ਡਿਪਟੀ ਕਮਿਸ਼ਨਰ ਵੱਲੋਂ ਸ਼ਹਿਰ ਬਰਸਾਤੀ ਪਾਣੀ ਦੀ ਨਿਕਾਸੀ ਦਰੁਸਤ ਕਰਨ ਲਈ ਸਖ਼ਤ ਨਿਰਦੇਸ਼

1 min read
ਪਟਿਆਲਾ, 1 ਮਾਰਚ:
ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅੱਜ ਨਗਰ ਨਿਗਮ, ਸੀਵਰੇਜ ਬੋਰਡ ਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਸ਼ਹਿਰ ਵਿੱਚੋਂ ਬਰਸਾਤੀ ਪਾਣੀ ਦੀ ਨਿਕਾਸੀ ਦਰੁਸਤ ਕਰਨ ਦੇ ਸਖ਼ਤ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਵੱਖ-ਵੱਖ ਅਧਿਕਾਰੀਆਂ ਨੂੰ ਨਾਲ ਲੈਕੇ ਲੀਲ੍ਹਾ ਭਵਨ, ਪੁਰਾਣਾ ਬੱਸ ਸਟੈਂਡ, ਪਾਸੀ ਰੋਡ ਤੋਂ ਸਟੇਟ ਕਾਲਜ ਸੜਕ ਸਮੇਤ ਬਰਸਾਤੀ ਪਾਣੀ ਖੜ੍ਹੇ ਹੋਣ ਵਾਲੀਆਂ ਹੋਰ ਨੀਂਵੀਆਂ ਥਾਵਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਨਵਾਂ ਬੱਸ ਅੱਡੇ ਨੇੜੇ ਇੰਟਰਲਾਕਿੰਗ ਲੱਗ ਰਹੀਆਂ ਟਾਇਲਾਂ ਦੇ ਕੰਮ ਦਾ ਵੀ ਨਿਰੀਖਣ ਕੀਤਾ।
ਡਿਪਟੀ ਕਮਿਸ਼ਨਰ ਨੇ ਸ਼ਹਿਰ ਦਾ ਦੌਰਾ ਕਰਦਿਆਂ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਕਿਹਾ ਕਿ ਕਿਸੇ ਵੀ ਵਿਭਾਗ ਨੂੰ ਇਸ ਗੱਲ ਦੀ ਇਜ਼ਾਜਤ ਨਹੀਂ ਦਿੱਤੀ ਜਾ ਸਕਦੀ ਕਿ ਵਿਭਾਗਾਂ ਦੀ ਗ਼ਲਤੀ ਕਰਕੇ ਸ਼ਹਿਰ ਵਾਸੀ ਬਰਸਾਤ ਦੇ ਦਿਨਾਂ ਵਿੱਚ ਪਾਣੀ ਦੀ ਸਹੀ ਨਿਕਾਸੀ ਨਾ ਹੋਣ ਕਾਰਨ ਮੁਸ਼ਕਿਲਾਂ ਦਾ ਸਾਹਮਣਾ ਕਿਉਂ ਕਰਨ। ਉਨ੍ਹਾਂ ਕਿਹਾ ਕਿ ਨਗਰ ਨਿਗਮ ਇਹ ਯਕੀਨੀ ਬਣਾਵੇ ਕਿ ਜਦੋਂ ਵੀ ਬਰਸਾਤ ਪਵੇ ਤਾਂ ਉਸੇ ਵਕਤ ਨਗਰ ਨਿਗਮ ਦੀਆਂ ਟੀਮਾਂ ਨੀਂਵੇਂ ਥਾਵਾਂ ਵਿੱਚੋਂ ਪਾਣੀ ਦੀ ਨਿਕਾਸੀ ਲਈ ਤੁਰੰਤ ਪੁੱਜ ਕੇ ਕੰਮ ਸ਼ੁਰੂ ਕਰਨ ਤਾਂ ਕਿ ਕਿਸੇ ਸ਼ਹਿਰ ਵਾਸੀ ਨੂੰ ਕੋਈ ਸਮੱਸਿਆ ਨਾ ਆਵੇ।
