ਵਿਧਾਇਕ ਅਜੀਤਪਾਲ ਸਿੰਘ ਕੋਹਲੀ ਵੱਲੋਂ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਸਰਕਾਰੀ ਮਾਡਲ ਟਾਊਨ ਸਕੂਲ ‘ਚ ਲੱਖਾਂ ਰੁਪਏ ਦੀ ਗ੍ਰਾਟਾਂ ਦੇ ਵਿਕਾਸ ਕਾਰਜ ਲੋਕ ਅਰਪਿਤ

1 min read
ਪਟਿਆਲਾ, 23 ਮਈ:
ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਅੱਜ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਡਲ ਟਾਊਨ ਪਟਿਆਲਾ ਵਿਖੇ ਲੱਖਾਂ ਰੁਪਏ ਦੀ ਗ੍ਰਾਂਟਾਂ ਨਾਲ ਹੋਏ ਵਿਕਾਸ ਕਾਰਜਾਂ ਨੂੰ ਵਿਦਿਆਰਥੀਆਂ ਦੇ ਸਮਰਪਿਤ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਅਤੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਸਿੱਖਿਆ ਖੇਤਰ ਵਿੱਚ ਲਾਮਿਸਾਲ ਕਾਰਜ ਕੀਤੇ ਹਨ।
ਵਿਧਾਇਕ ਕੋਹਲੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਿੱਖਿਆ ਤੇ ਸਿਹਤ ਪੰਜਾਬ ਸਰਕਾਰ ਦੀ ਮੁਢਲੀ ਤਰਜੀਹ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਗੁਣਵੱਤਾਪੂਰਨ ਸਿੱਖਿਆ ਅਤੇ ਅਨੁਕੂਲ ਸਿੱਖਣ-ਸਿਖਾਉਣ ਵਾਲਾ ਮਾਹੌਲ ਦੇਣ ਲਈ ਇਹ ਯਤਨ ਕੀਤੇ ਜਾ ਰਹੇ ਹਨ।ਉਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਨਾਲ ਪੰਜਾਬ ਵਿੱਚੋਂ ਨਸ਼ੇ ਖਤਮ ਕਰਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਿੱਖਿਆ ਕ੍ਰਾਂਤੀ ਤਹਿਤ ਨਵੇਂ ਬਣੇ ਸਮਾਰਟ ਕਲਾਸਰੂਮ, ਚਾਰਦੀਵਾਰੀ, ਪਖਾਨੇ ਅਤੇ ਮੁਰੰਮਤ ਕਾਰਜ ਵਿਦਿਆਰਥੀਆਂ ਲਈ ਅਹਿਮ ਤੇ ਮਹੱਤਵਪੂਰਨ ਹਨ।ਉਨ੍ਹਾਂ ਨੇ ਅੱਠਵੀਂ, ਦਸਵੀਂ ਅਤੇ ਬਾਰਵੀਂ ਜਮਾਤ ਦੇ ਮੈਰਿਟ ਹੋਲਡਰ ਅਤੇ ਚੰਗੇ ਨਤੀਜੇ ਲੈ ਕੇ ਆਏ ਵਿਦਿਆਰਥੀਆਂ ਦੀ ਵੀ ਸ਼ਲਾਘਾ ਕੀਤੀ ਅਤੇ ਸਨਮਾਨਿਤ ਕੀਤਾ । ਇਸ ਦੌਰਾਨ ਬੱਚਿਆਂ ਨੇ ਸੱਭਿਆਚਾਰਕ ਪ੍ਰੋਗਰਾਮ ਦੀ ਪੇਸ਼ਕਾਰੀ ਕੀਤੀ। ਸਕੂਲ ਮੁਖੀ ਨਰੇਸ਼ ਜੈਨ ਨੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨਾਂ ਅਤੇ ਪਤਵੰਤੇ ਸੱਜਣਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ।
ਇਸ ਮੌਕੇ ਡਿਪਟੀ ਡੀਈਓ ਰਵਿੰਦਰ ਪਾਲ ਸ਼ਰਮਾ, ਐਮ ਸੀ ਗੁਰਜੀਤ ਸਿੰਘ ਸਾਹਨੀ, ਸਿੱਖਿਆ ਕੋਆਰਡੀਨੇਟਰ ਅਮਿਤ ਡਾਬੀ, ਹਲਕਾ ਨੋਡਲ ਅਫਸਰ ਮਨੋਜ ਥਾਪਰ, ਬੀ ਐਨ ਓ ਲਲਿਤ ਸਿੰਗਲਾ, ਹੋਰ ਪਤਵੰਤੇ ਸੱਜਣ, ਅਧਿਆਪਕ, ਸਕੂਲ ਮੈਨੇਜਮੈਂਟ ਕਮੇਟੀ ਮੈਂਬਰ ਅਤੇ ਇਲਾਕੇ ਦੇ ਪਤਵੰਤੇ ਸੱਜਣ ਵੀ ਹਾਜ਼ਰ ਰਹੇ।

You May Also Like

More From Author

+ There are no comments

Add yours