ਪਟਿਆਲਾ, 2 ਮਈ:
ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪਟਿਆਲਾ ਜ਼ਿਲ੍ਹੇ ‘ਚ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੀਆਂ ਹਦਾਇਤਾਂ ਅਨੁਸਾਰ ਬਲਾਕ ਪੱਧਰ ‘ਤੇ ਵਿਲੇਜ ਡਿਫੈਂਸ ਕਮੇਟੀਆਂ (ਪਿੰਡਾਂ ਦੇ ਪਹਿਰੇਦਾਰ) ਦੀਆਂ ਬੈਠਕਾਂ ਸ਼ੁਰੂ ਹੋ ਗਈਆਂ ਹਨ। ਅੱਜ ਪਲੇਠੀ ਬੈਠਕ ‘ਚ ਪਟਿਆਲਾ ਤੇ ਸਮਾਣਾ ਬਲਾਕ ਦੇ ਬੀ.ਡੀ.ਪੀ.ਓ. ਸੁਖਵਿੰਦਰ ਸਿੰਘ ਟਿਵਾਣਾ ਦੀ ਅਗਵਾਈ ਹੇਠ ਪਿੰਡ ਖੇੜੀ ਮਾਨੀਆ ਪਿੰਡ ਦੁੱਧੜ ਤੇ ਸਮਾਣਾ ਵਿਖੇ 200 ਪਿੰਡਾਂ ਦੀਆਂ ਵਿਲੇਜ ਡਿਫੈਂਸ ਕਮੇਟੀਆਂ ਦੀਆਂ ਮੀਟਿੰਗ ਕਰਕੇ ਇਨ੍ਹਾਂ ਪਿੰਡਾਂ ਦੀਆਂ ਕਮੇਟੀਆਂ ਨੂੰ ਨਸ਼ਿਆਂ ਖ਼ਿਲਾਫ਼ ਲਾਮਬੰਦ ਕੀਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਬੀ.ਡੀ.ਪੀ.ਓ. ਪਟਿਆਲਾ ਸੁਖਵਿੰਦਰ ਸਿੰਘ ਟਿਵਾਣਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿਚੋਂ ਨਸ਼ਿਆਂ ਦੇ ਪੂਰਨ ਖਾਤਮੇ ਲਈ ਪਿੰਡ ਪੱਧਰ ‘ਤੇ ਵਿਲੇਜ ਡਿਫੈਂਸ ਕਮੇਟੀਆਂ (ਪਿੰਡਾਂ ਦੇ ਪਹਿਰੇਦਾਰ) ਦਾ ਗਠਨ ਕੀਤਾ ਗਿਆ ਹੈ, ਜੋ ਪਿੰਡ ਵਿੱਚ ਨਸ਼ਾ ਵੇਚਣ ਵਾਲੇ ਤੇ ਨਸ਼ਾ ਕਰਨ ਵਾਲਿਆਂ ‘ਤੇ ਬਾਜ ਅੱਖ ਰੱਖਣਗੀਆਂ ਤੇ ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਨਾਲ ਰਾਬਤਾ ਰੱਖਕੇ ਪਿੰਡਾਂ ‘ਚੋਂ ਨਸ਼ਿਆਂ ਦਾ ਖਾਤਮਾ ਕਰਵਾਉਣਗੀਆਂ।
ਸੁਖਵਿੰਦਰ ਸਿੰਘ ਟਿਵਾਣਾ ਨੇ ਕਿਹਾ ਕਿ ਨਸ਼ਿਆਂ ਦੇ ਖਾਤਮੇ ‘ਚ ਵਿਲੇਜ ਡਿਫੈਂਸ ਕਮੇਟੀ ਦਾ ਅਹਿਮ ਰੋਲ ਹੋਵੇਗਾ, ਕਿਉਂਕਿ ਇਸ ਕਮੇਟੀ ਦੇ ਜੋ ਮੈਂਬਰ ਹਨ, ਉਹ ਪਿੰਡ ਦਾ ਸਰਪੰਚ, ਆਂਗਣਵਾੜੀ ਵਰਕਰ, ਆਸ਼ਾ ਵਰਕਰ, ਪੰਚਾਇਤ ਸਕੱਤਰ ਤੇ ਜ਼ੈਲਦਾਰ ਹਨ, ਜੋ ਆਪਣੇ ਪਿੰਡ ਬਾਰੇ ਸਭ ਤੋਂ ਵੱਧ ਜਾਣਦੇ ਹੁੰਦੇ ਹਨ ਤੇ ਹਰੇਕ ਪਿੰਡ ਵਾਸੀ ਨਾਲ ਇਨ੍ਹਾਂ ਦਾ ਸਿੱਧਾ ਰਾਬਤਾ ਹੁੰਦਾ ਹੈ।
