ਇਕ ਨਵੰਬਰ ਨੂੰ ਹੋਣ ਵਾਲੀ ਬਹਿਸ ਤੋਂ ਭੱਜ ਰਹੀਆਂ ਨੇ ਵਿਰੋਧੀ ਪਾਰਟੀਆਂ-ਮੁੱਖ ਮੰਤਰੀ ਨੇ ਕੀਤੀ ਸਖ਼ਤ ਆਲੋਚਨਾ

1 min read

ਜੇਕਰ ਕੋਈ ਵਿਰੋਧੀ ਨੇਤਾ ਨਾ ਵੀ ਆਇਆ ਤਾਂ ਵੀ ਮੈਂ ਬਹਿਸ ਲਈ ਜ਼ਰੂਰ ਜਾਵਾਂਗਾ-ਭਗਵੰਤ ਸਿੰਘ ਮਾਨ

ਚੰਡੀਗੜ੍ਹ, 15 ਅਕਤੂਬਰ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇਕ ਨਵੰਬਰ ਨੂੰ ਹੋਣ ਵਾਲੀ ਬਹਿਸ ਵਿੱਚ ਵਿਰੋਧੀ ਨੇਤਾਵਾਂ ਵੱਲੋਂ ਭੱਜ ਜਾਣ ਦੀਆਂ ਸਖ਼ਤ ਆਲੋਚਨਾ ਕਰਦਿਆਂ ਕਿਹਾ ਕਿ ਅਸਲ ਵਿੱਚ ਇਨ੍ਹਾਂ ਲੀਡਰਾਂ ਨੂੰ ਆਪਣੇ ਗੁਨਾਹਾਂ ਤੋਂ ਪਰਦਾ ਚੁੱਕੇ ਜਾਣ ਦਾ ਡਰ ਸਤਾ ਰਿਹਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਲੀਡਰਾਂ ਦੀ ਸੂਬੇ ਨੂੰ ਬਰਬਾਦ ਕਰਨ ਵਾਲੇ ਲੋਕਾਂ ਨਾਲ ਗੰਢਤੁੱਪ ਸੀ ਜਿਸ ਕਰਕੇ ਉਹ ਇਕ ਨਵੰਬਰ ਦੀ ਬਹਿਸ ਵਿੱਚ ਆਉਣ ਤੋਂ ਪਾਸਾ ਵੱਟ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਨੇਤਾਵਾਂ ਦੇ ਹੱਥ ਅਤੇ ਰੂਹਾਂ ਸੂਬੇ ਦੇ ਲਹੂ ਨਾਲ ਭਿੱਜੇ ਹੋਏ ਹਨ ਕਿਉਂਕਿ ਇਨ੍ਹਾਂ ਲੀਡਰਾਂ ਨੇ ਪੰਜਾਬ ਤੇ ਪੰਜਾਬੀਆਂ ਨਾਲ ਹਮੇਸ਼ਾ ਗੱਦਾਰੀ ਕੀਤੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਨ੍ਹਾਂ ਨੇਤਾਵਾਂ ਵੱਲੋਂ ਸੂਬੇ ਨਾਲ ਕਮਾਏ ਧ੍ਰੋਹ ਲਈ ਕਦੇ ਵੀ ਮੁਆਫ਼ ਨਹੀਂ ਕਰਨਗੇ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਬਹਿਸ ਪੰਜਾਬ ਨੂੰ ਕੀਹਨੇ ਅਤੇ ਕਿਵੇਂ ਲੁੱਟਣ ਉਤੇ ਕੇਂਦਰਿਤ ਹੋਵੇਗੀ ਜਿਸ ਵਿੱਚ ਕੁਨਬਾਪ੍ਰਸਤੀ (ਭਾਈ-ਭਤੀਜਾ, ਜੀਜਾ-ਸਾਲਾ), ਪੱਖਪਾਤ, ਟੋਲ ਪਲਾਜ਼ੇ, ਨੌਜਵਾਨਾਂ, ਖੇਤੀਬਾੜੀ, ਵਪਾਰ-ਦੁਕਾਨਦਾਰ, ਗੁਰਬਾਣੀ ਅਤੇ ਦਰਿਆਈ ਪਾਣੀਆਂ ਉਤੇ ਡਾਕਾ ਮਾਰਨ ਸਣੇ ਸੂਬੇ ਨਾਲ ਸਬੰਧਤ ਮਸਲਿਆਂ ਉਤੇ ਚਰਚਾ ਹੋਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਨੇਤਾਵਾਂ ਨੇ ਸਾਰੇ ਮਸਲਿਆਂ ਉਤੇ ਪੰਜਾਬ ਨਾਲ ਧੋਖਾ ਕੀਤਾ ਹੈ ਜਿਸ ਲਈ ਉਨ੍ਹਾਂ ਨੂੰ ਲੋਕਾਂ ਅੱਗੇ ਜੁਆਬਦੇਹ ਬਣਾਇਆ ਜਾਵੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਲੀਡਰ ਆਉਣ ਜਾਂ ਨਾ ਆਉਣ ਪਰ ਉਹ ਬਹਿਸ ਲਈ ਇਨ੍ਹਾਂ ਨੇਤਾਵਾਂ ਦੀਆਂ ਕੁਰਸੀਆਂ ਡਾਹ ਕੇ ਰੱਖਣਗੇ।

ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਲੋਕ ਕਾਮਯਾਬ ਹੋਣ ਤੋਂ ਵੀ ਭੈਭੀਤ ਹੋ ਜਾਂਦੇ ਸਨ ਕਿਉਂਕਿ ਇਹ ਲੀਡਰ ਲੋਕਾਂ ਦੇ ਕਾਰੋਬਾਰ ਵਿੱਚ ਜਬਰੀ ਹਿੱਸਾ-ਪੱਤੀ ਪਾ ਲੈਂਦੇ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਨੇਤਾਵਾਂ ਨੇ ਲੋਕਾਂ ਦੀ ਅੰਨ੍ਹੀ ਲੁੱਟ ਕੀਤੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਏਸੇ ਕਰਕੇ ਇਹ ਲੀਡਰ ਸੱਚ ਦਾ ਸਾਹਮਣਾ ਕਰਨ ਤੋਂ ਡਰਦੇ ਹਨ ਅਤੇ ਬਹਿਸ ਵਿੱਚ ਨਾ ਆਉਣ ਲਈ ਇਕ ਤੋਂ ਬਾਅਦ ਇਕ ਬਹਾਨੇਬਾਜ਼ੀ ਘੜ ਰਹੇ ਹਨ।

You May Also Like

More From Author

+ There are no comments

Add yours