64ਵਾਂ ਪੁਲਿਸ ਯਾਦਗਾਰੀ ਦਿਵਸ: ਡੀਜੀਪੀ ਗੌਰਵ ਯਾਦਵ ਨੇ ਪੁਲਿਸ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

Estimated read time 1 min read
ਪੰਜਾਬ ਪੁਲਿਸ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਵਚਨਬੱਧ: ਡੀਜੀਪੀ ਗੌਰਵ ਯਾਦਵ 
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਹਿਲਕਦਮੀ ‘ਸੜਕ ਸੁਰੱਖਿਆ ਫੋਰਸ’ ਜਲਦ ਹੀ ਸੜਕਾਂ ’ਤੇ ਉੱਤਰੇਗੀ; ਪੁਲਿਸ ਕਰਮੀਆਂ ਨੂੰ ਦਿੱਤੀ ਜਾ ਰਹੀ ਹੈ ਵਿਸ਼ੇਸ਼ ਸਿਖਲਾਈ 
ਚੰਡੀਗੜ੍ਹ/ਜਲੰਧਰ, 21 ਅਕਤੂਬਰ:
  ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਅੱਤਵਾਦੀਆਂ ਅਤੇ ਅਪਰਾਧੀਆਂ ਨਾਲ ਲੋਹਾ ਲੈਂਦਿਆਂ ਜਾਨਾਂ ਕੁਰਬਾਨ ਕਰਨ ਵਾਲੇ ਬਹਾਦਰ ਪੁਲਿਸ ਮੁਲਾਜ਼ਮਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਸ਼ਨੀਵਾਰ ਨੂੰ ਪੰਜਾਬ ਆਰਮਡ ਪੁਲਿਸ (ਪੀ.ਏ.ਪੀ.) ਹੈੱਡਕੁਆਰਟਰ ਵਿਖੇ 64ਵਾਂ ਸੂਬਾ ਪੱਧਰੀ ਪੁਲਿਸ ਯਾਦਗਾਰੀ ਦਿਵਸ ਮਨਾਇਆ ਗਿਆ।
  ਪੁਲਿਸ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਪੁਲਿਸ ਦਾ ਬਹਾਦਰੀ ਅਤੇ ਕੁਰਬਾਨੀ ਵਾਲਾ ਸ਼ਾਨਾਮੱਤਾ ਇਤਿਹਾਸ ਹੈ। ਉਨ੍ਹਾਂ ਕਿਹਾ ਕਿ ਫੋਰਸ ਦੇ ਮੈਂਬਰਾਂ ਨੇ ਦੇਸ਼ ਦੀ ਏਕਤਾ ਨੂੰ ਕਾਇਮ ਰੱਖਣ ਅਤੇ ਨਾਗਰਿਕਾਂ ਨੂੰ ਸੁਰੱਖਿਆ ਦੇਣ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ ਸਨ। ਉਨ੍ਹਾਂ ਕਿਹਾ ਕਿ ਸੂਬਾ ਪੁਲਿਸ ਨੇ ਸਤੰਬਰ 1981 ਤੋਂ ਹੁਣ ਤੱਕ 1797 ਅਧਿਕਾਰੀਆਂ, ਜਿੰਨ੍ਹਾਂ ਵਿੱਚ ਇਸ ਸਾਲ ਸ਼ਹੀਦ ਹੋਏ 3 ਮੁਲਾਜ਼ਮ ਵੀ ਸ਼ਾਮਲ ਹਨ,  ਦੇ ਪ੍ਰਾਣਾਂ ਦੀ ਆਹੂਤੀ  ਦਿੱਤੀ ਹੈ।
  