ਪਟਿਆਲਾ ਜ਼ਿਲ੍ਹੇ ਦੇ ਹਰੇਕ ਵਿਅਕਤੀ ਦਾ ਬਣਾਇਆ ਜਾਵੇਗਾ ਹੈਲਥ ਆਈ.ਡੀ. ਕਾਰਡ : ਨਵਰੀਤ ਕੌਰ ਸੇਖੋਂ

1 min read

ਪਟਿਆਲਾ, 14 ਮਈ:
ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਨਵਰੀਤ ਕੌਰ ਸੇਖੋਂ ਨੇ ਕਿਹਾ ਕਿ ਆਯੁਸ਼ਮਾਨ ਭਾਰਤ ਸਿਹਤ ਖਾਤਾ (ਸਿਹਤ ਆਈ.ਡੀ. ਕਾਰਡ) ਪਟਿਆਲਾ ਜ਼ਿਲ੍ਹੇ ਦੇ ਹਰੇਕ ਵਿਅਕਤੀ ਦਾ ਬਣਾਇਆ ਜਾਵੇਗਾ। ਇਸ ਨਾਲ ਵਿਅਕਤੀ ਦੀ ਸਿਹਤ ਦਾ ਸਾਰਾ ਰਿਕਾਰਡ ਆਨ ਲਾਈਨ ਰਹੇਗਾ ਤੇ ਇਲਾਜ ਦੌਰਾਨ ਡਾਕਟਰ ਨੂੰ ਮਰੀਜ਼ ਦੀ ਸਿਹਤ ਸਮੱਸਿਆਵਾਂ ਨੂੰ ਸਮਝਣ ਵਿੱਚ ਮਦਦ ਮਿਲੇਗੀ। ਉਨ੍ਹਾਂ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਜ਼ਿਲ੍ਹੇ ਦੇ ਸਾਰੇ ਸਕੂਲਾਂ ਦੇ ਵਿਦਿਆਰਥੀਆਂ ਦੇ ਆਭਾ ਕਾਰਡ (ਆਯੁਸ਼ਮਾਨ ਭਾਰਤ ਸਿਹਤ ਖਾਤਾ) ਬਣਾਉਣ ਹਦਾਇਤ ਕੀਤੀ।
ਨਵਰੀਤ ਕੌਰ ਸੇਖੋਂ ਨੇ ਕਿਹਾ ਕਿ ਸਿਹਤ ਮੰਤਰਾਲੇ ਵੱਲੋਂ ਸਿਹਤ ਕਾਰਡ ਬਣਾਉਣ ਦੀ ਜੋ ਪਹਿਲਕਦਮੀ ਕੀਤੀ ਗਈ ਹੈ, ਇਸ ਨਾਲ ਹਰੇਕ ਵਿਅਕਤੀ ਦੀ ਸਿਹਤ ਦਾ ਸਾਰਾ ਰਿਕਾਰਡ ਆਨ ਲਾਈਨ ਹੋਣ ਨਾਲ ਡਾਕਟਰੀ ਇਲਾਜ ਅਤੇ ਸਿਹਤ ਸੰਭਾਲ ‘ਚ ਆਸਾਨੀ ਹੋਵੇਗੀ ਅਤੇ ਡਾਕਟਰਾਂ ਨੂੰ ਵੀ ਬਿਮਾਰੀ ਦਾ ਰਿਕਾਰਡ ਲੈਣ ਲਈ ਮਰੀਜ਼ ਜਾਂ ਫੇਰ ਮਰੀਜ਼ ਦੇ ਰਿਸ਼ਤੇਦਾਰਾਂ ‘ਤੇ ਨਿਰਭਰ ਨਹੀਂ ਰਹਿਣਾ ਪਵੇਗਾ।
