ਸਬ-ਇੰਸਪੈਕਟਰ 50,000 ਰੁਪਏ ਰਿਸ਼ਵਤ  ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ

1 min read
(ਦੋਸ਼ੀ ਥਾਣੇਦਾਰ ਪਹਿਲਾਂ ਵੀ ਇੱਕ ਲੱਖ ਰੁਪਏ ਲੈ ਚੁੱਕਾ ਸੀ ਰਿਸ਼ਵਤ)

 

ਚੰਡੀਗੜ, 26 ਦਸੰਬਰ, 2023 – ਪੰਜਾਬ ਦੀ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਆਪਣੀ ਅਣਥੱਕ ਲੜਾਈ ਦੌਰਾਨ ਸੋਮਵਾਰ ਨੂੰ ਪੁਲਿਸ ਕਮਿਸ਼ਨਰੇਟ ਦਫ਼ਤਰ, ਅੰਮ੍ਰਿਤਸਰ ਦੀ ਆਰਥਿਕ ਅਪਰਾਧ ਸ਼ਾਖਾ ਵਿਖੇ ਤਾਇਨਾਤ ਸਬ ਇੰਸਪੈਕਟਰ (ਐਸ.ਆਈ) ਕੁਲਵੰਤ ਸਿੰਘ (ਨੰਬਰ 700/ਅੰਮ੍ਰਿਤਸਰ ਸਿਟੀ) ਨੂੰ 50,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।

 

ਇਹ ਪ੍ਰਗਟਾਵਾ ਕਰਦਿਆਂ ਅੱਜ ਇੱਥੇ ਸੂਬਾ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਐਸਆਈ ਨੂੰ ਸੂਰਜ ਮਹਿਤਾ ਵਾਸੀ ਗੋਪਾਲ ਦਾਸ ਰੋਡ, ਅੰਮ੍ਰਿਤਸਰ ਵੱਲੋਂ ਦਰਜ ਕਰਵਾਈ ਸ਼ਿਕਾਇਤ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚਕੇ ਦੱਸਿਆ ਹੈ ਕਿ ਉਕਤ ਪੁਲਿਸ ਮੁਲਾਜ਼ਮ ਹਾਈਕੋਰਟ ਤੋਂ ਉਸਦੇ ਪਿਤਾ ਦੀ ਗ੍ਰਿਫਤਾਰੀ ‘ਤੇ ਅੰਤਰਿਮ ਸਟੇਅ ਮਿਲਣ ਤੋਂ ਬਾਅਦ ਪੁਲਿਸ ਜਾਂਚ ਵਿਚ ਸ਼ਾਮਲ ਹੋਣ ਅਤੇ ਇਸ ਮੁਕੱਦਮੇ ਵਿਚ ਨਿਯਮਤ ਜ਼ਮਾਨਤ ਲੈਣ ਵਿਚ ਮੱਦਦ ਕਰਨ ਬਦਲੇ 50,000 ਰੁਪਏ ਦੀ ਰਿਸ਼ਵਤ ਮੰਗ ਰਿਹਾ ਹੈ।
ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਦੱਸਿਆ ਕਿ ਉਕਤ ਥਾਣੇਦਾਰ ਉਸਦੇ ਪਿਤਾ ਦੁਆਰਾ ਉਹਨਾਂ ਦੀ ਸਾਂਝੀ ਫਰਮ ਵਿੱਚ ਭਾਈਵਾਲਾਂ ਵਿਰੁੱਧ ਦਰਜ ਕੀਤੇ ਇੱਕ ਵੱਖਰੇ ਕੇਸ ਵਿੱਚ ਮੱਦਦ ਦੇਣ ਦੇ ਨਾਮ ਹੇਠ ਪਹਿਲਾਂ ਇੱਕ ਲੱਖ ਰੁਪਏ ਦੀ ਰਿਸ਼ਵਤ ਲੈ ਚੁੱਕਾ ਹੈ।

 

ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ, ਅੰਮ੍ਰਿਤਸਰ ਰੇਂਜ ਤੋਂ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਅਤੇ ਐਸਆਈ ਕੁਲਵੰਤ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 50,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਉਨਾਂ ਦੱਸਿਆ ਕਿ ਉਕਤ ਦੋਸ਼ੀ ਪੁਲਿਸ ਮੁਲਾਜ਼ਮ ਖਿਲਾਫ ਵਿਜੀਲੈਂਸ ਬਿਓਰੋ ਦੇ ਥਾਣਾ ਅੰਮ੍ਰਿਤਸਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ ਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

You May Also Like

More From Author

+ There are no comments

Add yours