਾਲ ਨੇ ਚਿੱਤਰ ਅਤੇ ਕਸ਼ਿਸ਼ ਨੇ ਲੇਖ ਮੁਕਾਬਲੇ ਵਿੱਚ ਮਾਰੀ ਬਾਜ਼ੀ
ਚਿੱਤਰ ਪ੍ਰਦਰਸ਼ਨੀ ਵੇਖਣ ਆਇਆ ਲੋਕਾਂ ਦਾ ਹੜ੍ਹ, ਕਲਾਕਾਰਾਂ ਨੇ ਸੱਭਿਆਚਾਰਕ ਪੇਸ਼ਕਾਰੀਆਂ ਨਾਲ ਬੰਨ੍ਹਿਆ ਸਮਾਂ
ਪਟਿਆਲਾ
8/11/2023
ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵੱਲੋਂ ਦੇਸ਼ ਭਰ ਵਿੱਚ “9 ਸਾਲ ਸੇਵਾ, ਸੁਸ਼ਾਸਨ ਅਤੇ ਗਰੀਬ ਕਲਿਆਣ” ਦੀ ਥੀਮ ਉੱਤੇ ਵੱਖੋ-ਵੱਖ ਥਾਵਾਂ ‘ਤੇ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸੇ ਲੜੀ ਦੇ ਤਹਿਤ ਸ਼ਹਿਰ ਦੇ ਸਰਕਾਰੀ ਬਿਕਰਮ ਕਾਲਜ ਆਫ ਕਾਮਰਸ ਵਿੱਚ “9 ਸਾਲ ਸੇਵਾ, ਸੁਸ਼ਾਸਨ ਅਤੇ ਗਰੀਬ ਕਲਿਆਣ” ਦੀ ਥੀਮ ‘ਤੇ 3 ਰੋਜ਼ਾ ਚਿੱਤਰ ਪ੍ਰਦਰਸ਼ਨੀ ਦਾ ਬੁੱਧਵਾਰ ਨੂੰ ਆਗਾਜ਼ ਹੋ ਗਿਆ।
ਇਸ ਮੌਕੇ ਕਾਲਜ ਦੀ ਪ੍ਰਿੰਸੀਪਲ ਕੁਸੁਮ ਲਤਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਚਿੱਤਰ ਪ੍ਰਦਰਸ਼ਨੀ ਰਾਹੀਂ ਪਿਛਲੇ ਕੁੱਝ ਸਮੇਂ ਵਿੱਚ ਦੇਸ਼ ਵੱਲੋਂ ਕੀਤੀ ਗਈ ਤਰੱਕੀ ਅਤੇ ਉਪਲੱਬਧੀਆਂ ਬਾਰੇ ਵੇਰਵਾ ਦਿੱਤਾ ਗਿਆ ਹੈ, ਜੋ ਕਿ ਵਿਦਿਆਰਥੀਆਂ ਲਈ ਜਾਣਨਾ ਕਾਫੀ ਅਹਿਮ ਹੈ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਭਵਿੱਖ ਵਿੱਚ ਵੀ ਆਯੋਜਿਤ ਕਰਵਾਏ ਜਾਣੇ ਚਾਹੀਦੇ ਹਨ, ਤਾਂ ਜੋ ਨੌਜਵਾਨ ਪੀੜ੍ਹੀ ਨੂੰ ਇਨ੍ਹਾਂ ਮਹੱਤਵਪੂਰਨ ਵਿਸ਼ਿਆਂ ਬਾਰੇ ਜਾਣੂ ਕਰਵਾਇਆ ਜਾ ਸਕੇ।
ਇਸ ਮੌਕੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸੈਂਟਰਲ ਬਿਊਰੋ ਆਫ ਕਮਿਊਨੀਕੇਸ਼ਨ ਅੰਮ੍ਰਿਤਸਰ ਦੇ ਮੁਖੀ ਗੁਰਮੀਤ ਸਿੰਘ ਨੇ ਕਿਹਾ ਕਿ ਮੰਤਰਾਲੇ ਵੱਲੋਂ ਦੇਸ਼ ਭਰ ਵਿੱਚ ਅਜਿਹੇ ਜਾਗਰੂਕਤਾ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸੇ ਲੜੀ ਦੇ ਤਹਿਤ ਲਾਈ ਗਈ ਇਸ ਚਿੱਤਰ ਪ੍ਰਦਰਸ਼ਨੀ ਦੇ ਜ਼ਰੀਏ ਪਟਿਆਲਾ ਵਿੱਚ ਵੀ ਲੋਕਾਂ ਨੂੰ ਭਾਰਤ ਸਰਕਾਰ ਦੀਆਂ ਵੱਖੋ ਵੱਖ ਯੋਜਨਾਵਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਗੁਰਮੀਤ ਸਿੰਘ ਨੇ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਨ ਲਈ ਕਾਲਜ ਅਤੇ ਜ਼ਿਲਾ ਪ੍ਰਸ਼ਾਸਨ ਦੀ ਜੰਮ ਕੇ ਸ਼ਲਾਘਾ ਕੀਤੀ।