ਇਸ ਮੌਕੇ ਸਿਵਲ ਸਰਜਨ ਡਾ. ਜਗਪਾਲਇੰਦਰ ਸਿੰਘ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ‘ਚ 46 ਫ਼ੀਸਦੀ ਵਿਅਕਤੀਆਂ ਦਾ ਆਭਾ ਕਾਰਡ ਬਣਾਇਆ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਹਸਪਤਾਲ ਵਿੱਚ ਆਉਣ ਵਾਲੇ ਹਰੇਕ ਮਰੀਜ਼ ਦਾ ਰਿਸੈੱਪਸ਼ਨ ਕਾਊਂਟਰ ‘ਤੇ ਹੀ ਇਹ ਕਾਰਡ ਬਣਾ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਹੈਲਥ ਆਈ.ਡੀ. ਜਾਂ ਆਭਾ ਨੰਬਰ ਨਾਲ ਜੁੜੇ ਸਿਹਤ ਰਿਕਾਰਡ ਦੀ ਜਾਣਕਾਰੀ ਸਿਰਫ਼ ਵਿਅਕਤੀ ਦੀ ਸਹਿਮਤੀ ਨਾਲ ਹੀ ਦੇਖੀ ਜਾ ਸਕਦੀ ਹੈ। ਇਸ ਕਾਰਡ ਵਿੱਚ ਮਰੀਜ਼ ਦੇ ਪਹਿਲਾਂ ਇਲਾਜ ਦਾ ਰਿਕਾਰਡ, ਬਲੱਡ ਗਰੁੱਪ, ਬਿਮਾਰੀ ਦੀ ਕਿਸਮ ਅਤੇ ਲਈ ਗਈ ਦਵਾਈ ਦੇ ਵੇਰਵੇ ਰਿਕਾਰਡ ਰਹਿਣਗੇ।
ਸਿਵਲ ਸਰਜਨ ਨੇ ਦੱਸਿਆ ਕਿ ਆਭਾ ਹੈਲਥ ਕਾਰਡ ਮੁਫ਼ਤ ‘ਚ ਬਣਾਇਆ ਜਾਂਦਾ ਹੈ ਤੇ ਇਸ ਨੂੰ ਬਣਾਉਣ ਲਈ ਆਧਾਰ ਕਾਰਡ ਜਾਂ ਡਰਾਈਵਿੰਗ ਲਾਇਸੰਸ ਵਰਗੇ ਦਸਤਾਵੇਜ਼ਾਂ ਦੀ ਜ਼ਰੂਰਤ ਹੁੰਦੀ ਹੈ ਤੇ ਇਹ ਹਰ ਵਿਅਕਤੀ ਨੂੰ ਜਾਰੀ ਹੋਣ ਵਾਲਾ 14 ਅੰਕਾਂ ਦਾ ਵਿਲੱਖਣ ਨੰਬਰ ਸਿਹਤ ਰਿਕਾਰਡ ਨੂੰ ਪੇਪਰ ਲੈਸ ਬਣਾਉਂਦਾ ਹੈ।
ਮੀਟਿੰਗ ‘ਚ  ਜ਼ਿਲ੍ਹਾ ਮੈਡੀਕਲ ਕਮਿਸ਼ਨਰ ਡਾ. ਜਸਵਿੰਦਰ ਸਿੰਘ, ਡਾ. ਸੁਮਿਤ ਸਿੰਘ, ਡਾ. ਆਸ਼ੀਸ਼ ਸ਼ਰਮਾ, ਡਾ. ਜੈਦੀਪ ਭਾਟੀਆ, ਡਾ. ਨੀਤੇਸ਼ ਬਾਂਸਲ ਸਮੇਤ ਸਮੂਹ ਐਸ.ਐਮ.ਓਜ਼ ਤੇ ਸਿੱਖਿਆ ਵਿਭਾਗ ਦੇ ਅਧਿਕਾਰੀ ਮੌਜੂਦ ਸਨ।

You May Also Like

More From Author

+ There are no comments

Add yours