ਨਾਭਾ/ਪਟਿਆਲਾ, 27 ਅਕਤੂਬਰ:
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਅੰਦਰ ਮਿਆਰੀ ਸੜਕਾਂ ਦੇ ਨਿਰਮਾਣ ਨੂੰ ਯਕੀਨੀ ਬਣਾਉਣ ਲਈ ਗਠਿਤ ਕੀਤੇ ਗਏ ਸੀ.ਐਮ. ਫਲਾਇੰਗ ਸਕੁਐਡ ਨੇ ਅੱਜ ਅਹਿਮ ਕਾਰਵਾਈ ਕਰਦੇ ਹੋਏ ਕੁਝ ਸਮਾਂ ਪਹਿਲਾਂ ਬਣਾਈ ਹਿਆਣਾ ਖੁਰਦ ਤੋਂ ਮੰਡੌਰ ਅਜਨੌਦਾ ਸੜਕ ਦੇ ਸੈਂਪਲ ਭਰੇ ਹਨ। ਇਸੇ ਦੌਰਾਨ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਸਬੰਧਤ ਠੇਕੇਦਾਰ ਵੱਲੋਂ ਜੇਕਰ ਇਸ ਸੜਕ ਦੇ ਕੰਮ ‘ਚ ਜੇਕਰ ਕੋਈ ਕੁਤਾਹੀ ਵਰਤੀ ਗਈ ਸਾਹਮਣੇ ਆਈ ਤਾਂ ਸਬੰਧਤ ਠੇਕੇਦਾਰ ਤੇ ਸਬੰਧਤ ਵਿਭਾਗੀ ਅਧਿਕਾਰੀਆਂ ਦੀ ਜਿੰਮੇਵਾਰੀ ਤੈਅ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਜਿਕਰਯੋਗ ਹੈ ਕਿ ‘ਮੁੱਖ ਮੰਤਰੀ ਉਡਣ ਦਸਤੇ’ ਵੱਲੋਂ ਛਾਪਾਮਾਰੀ ਕਰਕੇ ਮਾਰਕੀਟ ਕਮੇਟੀ ਵੱਲੋਂ ਬਣਵਾਈ ਗਈ ਕਰੀਬ 2.5 ਕਿਲੋਮੀਟਰ ਸੜਕ ਦਾ ਨਿਰੀਖਣ ਕਰਨ ਦੀ ਇਹ ਕਾਰਵਾਈ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਹਲਕਾ ਪਟਿਆਲਾ ਦਿਹਾਤੀ ਦੀ ਪੂਰੀ ਤਰ੍ਹਾਂ ਚੌਕਸ ਨੋਡਲ ਵਲੰਟੀਅਰ ਟੀਮ ਵੱਲੋਂ ਦਿੱਤੀ ਗਈ ਰਿਪੋਰਟ ਦੇ ਅਧਾਰ ‘ਤੇ ਕੀਤੀ ਗਈ ਹੈ। ਸਿਹਤ ਮੰਤਰੀ ਦੀ ਵਲੰਟੀਅਰ ਟੀਮ ਵੱਲੋਂ ਆਪਣੇ ਤੌਰ ‘ਤੇ ਪੂਰੀ ਤਰ੍ਹਾਂ ਬਾਜ ਅੱਖ ਰੱਖਦੇ ਹੋਏ ਆਪਣੇ ਹਲਕੇ ਅੰਦਰ ਬਣ ਰਹੀਆਂ ਸੜਕਾਂ ਦਾ ਮਿਆਰ ਚੈਕ ਕਰਕੇ ਲੋਕਾਂ ਦੀ ਫੀਡਬੈਕ ਲੈਕੇ ਜਮੀਨੀ ਪੱਧਰ ‘ਤੇ ਹੋ ਰਹੇ ਕੰਮਾਂ ਦੀ ਗੁਣਵੱਤਾ ਬਾਰੇ ਜਾਣੂ ਕਰਵਾਇਆ ਜਾਂਦਾ ਹੈ।
