ਸ੍ਰੀ ਕਾਲੀ ਦੇਵੀ ਮੰਦਿਰ ਨੂੰ ਮਨਸਾ ਦੇਵੀ, ਵੈਸ਼ਨੂ ਦੇਵੀ ਤੇ ਹੋਰ ਵੱਡੇ ਧਾਰਮਿਕ ਸਥਾਨਾਂ ਦੀ ਤਰਜ ‘ਤੇ ਵਿਕਸਤ ਕੀਤਾ ਜਾਵੇਗਾ

1 min read

ਪਟਿਆਲਾ, 29 ਸਤੰਬਰ:

ਪੰਜਾਬ ਆਰਥਿਕ ਨੀਤੀ ਅਤੇ ਯੋਜਨਾ ਬੋਰਡ ਦੇ ਵਾਈਸ ਚੇਅਰਮੈਨ (ਕੈਬਨਿਟ ਮੰਤਰੀ ਰੈਂਕ) ਸ੍ਰੀ ਰਜਿੰਦਰ ਗੁਪਤਾ, ਜੋ ਕਿ ਸ੍ਰੀ ਕਾਲੀ ਦੇਵੀ ਮੰਦਿਰ ਐਡਵਾਈਜ਼ਰੀ ਕਮੇਟੀ ਦੇ ਚੇਅਰਮੈਨ ਵੀ ਹਨ ਨੇ ਅੱਜ ਕਿਹਾ ਕਿ ਪਟਿਆਲਾ ਦੇ ਪੁਰਾਤਨ ਸ੍ਰੀ ਕਾਲੀ ਦੇਵੀ ਮੰਦਿਰ ਨੂੰ ਸ੍ਰੀ ਮਨਸਾ ਦੇਵੀ, ਵੈਸ਼ਨੂ ਦੇਵੀ ਤੇ ਹੋਰ ਵੱਡੇ ਧਾਰਮਿਕ ਅਸਥਾਨਾਂ ਦੀ ਤਰਜ ‘ਤੇ ਵਿਕਸਤ ਕੀਤਾ ਜਾਵੇਗਾ।

ਅੱਜ ਅੱਸੂ ਦੇ ਸੱਤਵੇਂ ਨਰਾਤੇ ਮੌਕੇ ਸ੍ਰੀ ਕਾਲੀ ਦੇਵੀ ਮੰਦਿਰ ਵਿਖੇ ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ, ਕਮੇਟੀ ਮੈਂਬਰਾਂ ਸੀ.ਏ ਅਜੇ ਅਲੀਪੁਰੀਆ, ਸੰਜੇ ਸਿੰਗਲਾ ਤੇ ਡਾ. ਰਾਜ ਕੁਮਾਰ ਗੁਪਤਾ ਤੇ ਏ.ਡੀ.ਸੀ. ਸਿਮਰਪ੍ਰੀਤ ਕੌਰ ਨਾਲ ਨਤਮਸਤਕ ਹੋਣ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਰਾਜਿੰਦਰ ਗੁਪਤਾ ਨੇ ਕਿਹਾ ਕਿ ਆਉਣ ਵਾਲੇ ਇੱਕ ਸਾਲ ਦੇ ਅੰਦਰ-ਅੰਦਰ ਸ੍ਰੀ ਕਾਲੀ ਦੇਵੀ ਮੰਦਿਰ ਦੇ ਵਿੱਚ ਸ਼ਰਧਾਲੂਆਂ ਨੂੰ ਵੱਡੇ ਸੁਧਾਰ ਨਜ਼ਰ ਆਉਣਗੇ।

ਸ੍ਰੀ ਕਾਲੀ ਦੇਵੀ ਮੰਦਿਰ ਸਲਾਹਕਾਰ ਕਮੇਟੀ ਦੇ ਚੇਅਰਮੈਨ ਰਜਿੰਦਰ ਗੁਪਤਾ ਨੇ ਸਮੂਹ ਲੋਕਾਈ ਨੂੰ ਨਰਾਤਿਆਂ ਦੀ ਵਧਾਈ ਦਿੰਦਿਆਂ ਦੱਸਿਆ ਕਿ ਇਨ੍ਹਾਂ ਨਰਾਤਿਆਂ ਦੌਰਾਨ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ, ਮੇਅਰ ਕੁੰਦਨ ਗੋਗੀਆ ਦੀ ਅਗਵਾਈ ਹੇਠ ਨਗਰ ਨਿਗਮ ਦੀ ਟੀਮ, ਮੰਦਿਰ ਕਮੇਟੀ ਮੈਂਬਰਾਂ ਸਮੇਤ ਹੋਰ ਧਾਰਮਿਕ ਸੰਸਥਾਵਾਂ ਦੇ ਆਪਸੀ ਤਾਲਮੇਲ ਤੇ ਸੰਗਤਾਂ ਦੇ ਸਹਿਯੋਗ ਨਾਲ ਇਸ ਵਾਰ ਨਵਰਾਤਰਿਆਂ ਮੌਕੇ ਸ਼ਰਧਾਲੂਆਂ ਦੀ ਸਹੂਲਤ ਲਈ ਵਧੀਆ ਪ੍ਰਬੰਧ ਕੀਤੇ ਗਏ ਹਨ।

ਰਜਿੰਦਰ ਗੁਪਤਾ ਨੇ ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਖ਼ੁਦ ਸ੍ਰੀ ਕਾਲੀ ਦੇਵੀ ਮੰਦਿਰ ਨਤਮਸਤਕ ਹੋ ਕੇ ਗਏ ਹਨ ਅਤੇ ਉਨ੍ਹਾਂ ਵੱਲੋਂ ਇਸ ਪਵਿੱਤਰ ਅਸਥਾਨ ਨੂੰ ਪੂਰੀ ਤਰ੍ਹਾਂ ਵਿਕਸਤ ਕਰਨ ਦਾ ਸੁਪਨਾ ਦੇਖਿਆ ਗਿਆ ਹੈ, ਜਿਸ ਨੂੰ ਸਾਕਾਰ ਕਰਨ ਲਈ ਯਤਨ ਅਰੰਭੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਮੰਦਿਰ ਵਿਖੇ ਚੜ੍ਹਦੇ ਚੜਾਵੇ ਨੂੰ ਲੋਕ ਸੇਵਾ ਦੇ ਕਾਰਜਾਂ ਲਈ ਵਰਤਿਆ ਜਾਵੇਗਾ, ਇਸ ਨਾਲ ਮੈਡੀਕਲ, ਵਿੱਦਿਆ ਤੇ ਹੋਰ ਲੋਕ ਭਲਾਈ ਦੇ ਕਾਰਜ ਕੀਤੇ ਜਾਣਗੇ।

ਸ੍ਰੀ ਗੁਪਤਾ ਨੇ ਕਿਹਾ ਕਿ ਇਹ ਮੰਦਿਰ ਉਤਰੀ ਭਾਰਤ ਦੇ ਪਵਿੱਤਰ ਤੇ ਇਤਿਹਾਸਕ ਮੰਦਿਰਾਂ ਵਿੱਚੋਂ ਇੱਕ ਹੈ ਅਤੇ ਇਹ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਸੇ ਤੇ ਸ਼ਾਹੀ ਸਰਪ੍ਰਸਤੀ ਦਾ ਵੀ ਪ੍ਰਤੀਕ ਹੈ, ਇਸ ਨੂੰ ਸੈਰ ਸਪਾਟੇ ਦੇ ਕੇਂਦਰ ਪਟਿਆਲਾ ਆਉਣ ਵਾਲੇ ਸ਼ਰਧਾਲੂਆਂ ਦੀ ਵਿਸ਼ੇਸ਼ ਖਿੱਚ ਦਾ ਕੇਂਦਰ ਬਣਾਇਆ ਜਾਵੇਗਾ।