ਡਾ. ਪ੍ਰੀਤੀ ਯਾਦਵ ਨੇ ਜਲ ਸਪਲਾਈ ਤੇ ਸੀਵਰੇਜ ਬੋਰਡ ਅਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਐਲ ਐਂਡ ਟੀ ਵੱਲੋਂ ਸ਼ਹਿਰ ਵਿੱਚ ਪਾਈਆਂ ਜਾ ਰਹੀਆਂ ਨਹਿਰੀ ਪਾਣੀ ਦੀਆਂ ਪਾਇਪਾਂ ਕਰਕੇ ਪੁੱਟੀਆਂ ਸੜਕਾਂ ਦੀ ਜਿੱਥੇ ਮੁਰੰਮਤ ਹੋ ਰਹੀ ਹੈ, ਉਥੇ ਕੰਮ ਦੀ ਗੁਣਵੱਤਾ ‘ਚ ਕੋਈ ਸਮਝੌਤਾ ਨਾ ਕੀਤਾ ਜਾਵੇ ਅਤੇ ਸਹੀ ਮਾਪਦੰਡ ਅਪਣਾਏ ਜਾਣ। ਉਨ੍ਹਾਂ ਕਿਹਾ ਕਿ ਕਿਸੇ ਮਾਮਲੇ ‘ਚ ਜੇਕਰ ਕੋਈ ਕੁਤਾਹੀ ਸਾਹਮਣੇ ਆਈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਸੇ ਦੌਰਾਨ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਬਬਨਦੀਪ ਸਿੰਘ ਵਾਲੀਆ ਨੇ ਦੱਸਿਆ ਕਿ ਬੀਤੀ ਸ਼ਾਮ ਪਏ ਮੀਂਹ ਦੌਰਾਨ ਨਗਰ ਨਿਗਮ ਦੀਆਂ ਟੀਮਾਂ ਨੇ ਚਰਨ ਬਾਗ, ਪੁਰਾਣੇ ਬੱਸ ਅੱਡੇ ਨੇੜੇ ਪੁੱਲ ਦੇ ਹੇਠਾਂ, ਸਿਵਲ ਲਾਈਨ ਤੇ ਹੋਰ ਥਾਵਾਂ ‘ਤੇ ਪਾਣੀ ਦੀ ਨਿਕਾਸੀ ਤੇਜ ਕੀਤੀ ਸੀ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਨਗਰ ਨਿਗਮ ਵੱਲੋਂ ਸੀਵਰੇਜ ਲਾਈਨਾਂ ਦੀ ਸਫ਼ਾਈ ਵੱਡੇ ਪੱਧਰ ‘ਤੇ ਕਰਵਾਈ ਜਾ ਰਹੀ ਹੈ ਤਾਂ ਕਿ ਪਾਣੀ ਦੀ ਨਿਕਾਸੀ ‘ਚ ਕੋਈ ਰੁਕਾਵਟ ਨਾ ਆਵੇ।
ਇਸ ਮੌਕੇ ਸਹਾਇਕ ਕਮਿਸ਼ਨਰ (ਜ) ਰਿਚਾ ਗੋਇਲ, ਲੋਕ ਨਿਰਮਾਣ ਵਿਭਾਗ ਦੇ ਐਕਸੀਐਨ ਪਿਯੂਸ਼ ਅਗਰਵਾਲ, ਸੀਵਰੇਜ ਬੋਰਡ ਦੇ ਐਕਸੀਐਨ ਵਿਕਾਸ ਧਵਨ, ਐਸ.ਡੀ.ਓ. ਸੰਜੇ ਜਿੰਦਲ, ਨਗਰ ਨਿਗਮ ਦੇ ਐਸ.ਡੀ.ਓਜ ਮੁਨੀਸ਼ ਕੁਮਾਰ ਤੇ ਅਮਰਿੰਦਰ ਸਿੰਘ, ਐਲ ਐਂਡ ਟੀ ਦੇ ਪ੍ਰਾਜੈਕਟ ਮੈਨੇਜਰ ਸੁਖਦੇਵ ਝਾਅ ਸਮੇਤ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

You May Also Like

More From Author

+ There are no comments

Add yours