ਇਸੇ ਦੌਰਾਨ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਰਾਜ ਭਰ ਅੰਦਰ ਲੋਕ ਨਿਰਮਾਣ ਵਿਭਾਗ ਅਤੇ ਮੰਡੀ ਬੋਰਡ ਵੱਲੋਂ ਬਣਾਈਆਂ ਜਾ ਰਹੀਆਂ ਸੜਕਾਂ ਦੀ ਗੁਣਵੱਤਾ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ ਅਤੇ ਇਹ ਪਹਿਲੀ ਵਾਰ ਯਕੀਨੀ ਬਣਾਇਆ ਗਿਆ ਹੈ ਕਿ ਸੜਕਾਂ ਬਣਾਉਣ ਵਾਲੀ ਏਜੰਸੀ ਨੂੰ 5 ਸਾਲਾਂ ਲਈ ਉਸ ਸੜਕ ਦੀ ਮੁਰੰਮਤ ਦੀ ਵੀ ਜਿੰਮੇਵਾਰੀ ਸੌਂਪੀ ਗਈ ਹੋਵੇ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਪਟਿਆਲਾ ਦਿਹਾਤੀ ਹਲਕੇ ਦੀ ਟੀਮ ਨੇ ਇਹ ਰਿਪੋਰਟ ਦਿੱਤੀ ਸੀ ਕਿ ਕੁਝ ਸਮਾਂ ਪਹਿਲਾਂ ਹਿਆਣਾ ਤੋਂ ਮੰਡੌਰ ਅਜਨੌਦਾ ਸੜਕ ਦੀ ਕੁਝ ਥਾਵਾਂ ‘ਤੇ ਹਾਲਤ ਖਰਾਬ ਹੋ ਗਈ ਹੈ, ਜਿਸ ਤਹਿਤ ਸੀ.ਐਮ. ਫਲਾਇੰਗ ਸਕੁਐਡ ਵੱਲੋਂ ਅੱਜ ਇਸ ਸੜਕ ਦੀ ਜਾਂਚ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਵਿੱਚ ਅਜਿਹੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਕਿ ਹੁਣ ਸੜਕਾਂ ਸਮੇਤ ਕਿਸੇ ਵੀ ਵਿਕਾਸ ਕਾਰਜਾਂ ਵਿੱਚ ਕੋਈ ਵੀ ਘਟੀਆ ਮਿਆਰ ਦਾ ਮੈਟੀਰੀਅਲ ਵਰਤਣ ਦੀ ਕੋਈ ਗੁਜਾਇਸ਼ ਨਹੀਂ ਰਹੀ।
ਇਸੇ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਗਠਿਤ ਕੀਤੇ ਗਏ ‘ਮੁੱਖ ਮੰਤਰੀ ਉਡਣ ਦਸਤੇ’ ‘ਚ 15 ਜ਼ਿਲ੍ਹਿਆਂ ਦੀਆਂ ਸੜਕਾਂ ਚੈਕ ਕਰਨ ਲਈ ਸ਼ਾਮਲ ਮੈਂਬਰ ਲੋਕ ਨਿਰਮਾਣ ਵਿਭਾਗ ਦੇ ਉਸਾਰੀ ਸਰਕਲ ਪਟਿਆਲਾ ਦੇ ਨਿਗਰਾਨ ਇੰਜੀਨੀਅਰ ਮਨਪ੍ਰੀਤ ਸਿੰਘ ਦੂਆ ਨੇ ਦੱਸਿਆ ਕਿ ਉਨ੍ਹਾਂ ਨੇ ਸੜਕ ਦੇ ਤਿੰਨ ਸੈਂਪਲ ਲਏ ਹਨ ਅਤੇ ਇਹ ਗੁਣਵੱਤਾ ਦੀ ਅਗਲੇਰੀ ਜਾਂਚ ਲਈ ਲੈਬਾਰਟਰੀ ਵਿਖੇ ਭੇਜੇ ਜਾਣਗੇ। ਉਨ੍ਹਾਂ ਦੱਸਿਆ ਕਿ ਮੌਕੇ ‘ਤੇ ਸਬੰਧਤ ਏਜੰਸੀ ਤੇ ਠੇਕੇਦਾਰ ਨੂੰ ਸਖ਼ਤ ਹਦਾਇਤ ਕਰਕੇ ਸੜਕ ਦੇ ਨਿਰਮਾਣ ‘ਚ ਸਮਾਂਬੱਧ ਢੰਗ ਨਾਲ ਲੋੜੀਂਦੇ ਸੁਧਾਰ ਤੇ ਮੁਰੰਮਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।


+ There are no comments
Add yours