ਚੇਅਰਮੈਨ ਗੁਪਤਾ ਨੇ ਦੱਸਿਆ ਕਿ ਸ੍ਰੀ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੋੜੀਂਦੇ ਸਰੋਤਾਂ ਨਾਲ ਮੰਦਰ ਦੀ ਕਾਇਆਕਲਪ ਕਰਨ ਦੇ ਕੀਤੇ ਗਏ ਐਲਾਨ ਨੂੰ ਬਹੁਤ ਜਲਦ ਅਮਲੀ ਜਾਮਾ ਪਹਿਨਾਇਆ ਜਾਵੇਗਾ। ਪਿਛਲੇ 30 ਸਾਲਾਂ ਤੋਂ ਮੰਦਰ ਦੇ ਸੁੱਕੇ ਪਏ ਸਰੋਵਰ ‘ਚ ਤਾਜ਼ਾ ਪਾਣੀ ਭਰਕੇ ਇਸਨੂੰ ਸੁਰਜੀਤ ਕਰਨ ਦਾ ਕੰਮ ਵੀ ਚੱਲ ਰਿਹਾ ਹੈ ਅਤੇ ਬਹੁਤ ਜਲਦ ਪਾਣੀ ਸਰੋਵਰ ਵਿੱਚ ਪੈਣਾ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਦੁਆਲੇ ਅਧਿਆਤਕ ਲਾਈਟ ਤੇ ਸਾਂਊਂਡ ਸ਼ੋਅ ਆਯੋਜਿਤ ਕੀਤਾ ਜਾਇਆ ਕਰੇਗਾ ਤੇ ਇਸ ਨੂੰ ਦੇਖਣ ਲਈ ਸ਼ਰਧਾਲੂਆਂ ਦੇ ਬੈਠਣ ਲਈ ਸੁਚੱਜੇ ਪ੍ਰਬੰਧ ਕੀਤੇ ਜਾਣਗੇ।

ਰਜਿੰਦਰ ਗੁਪਤਾ ਨੇ ਦੱਸਿਆ ਕਿ ਇਸ ਤੋਂ ਬਿਨ੍ਹਾਂ ਸ਼ਰਧਾਲੂਆਂ ਦੇ ਰਾਤ ਠਹਿਰਣ ਲਈ ਨਵੀਂ ਬਿਲਡਿੰਗ ਪਹਿਲਾਂ ਹੀ ਖੋਲ੍ਹ ਦਿੱਤੀ ਗਈ ਹੈ ਤੇ ਲਿਫ਼ਟ ਵੀ ਚਾਲੂ ਕਰ ਦਿੱਤੀ ਗਈ ਹੈ। ਧਰਮਸ਼ਾਲਾ ਵਿਖੇ ਠਹਿਰਣ ਵਾਲੇ ਸ਼ਰਧਾਲੂਆਂ ਲਈ ਕੰਟੀਨ ਵੀ ਚਲਾਈ ਜਾਵੇਗੀ। ਇਸ ਤੋਂ ਬਿਨ੍ਹਾਂ ਮੰਦਿਰ ਦੇ ਸੀਵਰੇਜ ਨੂੰ ਪੂਰੀ ਤਰ੍ਹਾਂ ਅਪਗ੍ਰੇਡ ਕੀਤਾ ਜਾ ਰਿਹਾ ਹੈ। ਇਸ ਮੌਕੇ ਨਗਰ ਨਿਗਮ ਦੇ ਮੇਅਰ ਸ੍ਰੀ ਕੁੰਦਨ ਗੋਗੀਆ ਨੇ ਦੱਸਿਆ ਕਿ ਮੰਦਿਰ ਨੇੜੇ ਸਥਿਤ ਰਾਜਿੰਦਰਾ ਝੀਲ ਦੇ ਮੁਰੰਮਤ ਤੇ ਹੋਰ ਵਿਕਾਸ ਕਾਰਜਾਂ ਲਈ ਦੋ ਕਰੋੜ ਰੁਪਏ ਦਾ ਟੈਂਡਰ ਲੱਗ ਚੁੱਕਾ ਹੈ ਅਤੇ ਬਹੁਤ ਜਲਦ ਇਸ ਦਾ ਕੰਮ ਵੀ ਸ਼ੁਰੂ ਹੋਣ ਜਾ ਰਿਹਾ ਹੈ।

**********

You May Also Like

More From Author

+ There are no comments

Add yours