ਕਣਕ ਦੀ ਬਿਜਾਈ ਸਮੇਂ ਬੀਜ ਸੋਧ ਅਤੇ ਗੁੱਲੀ ਡੰਡੇ ਦੀ ਰੋਕਥਾਮ ਅਹਿਮ: ਮੁੱਖ ਖੇਤੀਬਾੜੀ ਅਫ਼ਸਰ

1 min read

ਪਟਿਆਲਾ, 23 ਅਕਤੂਬਰ:
ਡਿਪਟੀ ਕਮਿਸ਼ਨਰ ਪਟਿਆਲਾ ਸਾਕਸ਼ੀ ਸਾਹਨੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਮੁੱਖ ਖੇਤੀਬਾੜੀ ਅਫ਼ਸਰ  ਡਾ. ਗੁਰਨਾਮ ਸਿੰਘ ਦੀ ਅਗਵਾਈ ਹੇਠ ਬਲਾਕ ਖੇਤੀਬਾੜੀ ਅਫ਼ਸਰ ਪਟਿਆਲਾ ਡਾ. ਗੁਰਦੇਵ ਸਿੰਘ ਵੱਲੋਂ ਬਲਾਕ ਪਟਿਆਲਾ ਵਿਚ ਲਗਾਏ ਜਾ ਰਹੇ ਜਾਗਰੂਕਤਾ ਕੈਂਪਾਂ ਰਾਹੀਂ ਕਿਸਾਨਾਂ ਨੂੰ ਕਣਕ ਦੀ ਬਿਜਾਈ ਸਬੰਧੀ ਤਕਨੀਕੀ ਜਾਣਕਾਰੀ ਦਿੱਤੀ ਜਾ ਰਹੀ ਹੈ।
ਮੁੱਖ ਖੇਤੀਬਾੜੀ ਅਫ਼ਸਰ ਪਟਿਆਲਾ ਡਾ. ਗੁਰਨਾਮ ਸਿੰਘ ਵੱਲੋਂ ਕਿਸਾਨਾਂ ਨੂੰ ਕਣਕ ਦਾ ਬੀਜ ਸਬਸਿਡੀ ਉੱਪਰ ਵੰਡਣ ਸਬੰਧੀ ਅਤੇ ਸੀ.ਆਰ.ਐਮ. ਸਕੀਮ ਅਧੀਨ ਖਰੀਦੀ ਗਈ ਮਸ਼ੀਨਰੀ ਦੀ ਫਿਜ਼ੀਕਲ ਵੈਰੀਫਿਕੇਸ਼ਨ ਕਰਨ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਕੜੀ ਤਹਿਤ ਸਰਕਲ ਦੌਣ ਕਲਾਂ ਦੇ ਪਿੰਡਾਂ ਵਿਚ ਚੱਲ ਰਹੇ ਜਾਗਰੂਕਤਾ ਕੈਂਪਾਂ/ਨੁੱਕੜ ਮੀਟਿੰਗਾਂ/ਵੱਟਸਐਪ ਗਰੁੱਪਾਂ ਵਿਚ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਨਾਮ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਕਿਸਾਨਾਂ ਨੇ ਪਰਾਲੀ ਨੂੰ ਖੇਤਾਂ ਵਿਚ ਮਿਲਾਉਣਾ ਹੈ ਉਹ ਕਿਸਾਨ ਆਪਣੇ ਖੇਤਾਂ ਦਾ ਨਿਰੀਖਣ ਸ਼ਾਮ ਅਤੇ ਸਵੇਰ ਦੇ ਸਮੇਂ ਜ਼ਰੂਰ ਕਰਨ ਅਤੇ ਜੇਕਰ ਪਰਾਲੀ ਹੇਠ ਸੈਨਿਕ ਸੁੰਡੀ/ਗੁਲਾਬੀ ਸੁੰਡੀ ਦੇਖਣ ਨੂੰ ਨਜ਼ਰ ਆਵੇ ਤਾਂ ਕਿਸਾਨ ਐਕਾਲੇਕਸ 400 ਐਮ.ਐਲ. ਦਾ ਸਪਰੇਅ ਸ਼ਾਮ ਅਤੇ ਸਵੇਰ ਦੇ ਸਮੇਂ ਕਰਨ। ਇੰਨ-ਸੀਟੂ ਤਕਨੀਕ ਰਾਹੀਂ ਬੀਜੀ ਜਾ ਰਹੀ ਕਣਕ ਲਈ ਸਿਉਂਕ ਦੀ ਸਮੱਸਿਆ ਨੂੰ ਹੱਲ ਕਰਨ ਲਈ ਕਿਸਾਨ ਬੀਜ ਨੂੰ 1 ਗ੍ਰਾਮ ਕਰੂਜਰ 70 ਡਬਲਿਊ ਐਸ ਜਾਂ 2 ਮਿਲੀਲਿਟਰ ਨਿਉਨਿਕਸ 20 ਐਫ.ਐਸ. ਪ੍ਰਤੀ ਕਿਲੋ ਦੇ ਹਿਸਾਬ ਨਾਲ ਸੋਧ ਕੇ ਹੀ ਬੀਜਣ।