ਦੇਸ਼ ਦੀ  ਖਾਤਿਰ ਆਪਣੀਆਂ ਜਾਨਾਂ ਨਿਛਾਵਰ ਕਰਨ ਵਾਲੇ ਯੋਧਿਆਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਉਪਰੰਤ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਪੁਲਿਸ ਮੁਖੀ ਨੇ ਕਿਹਾ ਕਿ ਇਨ੍ਹਾਂ ਸ਼ਹੀਦਾਂ ਦੀ ਬਦੌਲਤ ਹੀ ਅਸੀਂ ਸਾਰੇ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਆਪਣੀ ਬਹਾਦਰੀ, ਦਲੇਰੀ ਅਤੇ ਸਫਲਤਾਪੂਰਵਕ ਅੱਤਵਾਦ ਨਾਲ ਨਜਿੱਠਣ ਲਈ ਜਾਣੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਮਾਤ ਭੂਮੀ ਨੂੰ ਦੁਸ਼ਮਣਾਂ ਤੋਂ ਬਚਾਉਣ ਲਈ ਪੰਜਾਬ ਪੁਲਿਸ ਹਮੇਸ਼ਾ ਮੋਹਰੀ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਸਰਹੱਦੀ ਸੂਬੇ ਵਿੱਚ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਣ ਲਈ ਲਗਾਤਾਰ ਮਿਹਨਤ ਕਰਦੀ ਰਹੇਗੀ।
  ਇਸ ਦੌਰਾਨ ਸਮਾਗਮ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ ਸੋਚ ਅਨੁਸਾਰ ‘ਸੜਕ ਸੁਰੱਖਿਆ ਫੋਰਸ ’(ਐਸਐਸਐਫ) ਨਾਂ ਦਾ ਪ੍ਰਮੁੱਖ ਪ੍ਰਾਜੈਕਟ ਜਲਦ ਹੀ ਸ਼ੁਰੂ ਹੋ ਜਾਵੇਗਾ, ਜਿਸ ਨਾਲ ਨਾ ਸਿਰਫ਼  ਦੁਰਘਟਨਾਵਾਂ ਨੂੰ ਘਟਾ ਕੇ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਵਿੱਚ ਮਦਦ ਮਿਲੇਗੀ, ਸਗੋਂ ਰਾਜ ਵਿੱਚ ਆਵਾਜਾਈ ਨੂੰ ਵੀ ਸੁਚਾਰੂ ਬਣਾਇਆ ਜਾਵੇਗਾ।  ਉਨ੍ਹਾਂ ਕਿਹਾ ਕਿ ਐਸ.ਐਸ.ਐਫ ਦੇ 1500 ਪੁਲਿਸ ਮੁਲਾਜ਼ਮ ਪਹਿਲਾਂ ਹੀ ਸੜਕ ਸੁਰੱਖਿਆ ਲਈ ਵਿਸ਼ੇਸ਼ ਸਿਖਲਾਈ ਲੈ ਰਹੇ ਹਨ ਅਤੇ ਫੋਰਸ ਲਈ 121 ਨਵੇਂ ਟੋਇਟਾ ਹਿਲਕਸ ਅਤੇ 28 ਇੰਟਰਸੈਪਟਰ ਵਾਹਨ ਖਰੀਦਣ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਵਾਹਨ ਹਰ 30 ਕਿਲੋਮੀਟਰ ’ਤੇ ਤਾਇਨਾਤ ਕੀਤੇ ਜਾਣਗੇ ਅਤੇ ਸੜਕ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ।
  ਪੰਜਾਬ ਪੁਲਿਸ ਮੁਖੀ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਨਸ਼ ਤਸਕਰਾਂ/ਵੇਚਣ ਵਾਲਿਆਂ  ਵਿਰੁੱਧ ਸਖ਼ਤ ਰੁਖ਼ ਅਪਣਾਇਆ ਹੋਇਆ ਹੈ ਅਤੇ ਜਦੋਂ ਤੱਕ ਸੂਬੇ ’ਚੋਂ ਨਸ਼ੇ ਦਾ ਪੂਰੀ ਤਰ੍ਹਾਂ ਸਫਾਇਆ ਨਹੀਂ ਹੋ ਜਾਂਦਾ ਉਦੋਂ ਤੱਕ ਪੁਲਿਸ ਸਰਗਰਮੀ ਨਾਲ ਅਜਿਹੀਆਂ ਕਾਰਵਾਈਆਂ ਜਾਰੀ ਰੱਖੇਗੀ । ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੇ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ‘ਇਨਫੋਰਸਮੈਂਟ’, ‘ਨਸ਼ਾ ਮੁਕਤੀ’ ਅਤੇ ‘ਰੋਕਥਾਮ’ ਦੀ ਤਿੰਨ ਨੁਕਾਤੀ ਰਣਨੀਤੀ ਅਪਣਾਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਜਨ ਜਾਗਰੂਕਤਾ ਮੁਹਿੰਮ ਵੀ ਚਲਾਈ ਗਈ ਹੈ, ਜਿਸ ਦੇ ਹਿੱਸੇ ਵਜੋਂ ਨੌਜਵਾਨਾਂ ਦੀ ਊਰਜਾ ਨੂੰ ਸਹੀ ਦਿਸ਼ਾ ਵੱਲ ਲਿਜਾਣ ਲਈ ਹਾਕੀ ਮੈਚ, ਸਾਈਕਲਿੰਗ, ਮੈਰਾਥਨ, ਪੇਂਟਿੰਗ ਆਦਿ ਸਮੇਤ ਕਈ ਮੁਕਾਬਲੇ ਕਰਵਾਏ ਜਾ ਰਹੇ ਹਨ।
  ਡੀਜੀਪੀ ਨੇ ਕਿਹਾ ਕਿ ਜਿੱਥੇ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ, ਉੱਥੇ ਹੀ ਨਸ਼ਾ ਪੀੜਤਾਂ ਨੂੰ ਉਨ੍ਹਾਂ ਦੇ ਮੁੜ ਵਸੇਬੇ ਲਈ ਨਸ਼ਾ ਛੁਡਾਊ ਕੇਂਦਰਾਂ ਵਿੱਚ ਭੇਜਿਆ ਜਾ ਰਿਹਾ ਹੈ।
  ਇਸ ਮੌਕੇ ਬੋਲਦਿਆਂ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ, “ਅਸੀਂ ਆਪਣੇ ਨਾਇਕਾਂ ਦੀਆਂ ਕੁਰਬਾਨੀਆਂ ਨੂੰ ਜ਼ਾਇਆ ਨਹੀਂ ਜਾਣ ਦੇਵਾਂਗੇ। ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਪੰਜਾਬ ਪੁਲਿਸ ਸਰਹੱਦੀ ਰਾਜ ਵਿੱਚ ਸ਼ਾਂਤੀ ਅਤੇ ਸਦਭਾਵਨਾ ਨੂੰ ਯਕੀਨੀ ਬਣਾਉਣ ਲਈ ਪੂਰੀ ਤਨਦੇਹੀ ਅਤੇ ਬਹਾਦਰੀ ਨਾਲ ਕੰਮ ਕਰਦੀ ਰਹੇਗੀ।’’
  ਘਟਨਾ ਤੋਂ ਬਾਅਦ, ਡੀਜੀਪੀ ਨੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਵੀ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਹਮਦਰਦੀ ਨਾਲ ਸੁਣਿਆ। ਉਨ੍ਹਾਂ ਪੰਜਾਬ ਪੁਲਿਸ ਵੱਲੋਂ ਉਨ੍ਹਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।
  ਇਸ ਤੋਂ ਪਹਿਲਾਂ 80ਵੀਂ ਬਟਾਲੀਅਨ ਨਵਜੋਤ ਸਿੰਘ ਮਾਹਲ ਵੱਲੋਂ ਗੈਂਗਸਟਰਾਂ ਨਾਲ ਲੜਦਿਆਂ ਸ਼ਹੀਦ ਹੋਏ ਪੰਜਾਬ ਪੁਲਿਸ ਦੇ ਮਨਦੀਪ ਸਿੰਘ, ਕੁਲਦੀਪ ਸਿੰਘ, ਪਰਮਿੰਦਰ ਸਿੰਘ ਸਮੇਤ ਇਸ ਸਾਲ ਦੇ ਸਾਰੇ 189 ਪੁਲਿਸ ਸ਼ਹੀਦਾਂ ਦੇ ਨਾਮ ਪੜ੍ਹ ਕੇ ਸੁਣਾਏ ਗਏ। ਇਸ ਦੌਰਾਨ ਦੋ ਮਿੰਟ ਦਾ ਮੌਨ ਰੱਖਿਆ ਗਿਆ ਅਤੇ ਬਾਅਦ ਵਿੱਚ ਸੀਨੀਅਰ ਅਧਿਕਾਰੀਆਂ ਨੇ ਸ਼ਹੀਦੀ ਸਮਾਰਕ ’ਤੇ ਫੁੱਲਮਾਲਾਵਾਂ ਵੀ ਭੇਟ ਕੀਤੀਆਂ।
