ਡੇਂਗੂ ‘ਤੇ ਵਾਰ, ਪਟਿਆਲਾ ਸ਼ਹਿਰ ਦੇ 46 ਹਾਟਸਪਾਟ ਖੇਤਰਾਂ ‘ਚ ਇੱਕੋ ਸਮੇਂ ਸਮੂਹਿਕ ਫਾਗਿੰਗ

1 min read
-ਡੇਂਗੂ ਬੁਖਾਰ ਤੋਂ ਬਚਣ ਲਈ ਲੋਕਾਂ ਨੂੰ ਸਾਵਧਾਨੀਆਂ ਵਰਤਣ ਤੇ ਘਰਾਂ ‘ਚ ਲਾਰਵਾ ਦੇ ਸਰੋਤ ਖ਼ਤਮ ਕਰਨ ਦਾ ਸੱਦਾ
ਪਟਿਆਲਾ, 29 ਅਕਤੂਬਰ:
ਪਟਿਆਲਾ ਸ਼ਹਿਰ ਦੇ 46 ਤੋਂ ਵਧੇਰੇ ਡੇਂਗੂ ਹਾਟਸਪੌਟ ਇਲਾਕਿਆਂ ਵਿੱਚ ਇੱਕੋ ਸਮੇਂ ਸਮੂਹਿਕ ਫਾਗਿੰਗ ਕੀਤੀ ਗਈ। ਡਿਪਟੀ ਕਮਿਸ਼ਨਰ ਪਟਿਆਲਾ ਸਾਕਸ਼ੀ ਸਾਹਨੀ ਵੱਲੋਂ ਬੀਤੇ ਦਿਨ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਮਨੀਸ਼ਾ ਰਾਣਾ, ਏ.ਡੀ.ਸੀ. ਸ਼ਹਿਰੀ ਵਿਕਾਸ ਗੁਰਪ੍ਰੀਤ ਸਿੰਘ ਥਿੰਦ ਤੇ ਸਿਵਲ ਸਰਜਨ ਡਾ. ਰਾਮਿੰਦਰ ਕੌਰ ਨਾਲ ਕੀਤੀ ਮੀਟਿੰਗ ਵਿੱਚ ਮੱਛਰਾਂ ‘ਚ ਵਾਧੇ ਕਾਰਨ ਡੇਂਗੂ ਤੇ ਚਿਕਗੁਨੀਆ ਬੁਖ਼ਾਰ ਦੇ ਕੇਸਾਂ ਵਿੱਚ ਵਾਧਾ ਹੋਣ ਦੇ ਮੱਦੇਨਜ਼ਰ ਮੱਛਰਾਂ ਵਿਰੁੱਧ ਅਰੰਭੀ ਮੁਹਿੰਮ ਨੂੰ ਹੋਰ ਤੇਜ ਕਰਨ ਦੇ ਆਦੇਸ਼ ਦਿੱਤੇ ਸਨ।
ਨਗਰ ਨਿਗਮ ਦੀਆਂ ਟੀਮਾਂ ਵੱਲੋਂ ਜ਼ਿਲ੍ਹਾ ਪੇਂਡੂ ਵਿਕਾਸ ਤੇ ਪੰਚਾਇਤ ਅਫ਼ਸਰ ਅਮਨਦੀਪ ਕੌਰ ਦੀਆਂ ਟੀਮਾਂ ਦੇ ਸਹਿਯੋਗ ਨਾਲ ਸਮੂਹਿਕ ਫਾਗਿੰਗ ਦੀ ਮੁਹਿੰਮ ਚਲਾਈ ਗਈ। ਇਸ ਦੌਰਾਨ ਨਗਰ ਨਿਗਮ ਦੀਆਂ 25 ਪੋਰਟੇਬਲ ਮਸ਼ੀਨਾਂ, 3 ਬੁਲੈਰੋ ਗੱਡੀ ਉਪਰ ਲੱਗੀਆਂ ਮਸ਼ੀਨਾਂ ਸਮੇਤ ਡੀ.ਡੀ.ਪੀ.ਓ. ਦਫ਼ਤਰ ਦੀਆਂ 7 ਮਸ਼ੀਨਾਂ ਨਾਲ ਪਟਿਆਲਾ ਸ਼ਹਿਰੀ ਦੇ 29 ਅਤੇ ਪਟਿਆਲਾ ਦਿਹਾਤੀ ਦੇ 17 ਹਾਟਸਪੌਟ ਇਲਾਕਿਆਂ ਵਿੱਚ ਡੁੰਘਾਈ ਨਾਲ ਫਾਗਿੰਗ ਕੀਤੀ ਗਈ। ਇਨ੍ਹਾਂ ਟੀਮਾਂ ਦੀ ਦੇਖ-ਰੇਖ ਨਗਰ ਨਿਗਮ ਦੇ ਸਕੱਤਰ ਸੁਨੀਲ ਮਹਿਤਾ ਤੇ ਹੈਲਥ ਸ਼ਾਖਾ ਦੇ ਸਮੂਹ ਚੀਫ਼ ਸੈਨੇਟਰੀ ਇੰਸਪੈਟਰ, ਸੁਪਰਵਾਇਜ਼ਰਾਂ ਵੱਲੋਂ ਕਰਦਿਆਂ ਫਾਗਿੰਗ ਦੇ ਨਾਲ-ਨਾਲ ਲੋਕਾਂ ਨੂੰ ਮੱਛਰਾਂ ਦੇ ਕੱਟਣ ਤੋਂ ਹੋਣ ਵਾਲੀਆਂ ਬਿਮਾਰੀਆਂ ਬਾਰੇ ਜਾਗਰੂਕ ਵੀ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਤਰ੍ਹਾਂ ਦੇ ਬੁਖ਼ਾਰ ਨੂੰ ਸਧਾਰਨ ਨਾ ਲਿਆ ਜਾਵੇ ਸਗੋਂ ਹਰ ਬੁਖ਼ਾਰ ਨੂੰ ਸ਼ੱਕੀ ਕੇਸ ਮੰਨਦੇ ਹੋਏ ਡੇਂਗੂ ਦਾ ਟੈਸਟ ਜਰੂਰ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਡੇਂਗੂ ਮੱਛਰ ਦੀ ਪੈਦਾਵਾਰ ਆਮ ਲੋਕਾਂ ਦੇ ਸਾਂਝੇ ਹੰਭਲੇ ਨਾਲ ਹੀ ਰੋਕੀ ਜਾ ਸਕਦੀ ਹੈ, ਇਸ ਲਈ ਆਮ ਲੋਕ ਆਪਣੇ ਘਰਾਂ ਦੇ ਅੰਦਰ, ਕੂਲਰਾਂ, ਫਰਿੱਜਾਂ ਦੀਆਂ ਟ੍ਰੇਆਂ, ਗਮਲਿਆਂ ਅਤੇ ਆਲੇ ਦੁਆਲੇ ਖੜ੍ਹੇ ਪਾਣੀ ਅਤੇ ਡੇਂਗੂ ਮੱਛਰ ਦੀ ਪੈਦਾਇਸ਼ ਦੇ ਸਰੋਤ ਨੂੰ ਤੁਰੰਤ ਖ਼ਤਮ ਕਰਨ। ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਉਹ ਮੱਛਰਾਂ ਤੋਂ ਬਚਾਅ ਦੇ ਸਾਰੇ ਪ੍ਰਬੰਧ ਕਰਨ ਤੇ ਖਾਸ ਕਰਕੇ ਦਿਨ ਸਮੇਂ ਮੱਛਰਾਂ ਦੇ ਕੱਟਣ ਤੋਂ ਬਚਣ ਲਈ ਪੂਰੀਆਂ ਬਾਹਾਂ ਦੇ ਕੱਪੜੇ ਪਾ ਕੇ ਰੱਖਣ।
ਜਿਕਰਯੋਗ ਹੈ ਕਿ ਪਟਿਆਲਾ ਸ਼ਹਿਰ ਦੇ ਗੁਰੂ ਨਾਨਕ ਨਗਰ, ਬਿਸ਼ਨ ਨਗਰ, ਮਥੁਰਾ ਕਲੋਨੀ, ਨਿਊ ਅਫ਼ਸਰ ਕਲੋਨੀ, ਸੂਲਰ, ਅਰਬਨ ਅਸਟੇਟ, ਅਜੀਤ ਨਗਰ, ਪਰਤਾਪ ਨਗਰ, ਗੁਰਬਖ਼ਸ਼ ਕਲੋਨੀ, ਰਾਘੋਮਾਜਰਾ, ਹੀਰਾ ਬਾਗ, ਆਰਿਆ ਸਮਾਜ, ਐਸ.ਐਸ.ਟੀ. ਨਗਰ, ਜੈ ਜਵਾਨ ਕਲੋਨੀ, ਲਾਹੌਰੀ ਗੇਟ, ਬੈਂਕ ਕਲੋਨੀ, ਜਗਦੀਸ਼ ਆਸ਼ਰਮ, ਸਰਕਾਰੀ ਮੈਡੀਕਲ ਕਾਲਜ, ਅਮਨ ਨਗਰ ਫੈਕਟਰੀ ਏਰੀਆ, ਤੇਜ ਬਾਗ, ਧਾਲੀਵਲ ਕਲੋਨੀ, ਥਾਪਰ ਯੂਨੀਵਰਸਿਟੀ, ਵਿਕਾਸ ਨਗਰ, ਮਾਡਲ ਟਾਊਨ,  ਅਨੰਦ ਨਗਰ, ਤ੍ਰਿਪੜੀ, ਬਾਜਵਾ ਕਲੋਨੀ, ਜਗਤਾਰ ਨਗਰ, ਖ਼ਾਲਸਾ ਮੁਹੱਲਾ, ਮਜੀਠੀਆ ਇਨਕਲੇਵ, ਸ਼ੇਰਾਂ ਵਾਲਾ ਗੇਟ, ਰਣਜੀਤ ਨਗਰ, ਪੰਜਾਬੀ ਬਾਗ, ਆਦਰਸ਼ ਨਗਰ, ਪੰਜਾਬੀ ਯੂਨੀਵਰਸਿਟੀ, ਧਰਮਪੁਰਾ ਬਾਜਾਰ, ਤਫੱਜਲਪੁਰਾ, ਛੋਟੀ ਬਾਰਾਂਦਰੀ, ਮਾਲਵਾ ਇਨਕਲੇਵ, ਮਹਿੰਦਰਾ ਕੰਪਲੈਕਸ, ਬਚਿੱਤਰ ਨਗਰ, ਆਰਮੀ ਕੈਂਟ, ਡੀ.ਐਮ.ਡਬਲਿਊ, ਨਾਭਾ ਗੇਟ, ਜੁਝਾਰ ਨਗਰ, ਰਤਨ ਨਗਰ, ਸਮਾਨੀਆ ਗੇਟ, ਸੰਜੇ ਕਲੋਨੀ ਤੇ ਅਨਾਰ ਦਾਣਾ ਚੌਂਕ ਇਲਾਕਿਆ ਵਿੱਚ ਕੇਸ ਆਏ ਹਨ, ਇਸ ਲਈ ਇਨ੍ਹਾਂ ਨੂੰ ਹਾਟ-ਸਪਾਟ ਮੰਨਿਆ ਗਿਆ ਹੈ।

You May Also Like

More From Author

+ There are no comments

Add yours