ਇਸ ਤੋਂ ਇਲਾਵਾ ਖੇਤੀਬਾੜੀ ਵਿਸਥਾਰ ਅਫ਼ਸਰ ਡਾ. ਰਵਿੰਦਰਪਾਲ ਸਿੰਘ ਚੱਠਾ ਨੇ ਦੱਸਿਆ ਕਿ ਕਿਸਾਨ ਵੀਰ ਬੀਜ ਦੀ ਸੁਧਾਈ ਲਈ 500 ਗ੍ਰਾਮ ਕਨਸ਼ੋਰਸ਼ੀਅਮ ਜਾਂ 250 ਗ੍ਰਾਮ ਆਜੋਟੋਬੈਕਟਰ ਅਤੇ 250 ਗ੍ਰਾਮ ਸਟਰੈਪਟੋਮਾਈਸੀਜ ਜੀਵਾਨੂੰ ਖਾਦ ਨੂੰ 1 ਲੀਟਰ ਪਾਣੀ ਵਿਚ ਮਿਲਾ ਕੇ ਕਣਕ ਦੇ ਪ੍ਰਤੀ ਏਕੜ ਬੀਜ ਨੂੰ ਸੋਧ ਲੈਣ। ਗੁੱਲੀ ਡੰਡੇ ਦੀ ਸਰਵਪੱਖੀ ਰੋਕਥਾਮ ਲਈ ਹੈਪੀ ਸੀਡਰ ਨਾਲ ਬੀਜੀ ਕਣਕ ਵਾਸਤੇ ਕਿਸਾਨ 1.5 ਲੀਟਰ ਸਟੌਂਪ/60 ਗ੍ਰਾਮ ਅਵਕੀਰਾ/1 ਲੀਟਰ ਪਲੇਟਫਾਰਮ 385 ਐਸ.ਈ. ਨਦੀਨ ਨਾਸ਼ਕ ਨੂੰ ਯੂਰੀਆ ਵਿਚ ਮਿਲਾਕੇ ਛਿੱਟਾ ਦੇ ਸਕਦੇ ਹਨ ਅਤੇ ਜੇਕਰ ਬਿਜਾਈ ਕਿਸੇ ਹੋਰ ਢੰਗ ਨਾਲ ਕੀਤੀ ਹੋਵੇ ਤਾਂ ਇਹਨਾਂ ਨਦੀਨ ਨਾਸ਼ਕਾਂ ਵਿਚੋਂ ਕਿਸੇ ਇੱਕ ਦਾ ਛਿੜਕਾਅ ਬਿਜਾਈ ਤੋਂ 2 ਦਿਨਾਂ ਦੇ ਅੰਦਰ-ਅੰਦਰ 200 ਲੀਟਰ ਪਾਣੀ ਵਿਚ ਮਿਲਾ ਕੇ ਕਰਨ। ਇਸ ਉਪਰੰਤ ਗੁੱਲੀ ਡੰਡੇ ਦੀ ਰੋਕਥਾਮ ਲਈ ਪਹਿਲੀ ਸਿੰਚਾਈ ਤੋਂ ਪਹਿਲਾਂ 300 ਤੋਂ 500 ਗ੍ਰਾਮ (ਜਮੀਨ ਦੀ ਕਿਸਮ ਅਨੁਸਾਰ) ਐਰੀਲੋਨ/ਡੈਲਰੋਨ/ਵੰਡਰ/ਸ਼ਿਵਰੋਨ ਜਾਂ 13 ਗ੍ਰਾਮ ਲੀਡਰ ਦੀ ਵਰਤੋਂ 150 ਲੀਟਰ ਪਾਣੀ ਵਿਚ ਵਰਤ ਕੇ ਕਰਨ। ਪਹਿਲੀ ਸਿੰਚਾਈ ਤੋਂ ਬਾਅਦ ਗੁੱਲੀ ਡੰਡੇ ਦੀ ਰੋਕਥਾਮ ਲਈ ਕਿਸਾਨ 500 ਗ੍ਰਾਮ ਆਈਸੋਪਰੋਟਜੁਰੋਨ 75 ਡਬਲਿਊ.ਪੀ./160 ਗ੍ਰਾਮ ਟੌਪਿਕ/400 ਮਿਲੀਲਿਟਰ ਐਕਸੀਅਲ 5 ਈ.ਸੀ./400 ਮਿਲੀਲਿਟਰ ਪਿਊਮਾਪਾਵਰ 10 ਈ.ਸੀ. ਦਾ ਸਪਰੇਅ ਕਰ ਸਕਦੇ ਹਨ। ਜਿਨ੍ਹਾਂ ਖੇਤਾਂ ਵਿਚ ਕਣਕ ਦੇ ਨਾਲ ਸਰੋਂ/ਰਾਇਆ, ਛੋਲੇ ਜਾਂ ਚੌੜੇ ਪੱਤੇ ਵਾਲੀ ਫ਼ਸਲ ਬੀਜੀ ਹੋਵੇ ਉਥੇ ਲੀਡਰ ਨਦੀਨ ਨਾਸ਼ਕ ਨਾ ਵਰਤਿਆ ਜਾਵੇ ਅਤੇ ਜਿਨ੍ਹਾਂ ਖੇਤਾਂ ਵਿਚ ਲੀਡਰ ਨਦੀਨ ਨਾਸ਼ਕ ਦੀ ਵਰਤੋਂ ਕੀਤੀ ਗਈ ਹੋਵੇ ਉਹਨਾਂ ਖੇਤਾਂ ਵਿਚ ਚਰੀ ਅਤੇ ਮੱਕੀ ਨਾ ਬੀਜੀ ਜਾਵੇ।

You May Also Like

More From Author

+ There are no comments

Add yours