ਗੁਰਦਾਸਪੁਰ ਦਾ ਮਾਧਵ ਸ਼ਰਮਾ ਭਾਰਤੀ ਫ਼ੌਜ ਦੀ ਆਰਟਿਲਰੀ ਰੈਜੀਮੈਂਟ ਵਿੱਚ ਬਣਿਆ ਲੈਫਟੀਨੈਂਟ

1 min read

ਚੰਡੀਗੜ੍ਹ, 8 ਮਾਰਚ:

ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ ਕੈਡਿਟ ਮਾਧਵ ਸ਼ਰਮਾ ਨੇ ਅੱਜ ਚੇਨਈ ਦੀ ਆਫ਼ਿਸਰਜ਼ ਟ੍ਰੇਨਿੰਗ ਅਕੈਡਮੀ (ਓ.ਟੀ.ਏ) ਵਿਖੇ ਪਾਸਿੰਗ ਆਊਟ ਪਰੇਡ ਦੌਰਾਨ ਲੈਫਟੀਨੈਂਟ ਵਜੋਂ ਭਾਰਤੀ ਫ਼ੌਜ ਦੇ ਆਰਟਿਲਰੀ ਰੈਜੀਮੈਂਟ ਵਿੱਚ ਕਮਿਸ਼ਨ ਹਾਸਲ ਕੀਤਾ ਹੈ। ਇਸ ਪਾਸਿੰਗ ਆਊਟ ਪਰੇਡ ਦਾ ਨਿਰੀਖਣ ਚੀਫ਼ ਆਫ਼ ਇੰਟੀਗ੍ਰੇਟਿਡ ਡਿਫੈਂਸ ਸਟਾਫ਼ ਲੈਫਟੀਨੈਂਟ ਜਨਰਲ ਜੌਹਨਸਨ ਪੀ ਮੈਥਿਊ, ਪੀ.ਵੀ.ਐਸ.ਐਮ., ਯੂ.ਵਾਈ.ਐਸ.ਐਮ., ਏ.ਵੀ.ਐਸ.ਐਮ., ਵੀ.ਐਸ.ਐਮ., ਵੱਲੋਂ ਕੀਤਾ ਗਿਆ।

ਅੱਜ ਇੱਥੇ ਇਹ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ ਨੇ ਮਾਧਵ ਸ਼ਰਮਾ ਨੂੰ ਰਾਸ਼ਟਰ ਦੀ ਸੇਵਾ ਵਿੱਚ ਸੁਨਹਿਰੀ ਭਵਿੱਖ ਲਈ ਹਾਰਦਿਕ ਵਧਾਈ ਦਿੱਤੀ।

ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ 8ਵੇਂ ਕੋਰਸ ਦੇ ਕੈਡਿਟ ਲੈਫਟੀਨੈਂਟ ਮਾਧਵ ਸ਼ਰਮਾ ਦੇ ਮਾਤਾ ਸ੍ਰੀਮਤੀ ਗੋਪੀ ਰੰਜਨ ਸਰਕਾਰੀ ਹਾਈ ਸਕੂਲ, ਜੋਗੀ ਚੀਮਾ ਵਿਖੇ ਮੁੱਖ ਅਧਿਆਪਕ ਹਨ ਅਤੇ ਉਨ੍ਹਾਂ ਦੇ ਪਿਤਾ ਸਵਰਗੀ ਸ੍ਰੀ ਹਤਿੰਦਰ ਸ਼ਰਮਾ ਹਨ। ਆਫ਼ਿਸਰਜ਼ ਟ੍ਰੇਨਿੰਗ ਅਕੈਡਮੀ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਮਾਧਵ ਆਈ.ਬੀ., ਅੰਮ੍ਰਿਤਸਰ ਵਿਖੇ ਸੁਰੱਖਿਆ ਸਹਾਇਕ ਵਜੋਂ ਆਪਣੀ ਸੇਵਾ ਨਿਭਾ ਚੁੱਕੇ ਹਨ।

ਉਨ੍ਹਾਂ ਕਿਹਾ ਕਿ ਮਾਧਵ ਸ਼ਰਮਾ ਦੇ ਕਮਿਸ਼ਨਡ ਹੋਣ ਨਾਲ ਇਸ ਸੰਸਥਾ ਦੇ ਹਥਿਆਰਬੰਦ ਬਲਾਂ ਵਿੱਚ ਕਮਿਸ਼ਨਡ ਅਫਸਰ ਬਣੇ ਕੈਡਿਟਾਂ ਦੀ ਕੁੱਲ ਗਿਣਤੀ 170 ਹੋ ਗਈ ਹੈ।

ਇਸ ਸੰਸਥਾ ਦੇ ਡਾਇਰੈਕਟਰ ਮੇਜਰ ਜਨਰਲ ਅਜੈ ਐਚ ਚੌਹਾਨ, ਵੀ.ਐਸ.ਐਮ. (ਸੇਵਾਮੁਕਤ) ਨੇ ਦੱਸਿਆ ਕਿ ਇਸ ਮਹੀਨੇ ਦੇ ਆਖ਼ਿਰ ਤੱਕ ਸੰਸਥਾ ਦੇ ਦੋ ਕੈਡਿਟ ਓ.ਟੀ.ਏ., ਗਯਾ ਵਿਖੇ ਐਸ.ਐਸ.ਸੀ. ਟੈੱਕ-64 ਕੋਰਸ ਵਿੱਚ ਸ਼ਾਮਲ ਹੋਣਗੇ। ਦੱਸਣਯੋਗ ਹੈ ਕਿ ਦਸੰਬਰ 2024 ਵਿੱਚ ਅੰਡਰਗ੍ਰੈਜੁਏਟ ਸਿਖਲਾਈ ਅਕਾਦਮੀਆਂ ਵਿੱਚ ਸ਼ਾਮਲ ਹੋਣ ਵਾਲੇ 14 ਕੈਡਿਟਾਂ ਤੋਂ ਬਾਅਦ, ਸੰਸਥਾ ਦੇ 32 ਕੈਡਿਟਾਂ ਨੇ ਐਸ.ਐਸ.ਬੀ. ਇੰਟਰਵਿਊ ਪਾਸ ਕਰ ਲਿਆ ਹੈ ਅਤੇ ਇਹ ਕੈਡਿਟ ਜੂਨ 2025 ਵਿੱਚ ਸ਼ੁਰੂ ਹੋਣ ਵਾਲੇ ਕੋਰਸਾਂ ਲਈ ਜੁਆਇਨਿੰਗ ਲੈਟਰਾਂ ਦੀ ਉਡੀਕ ਕਰ ਰਹੇ ਹਨ। ਸਤੰਬਰ 2024 ਵਿੱਚ ਐਨ.ਡੀ.ਏ. ਲਿਖਤੀ ਪ੍ਰੀਖਿਆ ਪਾਸ ਕਰਨ ਵਾਲੇ ਸੰਸਥਾ ਦੇ 34 ਵਿੱਚੋਂ 26 ਕੈਡਿਟ ਨੇ ਐਸ.ਐਸ.ਬੀ. ਇੰਟਰਵਿਊ ਪਾਸ ਕਰਕੇ ਨਵਾਂ ਰਿਕਾਰਡ ਬਣਾਇਆ ਹੈ।

You May Also Like

More From Author

+ There are no comments

Add yours