ਇਸ ਮੌਕੇ ਡਾਕਟਰ ਰੇਖਾ ਰਾਣੀ ਨੇ ਫਿੱਟ ਇੰਡੀਆ, ਡਾਕਟਰ ਰਜਨੀ ਬਾਲਾ ਨੇ ਸਵੱਛ ਭਾਰਤ, ਡਾਕਟਰ ਜਯੋਤੀ ਨੇ ਪਾਣੀ ਦੀ ਸਾਂਭ ਸੰਭਾਲ ਅਤੇ ਡਾਕਟਰ ਜਸਪ੍ਰੀਤ ਕੌਰ ਨੇ ਪਲਾਸਟਿਕ ਵੇਸਟ ਮੈਨੇਜਮੈਂਟ ਦੇ ਵਿਸ਼ਿਆਂ ਤੇ ਲੋਕਾਂ ਨੂੰ ਜਾਗਰੂਕ ਕੀਤਾ।
ਇਸ ਦੌਰਾਨ ਵਿਦਿਆਰਥੀਆਂ ਦੇ ਪੋਸਟਰ ਮੇਕਿੰਗ ਅਤੇ ਲੇਖ ਮੁਕਾਬਲੇ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ। ਪੋਸਟਰ ਮੇਕਿੰਗ ਵਿੱਚ ਬੀ.ਕਾਮ. ਦੇ ਹਰੀਪਾਲ ਸਿੰਘ ਨੇ ਪਹਿਲਾ, ਰਾਜਿੰਦਰ ਕੌਰ ਨੇ ਦੂਜਾ, ਸਨੇਹਾ ਕਨੌਜੀਆ ਨੇ ਤੀਜਾ, ਸਿਮਰਨਦੀਪ ਕੌਰ ਨੇ ਚੌਥਾ ਤੇ ਮੋਕਸ਼ੀਤਾ ਗੋਇਲ ਨੇ ਪੰਜਵਾਂ ਸਥਾਨ ਹਾਸਲ ਕੀਤਾ। ਜਦਕਿ ਲੇਖ ਮੁਕਾਬਲੇ ਵਿੱਚ ਕਸ਼ਿਸ਼ ਖੁਰਮੀ ਨੇ ਪਹਿਲਾ, ਜਸਪ੍ਰੀਤ ਕੌਰ ਨੇ ਦੂਜਾ ਅਤੇ ਨੀਰੂ ਨੇ ਤੀਜਾ ਸਥਾਨ ਹਾਸਿਲ ਕੀਤਾ।
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਇਸ ਅਹਿਦ ਦੀ ਸ਼ਲਾਘਾ ਕਰਦਿਆਂ ਚਿੱਤਰ ਪ੍ਰਦਰਸ਼ਨੀ ਵੇਖਣ ਆਏ ਲੋਕਾਂ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਭਵਿੱਖ ਵਿੱਚ ਵੀ ਆਯੋਜਿਤ ਕਰਵਾਏ ਜਾਣੇ ਚਾਹੀਦੇ ਨੇ ਤਾਂ ਜੋ ਲੋਕਾਂ ਨੂੰ ਭਵਿੱਖ ਵਿੱਚ ਵੀ ਸਰਕਾਰ ਦੀਆਂ ਵੱਖੋ ਵੱਖ ਯੋਜਨਾਵਾਂ ਤੋਂ ਜਾਣੂ ਕਰਵਾਇਆ ਜਾ ਸਕੇ। ਇਸ ਪ੍ਰਦਰਸ਼ਨੀ ਦੌਰਾਨ ਨੁੱਕੜ ਨਾਟਕ ਸਣੇ ਹੋਰਨਾਂ ਪੇਸ਼ਕਾਰੀਆਂ ਨੇ ਲੋਕਾਂ ਦਾ ਦਿਲ ਜਿੱਤ ਲਿਆ। ਇਬਾਦਤ ਅਲੀ ਮੇਹਰ ਮਹਿਬੂਬ ਗਰੁੱਪ ਦੀ ਕੱਵਾਲੀ, ਪੂਨਮ ਕਲਾ ਕੇਂਦਰ ਅਤੇ ਨੂਰ ਨਾਟ ਕਲਾ ਕੇਂਦਰ ਦੀ ਦਿਲ ਖਿੱਚਵੀਂ ਪੇਸ਼ਕਾਰੀ ਨੇ ਸਮਾਂ ਬੰਨ ਦਿੱਤਾ।
+ There are no comments
Add yours