  ਇਸ ਮੌਕੇ ਕੈਬਨਿਟ ਮੰਤਰੀ ਬਲਕਾਰ ਸਿੰਘ, ਕਈ ਏ.ਡੀ.ਜੀ.ਪੀਜ਼ ਅਤੇ ਆਈ.ਜੀ.ਪੀਜ਼ ਅਤੇ ਹੋਰ ਸੀਨੀਅਰ ਪੁਲਿਸ ਅਧਿਕਾਰੀ/ਕਰਮਚਾਰੀ ਹਾਜ਼ਰ ਸਨ।
ਡੱਬੀ: ਪੁਲਿਸ ਯਾਦਗਾਰੀ ਦਿਵਸ ਦਾ ਇਤਿਹਾਸ
   ਪੁਲਿਸ ਯਾਦਗਾਰੀ ਦਿਵਸ ਦਾ ਇਤਿਹਾਸ 21 ਅਕਤੂਬਰ, 1959 ਨਾਲ ਜੁੜਦਾ  ਹੈ, ਜਦੋਂ ਐਸਆਈ ਕਰਮ ਸਿੰਘ ਦੀ ਅਗਵਾਈ  ਵਾਲੀ ਸੀ.ਆਰ.ਪੀ.ਐਫ. ਦੀ ਇੱਕ ਗਸ਼ਤ ਪਾਰਟੀ, ’ਤੇ ਲੱਦਾਖ ਦੇ ਹੌਟ ਸਪ੍ਰਿੰਗਜ਼ ਵਿਖੇ ਚੀਨੀ ਬਲਾਂ ਦੁਆਰਾ ਹਮਲਾ ਕੀਤਾ ਗਿਆ ਸੀ ਅਤੇ 10 ਜਵਾਨ ਸ਼ਹੀਦ ਹੋ ਗਏ ਸਨ।  ਇਹ ਦਿਵਸ 16,000 ਫੁੱਟ ਦੀ ਉਚਾਈ ’ਤੇ ਅਤਿਅੰਤ ਠੰਡੀਆਂ ਸਥਿਤੀਆਂ ਅਤੇ ਹਰ ਤਰ੍ਹਾਂ ਦੇ ਔਕੜਾਂ ਵਿਰੁੱਧ ਲੜਦੇ ਹੋਏ ਜਵਾਨਾਂ ਦੀ ਬਹਾਦਰੀ ,ਕੁਰਬਾਨੀ, ਦੁਰਲੱਭ ਹੌਸਲੇ ਦਾ ਪ੍ਰਤੀਕ ਹੈ। ਇੰਡੋ-ਤਿੱਬਤੀਅਨ ਬਾਰਡਰ ਪੁਲਿਸ ਹਰ ਸਾਲ ਦੇਸ਼ ਦੇ ਸਾਰੇ ਪੁਲਿਸ ਬਲਾਂ ਦੇ ਇੱਕ ਪ੍ਰਤੀਨਿਧੀ ਦਲ ਨੂੰ ਹਾਟ ਸਪ੍ਰਿੰਗਜ਼, ਲੱਦਾਖ, ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਭੇਜਦੀ ਹੈ ,ਜਿਨ੍ਹਾਂ ਨੇ 21 ਅਕਤੂਬਰ, 1959 ਨੂੰ ਰਾਸ਼ਟਰੀ ਸਰਹੱਦਾਂ ਦੀ ਰਾਖੀ ਕਰਦੇ ਹੋਏ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਸਨ।
   ਉਦੋਂ ਤੋਂ ਹਰ ਸਾਲ 21 ਅਕਤੂਬਰ ਨੂੰ, ਸਾਰੇ ਪੁਲਿਸ ਯੂਨਿਟਾਂ ਵਿੱਚ ਬਹਾਦਰ ਪੁਲਿਸ ਸ਼ਹੀਦਾਂ ਦੇ ਸਤਿਕਾਰ ਵਜੋਂ ਸ਼ਰਧਾਂਜਲੀ ਪਰੇਡ ਕੀਤੀ ਜਾਂਦੀ ਹੈ, ਜਿਨ੍ਹਾਂ ਨੇ ਡਿਊਟੀ ਦੌਰਾਨ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇਣ ਲਈ ਹਥਿਆਰ ਉਲਟੇ ਕੀਤੇ ਜਾਂਦੇ ਹਨ ਅਤੇ ਦੋ ਮਿੰਟ ਦਾ ਮੌਨ ਰੱਖਿਆ ਜਾਂਦਾ ਹੈ। ਰਾਜਾਂ, ਪੁਲਿਸ ਅਤੇ ਅਰਧ ਸੈਨਿਕ ਬਲਾਂ ਦੇ ਪੁਲਿਸ ਸ਼ਹੀਦਾਂ ਦੇ ਨਾਮ ਉਹਨਾਂ ਦੁਆਰਾ ਦਿੱਤੀਆਂ ਮਹਾਨ ਕੁਰਬਾਨੀਆਂ ਨੂੰ ਸਨਮਾਨ ਦਿੰਦਿਆਂ ਪੜ੍ਹੇ ਜਾਂਦੇ ਹਨ।

You May Also Like

More From Author

+ There are no comments

Add yours