ਉਨ੍ਹਾਂ ‘ਪਿੰਡ ਦੇ ਪਹਿਰੇਦਾਰ’ ਸਿਰਲੇਖ ਹੇਠ ਬਣਾਈਆਂ ਇਨ੍ਹਾਂ ਵਿਲੇਜ ਡਿਫੈਂਸ ਕਮੇਟੀਆਂ ਨਾਲ ਅੱਜ ਪਲੇਠੀ ਮੀਟਿੰਗ ਕਰਦਿਆਂ ਕਮੇਟੀ ਦੇ ਕੰਮ, ਜ਼ਿੰਮੇਵਾਰੀਆਂ, ਪ੍ਰਸ਼ਾਸਨ ਨਾਲ ਰਾਬਤਾ, ਨਸ਼ਾ ਵੇਚਣ ਵਾਲੇ ਤੇ ਨਸ਼ਾ ਕਰਨ ਵਾਲਿਆਂ ਸਬੰਧੀ ਸੂਚਨਾ ਦੇਣ ਸਮੇਤ ਪਿੰਡ ਪੱਧਰ ‘ਤੇ ਜਾਗਰੂਕਤਾ ਮੁਹਿੰਮ ਚਲਾਉਣ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕਮੇਟੀ ਸਾਰੇ ਪਿੰਡ ਵਾਲਿਆਂ ਨੂੰ ਨਾਲ ਲੈਕੇ ਨਸ਼ਿਆਂ ਖ਼ਿਲਾਫ਼ ਮੁਹਿੰਮ ਨੂੰ ਘਰ ਘਰ ਪਹੁੰਚਾਵੇ ਤਾਂ ਜੋ ਨਸ਼ਿਆਂ ਦੀ ਇਸ ਅਲਾਮਤ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕੇ।
ਬੈਠਕ ਦੌਰਾਨ ਪਿੰਡ ਦੁਘਾਟ ਦੇ ਸਰਪੰਚ ਬਹਾਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਪਿੰਡ ਵਿੱਚ ਜੇਕਰ ਕੋਈ ਨਸ਼ਾ ਵੇਚਣ ਆਉਂਦਾ ਹੈ ਤਾਂ ਇਸ ਸਬੰਧੀ ਸੂਚਨਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤੀ ਜਾ ਰਹੀ ਹੈ ਤੇ ਨਸ਼ਾ ਕਰਨ ਵਾਲਿਆਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਵੀ ਕੀਤਾ ਜਾ ਰਿਹਾ ਹੈ। ਪਿੰਡ ਖੇੜੀ ਮਾਨੀਆ ਦੇ ਪੰਚਾਇਤ ਮੈਂਬਰ ਗੁਰਸੇਵਕ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਨਸ਼ਿਆਂ ਨੂੰ ਜੜ੍ਹ ਤੋਂ ਖਤਮ ਕਰਨ ਲਈ ਜੋ ਫੈਸਲੇ ਲਏ ਹਨ, ਇਨ੍ਹਾਂ ਫੈਸਲਿਆਂ ਨੇ ਸਾਨੂੰ ਵੀ ਇਸ ਮੁਹਿੰਮ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਹੈ। ਪਿੰਡ ਖੇੜੀ ਮਾਨੀਆ ਦੀ ਪੰਚਾਇਤ ਨਸ਼ਿਆਂ ਦੇ ਖਾਤਮੇ ਲਈ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦੇਵੇਗੀ। ਸਮੂਹ ਪਿੰਡਾਂ ਦੇ ਵਾਸੀਆਂ ਨੇ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਦੀ ਭਰਵੀਂ ਸ਼ਲਾਘਾ ਕੀਤੀ।
ਫੋਟੋ: ਬਲਾਕ ਪਟਿਆਲਾ ਦੇ ਪਿੰਡਾਂ ਦੀਆਂ ਵਿਲੇਜ ਡਿਫੈਂਸ ਕਮੇਟੀਆਂ ਦੀ ਮੀਟਿੰਗ ‘ਚ ਸ਼ਾਮਲ ਹੁੰਦੇ ਹੋਏ ਪਿੰਡ ਦੇ ਪਹਿਰੇਦਾਰ।
ਪਟਿਆਲਾ ਜ਼ਿਲ੍ਹੇ ਦੇ 200 ਪਿੰਡਾਂ ਦੀਆਂ ਵਿਲੇਜ ਡਿਫੈਂਸ ਕਮੇਟੀਆਂ ਵੱਲੋਂ ਬੈਠਕਾਂ

+ There are no comments
Add yours